ਲੰਗਰ ਉਪਰ ਜੀ ਐਸ ਟੀ ਲਗਾਉਣ ਦੇ ਰੋਸ ਵਜੋਂ ਹਰਸਿਮਰਤ ਕੌਰ ਬਾਦਲ ਅਸਤੀਫਾ ਦੇਵੇ : ਜੇ ਪੀ ਸਿੰਘ

ਐਸ ਏ ਐਸ ਨਗਰ, 22 ਜੁਲਾਈ (ਸ.ਬ.) ਕੇਂਦਰ ਦੀ ਮੋਦੀ ਸਰਕਾਰ ਵੱਲੋਂ ਗੁਰਦੁਆਰਿਆਂ ਵਿੱਚ ਵਰਤਾਏ ਜਾਂਦੇ ਲੰਗਰ ਅਤੇ ਕੜਾਹ ਪ੍ਰਸ਼ਾਦਿ ਉਪਰ ਵੀ ਜੀ ਐਸ ਟੀ ਲਾਗੂ ਕੀਤੇ ਜਾਣ ਦੇ ਰੋਸ ਵਜੋਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ| ਇਹ ਵਿਚਾਰ ਮੁਹਾਲੀ ਤੋਂ ਅਕਾਲੀ ਦਲ ਬਾਦਲ ਦੀ ਟਿਕਟ ਤੇ ਸ਼੍ਰੋਮਣੀ ਕਮੇਟੀ ਦੀ ਚੋਣ ਲੜ ਚੁੱਕੇ ਉਮੀਦਵਾਰ ਸ. ਜਤਿੰਦਰਪਾਲ ਸਿੰਘ ਜੇ ਪੀ ਨੇ ਇਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ|
ਸ. ਜੇ ਪੀ ਸਿੰਘ ਨੇ ਕਿਹਾ ਕਿ ਭਾਜਪਾ ਨਾਲ ਅਕਾਲੀ ਦਲ ਦੀ ਪੁਰਾਣੀ ਸਾਂਝ ਹੈ ਅਤੇ ਦੋਵੇਂ ਆਪਸੀ ਗੱਠਜੋੜ ਰਾਹੀਂ ਹੀ ਹਰ ਚੋਣਾਂ ਲੜਦੀਆਂ ਹਨ| ਭਾਜਪਾ ਨਾਲ ਭਾਈਵਾਲੀ ਹੋਣ ਕਰਕੇ ਹੀ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰ ਵਿੱਚ ਮੰਤਰੀ ਬਣਾਇਆ ਹੋਇਆ ਹੈ| ਉਹਨਾਂ ਕਿਹਾ ਕਿ ਹੁਣ ਭਾਜਪਾ ਸਰਕਾਰ ਵੱਲੋਂ ਪੂਰੇ ਦੇਸ਼ ਵਿੱਚ ਜੀ ਐਸ ਟੀ ਲਾਗੂ ਕਰਦਿਆਂ ਗੁਰਦੁਆਰਿਆਂ ਵਿੱਚ ਵਰਤਾਏ ਜਾਂਦੇ ਲੰਗਰ ਅਤੇ ਕੜਾਹ ਪ੍ਰਸ਼ਾਦਿ ਉਪਰ ਵੀ ਜੀ ਐਸ ਟੀ ਲਗਾ ਦਿਤਾ ਹੈ| ਜਿਸ ਕਾਰਨ ਸਿੱਖਾਂ ਵਿੱਚ ਰੋਸ ਦੀ ਲਹਿਰ ਫੈਲ ਗਈ ਹੈ| ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਸੀਨੀਅਰ ਅਕਾਲੀ ਆਗੂਆਂ ਦੀ ਚੁੱਪੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੀ ਹੈ ਅਤੇ ਆਮ ਸਿੱਖ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੱਲ ਵੇਖ ਰਹੇ ਹਨ ਕਿ ਉਹ ਇਸ ਸੰਬੰਧੀ ਕੀ ਸਟੈਂਡ ਲੈਂਦੀ ਹੈ|
ਉਹਨਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਜੀ ਐਸ ਟੀ ਤੋਂ ਦੱਖਣ ਦੇ ਇਕ ਵੱਡੇ ਮੰਦਰ ਨੂੰ ਤਾਂ ਛੋਟ ਦੇ ਦਿਤੀ ਹੈ ਪਰ ਸਿੱਖਾਂ ਦੇ ਗੁਰਦਆਰਿਆਂ ਵਿੱਚ ਮਿਲਦੇ ਮੁਫਤ ਲੰਗਰ ਅਤੇ ਕੜਾਹ ਪ੍ਰਸ਼ਾਦਿ ਉੱਪਰ ਜੀ ਐਸ ਟੀ ਲਾਗੂ ਕਰ ਦਿਤਾ ਗਿਆ ਹੈ| ਉਹਨਾਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਵੱਲੋਂ ਜਦੋਂ ਵੀ ਲੰਗਰ ਲਈ ਰਸਦ, ਉਸਾਰੀ ਲਈ ਇੱਟਾਂ, ਸੀਮੈਂਟ ਤੇ ਹੋਰ ਸਮਾਨ ਖਰੀਦੇ ਜਾਂਦੇ ਹਨ ਤਾਂ ਪੂਰੇ ਟੈਕਸ ਅਦਾ ਕੀਤੇ ਜਾਂਦੇ ਹਨ| ਪਰ ਫਿਰ ਵੀ ਮੋਦੀ ਸਰਕਾਰ ਨੇ ਪ੍ਰਸ਼ਾਦ ਉੱਪਰ ਜੀ ਐਸ ਟੀ ਲਾਗੂ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ  ਹੈ|
ਉਹਨਾਂ ਕਿਹਾ ਕਿ ਸਿੱਖਾਂ ਵਿੱਚ ਇਹ ਭਵਨਾ ਜੋਰ ਫੜ ਰਹੀ ਹੈ ਕਿ ਕੇਂਦਰ ਸਰਕਾਰ ਵੱਲੋਂ ਕੜਾਹ ਪ੍ਰਸ਼ਾਦਿ ਉਪਰ ਜੀ ਐਸ ਟੀ ਲਗਾਉਣ ਵਿਰੁੱਧ ਅਕਾਲੀ ਦਲ ਨੂੰ ਭਾਜਪਾ ਨਾਲੋਂ ਆਪਣੀ ਸਾਂਝ ਤੋੜ ਲੈਣੀ ਚਾਹੀਦੀ ਹੈ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਵੀ ਰੋਸ ਵਜੋਂ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ|

Leave a Reply

Your email address will not be published. Required fields are marked *