ਲੰਗਾਹ ਮਾਮਲੇ ਵਿਚ ਬਾਦਲ ਪਿਓ ਪੁੱਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਉਪਰ ਤਲਬ ਕੀਤਾ ਜਾਵੇ : ਬੀਰ ਦਵਿੰਦਰ ਸਿੰਘ

ਪਟਿਆਲਾ, 2 ਅਕਤੂਬਰ (ਸ.ਬ.) ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ ਬੀਰ ਦਵਿੰਦਰ ਸਿੰਘ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੰਗ ਕੀਤੀ ਹੈ ਕਿ ਸੀਨੀਅਰ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਮਾਮਲੇ ਵਿਚ ਪ੍ਰਕਾਸ਼ ਸਿੰਘ ਬਾਦਲ ਅਤੇ ਉਹਨਾਂ ਦੇ ਪੁੱਤਰ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖਤ ਉਪਰ ਤਲਬ ਕੀਤਾ ਜਾਵੇ|
ਉਹਨਾਂ ਕਿਹਾ ਕਿ ਦੁੱਖ ਤਾਂ ਇਸ ਗੱਲ ਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮਾਲਕ ‘ਬਾਦਲ ਪਰਿਵਾਰ’ ਨੇ ਕਿਹੋ ਜਿਹੇ ਬੰਦਿਆਂ ਦੀ ਚੋਣ ਕਰਕੇ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜੇਹੀ ਸਿੱਖਾਂ ਦੀ ਸਿਰਮੌਰ ਸੰਸਥਾ ਵਿੱਚ ਚੁਣਕੇ ਭੇਜੇ ਹਨ| ਅਫ਼ਸੋਸ ਹੈ ਕਿ ਜਿਨ੍ਹਾਂ ਲੋਕਾਂ ਦੇ ਨਾਮ ਮੁਤੱਲਕਾ ਥਾਣਿਆਂ ਦੀ ਕਿਤਾਬ ਨੰਬਰ-10 ਦੀ ਸੂਚੀ ਵਿੱਚ ‘ਬਦ-ਕਿਰਦਾਰਾਂ’ ਵੱਜੋਂ ਦਰਜ ਹੋਣ ਤੇ ਉਨ੍ਹਾਂ ਦੀਆਂ ਫੋਟੋਆਂ, ਮੁਤੱਲਕਾ ਥਾਣੇ ਦੇ ਚੋਣਵੇਂ ‘ਬਦਮਾਸ਼ਾਂ’ ਵੱਜੋਂ ਥਾਣਿਆਂ ਵਿੱਚ ਲਟਕਾਈਆਂ ਗਈਆਂ ਹੋਣ, ਅਜਿਹੇ ਬੰਦਿਆਂ ਨੂੰ ਬਾਦਲਾਂ ਨੇ ਦੋ-ਦੋ ਵਾਰ ਕੈਬਨਿਟ ਦੀਆਂ ਵਜ਼ੀਰੀਆਂ ਤੇ ਕਮਾਊ ਮਹਿਕਮਿਆ ਨਾਲ ਨਿਵਾਜਿਆ ਹੈ| ਹੁਣ ਇਸ ਸਾਰੀ ਗੰਦਗੀ ਦੇ ਨੰਗ ਤੇ ਬਦਬੂ ਦੇ ਜੱਗਜ਼ਾਹਰ ਹੋਣ ਨਾਲ ‘ਬਾਦਲ ਪਰਿਵਾਰ’ ਦੀ ਸਿਆਣਪ ਤੇ ਸ਼ਰਾਫ਼ਤ ਦਾ ਦਿਵਾਲ਼ਾ ਵੀ ਨਾਲ ਹੀ ਨਿਕਲ ਗਿਆ ਹੈ|
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਸੀਨੀਅਰ ਆਗੂ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਲੰਗਾਹ ਆਪਣੀਆਂ ਕਰਤੂਤਾਂ ਕਾਰਨ, ਅੱਜ ਪੂਰੇ ਇਨਸਾਨੀ ਸਮਾਜ ਦੀਆਂ ਨਜ਼ਰਾਂ ਵਿੱਚੋਂ ਗਿਰ ਚੁੱਕਿਆ ਹੈ ਤੇ ਉਸ ਦਾ ਸਿੱਖੀ ਦੇ ਸੁੱਚੇ ਆਦਰਸ਼ਾਂ ਅਨੁਸਾਰ, ਹੁਣ ਸਿੱਖ ਭਾਈਚਾਰੇ ਵਿੱਚ ਕੋਈ ਸਥਾਨ ਨਹੀਂ ਰਹਿ ਗਿਆ ਹੈ, ਅਜਿਹੇ ਦਾਗੀ ਕਿਰਦਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਜਿਹੇ ਪਵਿੱਤਰ ਅਸਥਾਨ ਤੇ ਤਲਬ ਕਰਨ ਦੀ ਕੋਈ ਤੁਕ ਹੀ ਨਹੀਂ ਬਣਦੀ ਤੇ ਨਾ ਹੀ ਕਿਸੇ ਸਿੱਖ ਸੰਸਥਾ ਜਾਂ ਸਿੱਖ ਜਥੇਬੰਦੀ ਨੂੰ ਅਜਿਹੀ ਮੰਗ ਹੀ ਕਰਨੀ ਚਾਹੀਦੀ ਹੈ|
ਉਹਨਾਂ ਕਿਹਾ ਕਿ ਹੁਣ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਚਾਹੀਦਾ ਹੈ ਕਿ ‘ਪੰਜੇ ਸਿੱਖ ਤਖਤਾਂ’ ਦੀ ਦੇਖ ਰੇਖ ਵਿੱਚ ਇੱਕ ਅਜਿਹੀ ਪੜਤਾਲੀਆ ਕਮੇਟੀ ਦਾ ਗਠਨ ਕੀਤਾ ਜਾਵੇ ਜੋ ਅਜਿਹੇ ਤੱਤਾਂ ਦੀ ਪਹਿਚਾਣ ਕਰਕੇ….’ਧਰਮ ਦੇ ਮਖੌਟੇ ਪਹਿਨ ਕੇ’ ਕੁਕਰਮ ਕਰਦੇ ਹਨ, ਉਨ੍ਹਾਂ ਨੂੰ ਗੁਰਦਵਾਰਾ ਪ੍ਰਬੰਧ ਵਿੱਚੋਂ, ਤੁਰੰਤ ਪ੍ਰਭਾਵ ਨਾਲ ਲਾਂਭੇ ਕੀਤਾ ਜਾਵੇ| ਉਹਨਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਤੁਰੰਤ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ, ਲੰਗਾਹ ਵਰਗੇ ਬਦਕਾਰ ਕਿਰਦਾਰਾਂ ਨੂੰ, ਸਿੱਖ ਧਰਮ ਅਸਥਾਨਾਂ ਅਤੇ ਗੁਰਦੁਆਰਾ ਪ੍ਰਬੰਧਾਂ ਤੇ ਠੋਸਣ ਲਈ ਜ਼ਿੰਮੇਵਾਰ ਠਹਿਰਾਇਆ ਜਾਵੇ ਅਤੇ ਸਿੱਖ ਮਰਿਆਦਾ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ‘ਤਨਖਾਹ’ ਲਾਈ ਜਾਵੇ|
ਉਹਨਾਂ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਇਹ ਦੋਵੇਂ ‘ਪਿਓ-ਪੁੱਤਰ’ ਆਪ ਹੀ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋ ਕੇ ਸੁੱਚਾ ਸਿੰਘ ਲੰਗਾਹ ਵਰਗੇ ਦਾਗੀ ਵਿਅਕਤੀਆਂ ਨੂੰ, ਗੁਰਦੁਆਰਾ ਪ੍ਰਬੰਧਾਂ ਤੇ ਠੋਸਣ ਲਈ ਆਪਣੀ ਜ਼ਿੰਮੇਵਾਰੀ ਕਬੂਲ ਕਰਦੇ ਹੋਏ, ਸਿੱਖ ਰਵਾਇਤਾਂ ਅਨੁਸਾਰ ਪਸਚਾਤਾਪ ਕਰਨ ਅਤੇ ਸਮੁੱਚੀ ਸਿੱਖ ਕੌਮ ਤੋਂ ਮੁਆਫ਼ੀ ਮੰਗਣ, ਪਰ ਜੇ ਉਹ ਆਪ ਅਜਿਹਾ ਨਹੀਂ ਕਰਦੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਸ ਮਾਮਲੇ ਬਾਰੇ ਨਿਰਨਾ ਲੈਣਾ ਚਾਹੀਦਾ ਹੈ|

Leave a Reply

Your email address will not be published. Required fields are marked *