ਲੰਡਨ ਹਮਲੇ ਦੇ ਅੱਤਵਾਦੀਆਂ ਨੂੰ ਨਹੀਂ ਮਿਲੇਗੀ ‘ਜੰਨਤ’, ਇਮਾਮਾਂ ਨੇ ਆਖਰੀ ਰਸਮਾਂ ਕਰਨ ਤੋਂ ਕੀਤਾ ਇਨਕਾਰ

ਲੰਡਨ, 6 ਜੂਨ (ਸ.ਬ.)  ਲੰਡਨ ਬ੍ਰਿਜ ਤੇ ਹਮਲਾ ਕਰਨ ਵਾਲੇ ਤਿੰਨ ਅੱਤਵਾਦੀਆਂ ਦੀਆਂ ਆਖਰੀ ਰਸਮਾਂ ਕਰਨ ਤੋਂ ਇੰਗਲੈਂਡ ਦੇ 130 ਇਮਾਮਾਂ ਨੇ ਇਨਕਾਰ ਕਰ ਦਿੱਤਾ ਹੈ| ਇਮਾਮਾਂ ਨੇ ਇਕ ਸਾਂਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਉਹ ਇਨ੍ਹਾਂ ਅੱਤਵਾਦੀਆਂ ਨੂੰ ਇਸਲਾਮਿਕ ਤੌਰ-ਤਰੀਕਿਆਂ ਨਾਲ ਆਖਰੀ ਵਿਦਾਈ ਨਹੀਂ ਦੇਣਗੇ| ਉਨ੍ਹਾਂ ਨੇ ਹੋਰ ਇਮਾਮਾਂ ਨੂੰ ਵੀ ਅਜਿਹਾ ਕਰਨ ਨੂੰ ਕਿਹਾ ਹੈ|
ਮੁਸਲਿਮ ਧਰਮ ਗੁਰੂਆਂ ਨੇ ਕਿਹਾ ਕਿ ਇਹ ਖੂਨ-ਖਰਾਬਾ ਉਨ੍ਹਾਂ ਦੇ ਧਰਮ ਦੇ ਖਿਲਾਫ ਹੈ| ਇਮਾਮਾਂ ਨੇ ਕਿਹਾ ਕਿ ਜਨਾਜ਼ੇ ਦੀ ਪ੍ਰਾਰਥਨਾ ਸਾਰਿਆਂ ਲਈ ਪੜ੍ਹੀ ਜਾਂਦੀ ਹੈ ਪਰ ਲੰਡਨ ਦੇ ਲੋਕਾਂ ਦੇ ਦੁੱਖ ਨੂੰ ਦੇਖਦੇ ਹੋਏ ਉਹ ਇਨ੍ਹਾਂ ਅੱਤਵਾਦੀਆਂ ਲਈ ਅਜਿਹਾ ਨਹੀਂ ਕਰਨਗੇ| ਉਨ੍ਹਾਂ ਕਿਹਾ ਕਿ ਇਹ ਅੱਤਵਾਦੀ ਪਤਾ ਨਹੀਂ ਕਿਹੜੀ ਜੰਨਤ ਲਈ ਇਹ ਸਭ ਕੁਝ ਕਰ ਰਹੇ ਹਨ ਪਰ ਉਨ੍ਹਾਂ ਦੀਆਂ ਆਖਰੀ ਰਸਮਾਂ ਨਾ ਕਰਕੇ ਉਹ ਉਨ੍ਹਾਂ ਨੂੰ ਕੋਈ ‘ਜੰਨਤ’ ਹਾਸਲ ਨਹੀਂ ਕਰਨ ਦੇਣਗੇ| ਉਨ੍ਹਾਂ ਕਿਹਾ ਕਿ ਅਸੀਂ ਦੁੱਖ ਦੀ ਇਸ ਘੜੀ ਵਿਚ ਲੰਡਨ ਵਾਸੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ| ਲੰਡਨ ਦੇ ਰਹਿਣ ਵਾਲੇ ਮੁਸਲਮਾਨਾਂ ਨੇ ਵੀ ਇਸ ਹਮਲੇ ਦਾ ਸਖਤ ਵਿਰੋਧ ਕੀਤਾ ਹੈ| ਲੰਡਨ ਦੇ ਮੇਅਰ ਸਾਦਿਕ ਖਾਨ, ਜੋ ਖੁਦ ਇਕ ਮੁਸਲਮਾਨ ਹਨ, ਉਨ੍ਹਾਂ ਨੇ ਵੀ ਇਸ ਹਮਲੇ ਦੀ ਆਲੋਚਨਾ ਕੀਤੀ ਹੈ|

Leave a Reply

Your email address will not be published. Required fields are marked *