ਲੰਬੀ ਹਲਕੇ ਦੇ ਪਿੰਡ ਰੱਤਾ ਖੇੜਾ ਵਿੱਚ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਵੱਲ ਜੁੱਤੀ ਵਗਾਹ ਕੇ ਮਾਰੀ ਹਮਲਾਵਰ ਦੀ ਪਹਿਚਾਣ ਪਿੰਡ ਰੱਤਾ ਖੇੜਾ ਦੇ ਗੁਰਬਚਨ ਸਿੰਘ ਵਜੋਂ ਹੋਈ

ਲੰਬੀ, 11 ਜਨਵਰੀ (ਸ.ਬ.) ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੂੰ ਉਸ ਵੇਲੇ ਭਾਰੀ ਨਮੋਸ਼ੀ ਸਹਿਣੀ ਪਈ ਜਦੋਂ ਉਹਨਾਂ ਦੇ ਆਪਣੇ ਹਲਕੇ ਲੰਬੀ ਦੇ ਇੱਕ ਪਿੰਡ ਰੱਤਾ ਖੇੜਾ ਵਿੱਚ ਆਯੋਜਿਤ ਇੱਕ ਚੋਣ ਜਲਸੇ ਦੌਰਾਨ ਇੱਕ ਵਿਅਕਤੀ ਵੱਲੋਂ ਉਹਨਾਂ ਵੱਲ ਜੁੱਤੀ ਵਗਾਹ ਕੇ ਮਾਰੀ ਗਈ| ਅਪੁਸ਼ਟ ਖਬਰਾਂ  ਅਨੁਸਾਰ  ਇਸ ਵਿਅਕਤੀ ਵੱਲੋਂ ਸੁੱਟੀ ਜੁੱਤੀ ਸ੍ਰ. ਬਾਦਲ ਦੇ ਹੱਥ ਤੇ ਵੱਜੀ ਅਤੇ ਇਸ ਝਟਕੇ ਵਿੱਚ ਉਹਨਾਂ ਦੇ ਹੱਥ ਵਿੱਚ ਫੜਿਆ ਕੱਚ ਦਾ ਗਲਾਸ ਵੀ ਟੁੱਟ ਗਿਆ|
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬੀਤੀ ਦੇਰ ਸ਼ਾਮ ਦੀ ਹੈ| ਪਿੰਡ ਰੱਤਾ ਖੇੜਾ ਵਿੱਚ ਸ੍ਰ. ਬਾਦਲ ਵੱਲੋਂ ਆਪਣੀ ਚੋਣ ਮੁਹਿੰਮ ਦੌਰਾਨ ਇੱਕ ਚੋਣ ਜਲਸੇ ਨੂੰ ਸੰਬੋਧਨ ਕੀਤਾ ਗਿਆ ਸੀ| ਸ੍ਰ. ਬਾਦਲ ਇਸ ਮੌਕੇ ਆਪਣੀ ਤਕਰੀਰ ਖਤਮ ਕਰਕੇ ਹਟੇ ਹੀ ਸਨ ਕਿ ਅਚਾਨਕ ਉੱਥੇ ਦੂਜੀ ਕਤਾਰ ਵਿੱਚ ਬੈਠੇ 40 ਕੁ ਸਾਲ ਦੇ ਇੱਕ ਵਿਅਕਤੀ (ਜਿਸ ਦਾ ਨਾਮ ਗੁਰਬਚਨ ਸਿੰਘ ਦੱਸਿਆ ਗਿਆ ਹੈ) ਨੇ ਅਚਾਨਕ ਸ੍ਰ. ਬਾਦਲ ਵੱਲ ਜੁੱਤੀ ਵਗਾਹ ਕੇ ਮਾਰ ਦਿੱਤੀ| ਅਚਾਨਕ ਵਾਪਰੀ ਇਸ ਘਟਨਾ ਕਾਰਨ ਪੰਡਾਲ ਵਿੱਚ ਹਫੜਾ ਦਫੜੀ ਮਚ ਗਈ| ਇਸ ਦੌਰਾਨ ਮੌਕੇ ਤੇ ਮੌਜੂਦ ਪੁਲੀਸ ਅਧਿਕਾਰੀਆਂ ਵੱਲੋਂ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ|
ਇਹ ਦੂਜਾ ਮੌਕਾ ਹੈ ਜਦੋਂ ਪੰਜਾਬ ਦੇ ਇਸ ਬਜੁਰਗ ਸਿਆਸਤਦਾਨ ਨੂੰ ਇਸ ਅਸਹਿਜ ਸਥਿਤੀ ਦਾ ਸਾਮ੍ਹਣਾ ਕਰਨਾ ਪਿਆ ਹੈ| ਇਸ ਤੋਂ ਪਹਿਲਾਂ ਸਾਲ 2014 ਵਿੱਚ ਪਿੰਡ ਈਸੜੂ ਵਿਖੇ ਇੱਕ ਪ੍ਰੌਗਰਾਮ ਦੌਰਾਨ ਧਨੌਲਾ ਦੇ  ਇਕ ਬੇਰੁਜਗਾਰ ਨੌਜਵਾਨ ਵਿਕਰਮ ਵਲੋਂ ਮੁੱਖ ਮੰਤਰੀ ਸ ਪ੍ਰਕਾਸ਼ ਸਿੰਘ ਬਾਦਲ  ਦੇ ਖਿਲਾਫ ਨਾਹਰੇਬਾਜੀ ਕਰਦਿਆਂ ਉਹਨਾਂ ਵਂੱਲ ਜੁੱਤੀ ਸੁੱਟੀ ਗਈ ਸੀ| ਪੁਲੀਸ ਅਨੁਸਾਰ ਕਾਬੂ ਕੀਤੇ ਗਏ ਵਿਅਕਤੀ ਤੋਂ ਪੁਛਗਿਛ ਕੀਤੀ ਜਾ ਰਹੀ ਹੈ| ਇਸ ਤੋਂ ਪਹਿਲਾਂ ਵੀ ਫਾਜਿਲਕਾ ਨੇੜੇ ਇਕ ਪਿੰਡ ਵਿਚੋਂ ਲੰਘਣ ਦੌਰਾਨ ਸੂਬੇ ਦੇ ਡਿਪਟੀ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਦੇ ਕਾਫਲੇ ਤੇ ਪਥਰਾਓ ਦੀ ਘਟਨਾ ਵਾਪਰ ਚੁਕੀ ਹੈ ਅਤੇ ਹੁਣ ਪਿੰਡ ਰੱਤਾ ਖੇੜਾ ਦੇ ਇਸ ਵਿਅਕਤੀ ਵਲੋਂ ਇਹ ਘਟਨਾ ਅੰਜਾਮ ਦੇ ਦਿਤੀ ਗਈ ਹੈ|

Leave a Reply

Your email address will not be published. Required fields are marked *