ਲੰਮੇ ਸਮੇਂ ਤੱਕ ਬਿਨਾਂ ਬਿਜਲੀ ਤੋਂ ਰਹਿਣਾ ਪੈਂਦਾ ਹੈ ਐਰੋਸਿਟੀ ਦੇ ਵਸਨੀਕਾਂ ਨੂੰ

ਐਸ ਏ ਐਸ ਨਗਰ, 27 ਜੂਨ (ਸ.ਬ.) ਐਰੋਸਿਟੀ ਦੇ ਐਫ ਬਲਾਕ ਦੇ ਵਸਨੀਕ ਹਰ ਰੋਜ ਹੋ ਰਹੀ ਬਿਜਲੀ ਗੁਲ ਤੋਂ ਬੇਹਦ ਪ੍ਰੇਸ਼ਾਨ ਹਨ| ਭਾਵੇਂ ਸਾਰੇ ਹੀ ਐਰੋਸਿਟੀ ਵਿੱਚ ਵਿਕਾਸ ਕਾਰਜ ਅਧੂਰੇ ਹਨ ਪਰ ਐਫ ਬਲਾਕ ਦੀ ਹਾਲਤ ਤਰਸਯੋਗ ਹੈ| ਉੱਥੇ ਨਾ ਤਾਂ ਪਾਰਕ ਤਿਆਰ ਹਨ, ਸੜਕਾਂ ਅਜੇ ਤੱਕ ਬਣੀਆਂ ਨਹੀਂ ਬਹੁਤੇ ਥਾਂ ਤੇ ਅਜੇ ਸਿਰਫ ਮਿੱਟੀ ਹੀ ਪਾਈ ਗਈ ਹੈ| ਬਿਜਲੀ ਦੀਆਂ ਤਾਰਾਂ ਵੀ ਕੰਮ ਚਲਾਉ ਢੰਗ ਨਾਲ ਪਾਈਆਂ ਗਈਆਂ ਹਨ| ਬਿਜਲੀ ਦੀ ਹਾਲਤ ਇਹ ਹੈ, ਕਿ ਕਈ ਵਾਰ 20 ਤੋਂ 30 ਘੰਟੇ ਤੱਕ  ਇੱਥੋਂ ਦੇ ਵਸਨੀਕਾਂ ਨੂੰ ਬਿਜਲੀ ਤੋਂ ਬਿਨਾਂ ਰਹਿਣਾ ਪੈ ਰਿਹਾ ਹੈ| ਐਫ ਬਲਾਕ ਦੀ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰੁਪਿੰਦਰ ਸਿੰਘ ਕੰਗ ਨੇ ਕਿਹਾ ਕਿ ਐਲ ਐਡ ਟੀ ਦੇ ਅਧਿਕਾਰੀ ਅਤੇ ਗਮਾਡਾ ਦੇ ਅਧਿਕਾਰੀ ਐਰੋਸਿਟੀ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ| ਸ੍ਰੀ ਕੰਗ ਜੋ ਐਫ ਬਲਾਕ ਵਿੱਚ ਰਹਿ ਰਹੇ ਹਨ ਨੇ ਕਿਹਾ ਕਿ ਪਿਛਲੇ ਇੱਕ ਹਫਤੇ ਤੋਂ ਦੋ ਵਾਰ ਬਿਜਲੀ ਲੰਮੇ ਸਮੇਂ ਤਕ ਨਹੀਂ ਆਈ| 26 ਤਾਰੀਕ ਨੂੰ ਬਿਜਲੀ 26 ਘੰਟੇ ਬਾਅਦ ਆਈ ਸੀ| ਏਨੇ ਸਮੇਂ ਦੌਰਾਨ ਇਨਵਰਟਰ ਵੀ ਕੰਮ ਕਰਨ  ਤੋਂ ਅਸਮਰਥ ਹੋ ਗਏ ਸਨ ਅਤੇ ਏਥੋਂ ਦੇ ਵਸਨੀਕਾਂ ਨੂੰ ਭਾਰੀ ਗਰਮੀ ਵਿੱਚ ਰਾਤਾਂ ਗੁਜਾਰਨੀਆਂ ਪਈਆਂ| ਸ੍ਰੀ ਕੰਗ ਨੇ ਮੰਗ ਕੀਤੀ ਕਿ ਐਫ ਬਲਾਕ ਵਿੱਚ ਬਿਜਲੀ ਸਪਲਾਈ  ਦਰੁਸਤ ਕੀਤੀ ਜਾਵੇ ਅਤੇ ਭਵਿਖ ਵਿੱਚ ਵਸਨੀਕਾਂ ਨੂੰ ਮੁਸ਼ਕਿਲਾਂ ਤੋਂ ਰਾਹਤ ਦਿਵਾਈ ਜਾਵੇ| ਸ੍ਰੀ ਕੰਗ ਨੇ ਕਿਹਾ ਕਿ ਬਲਾਕ ਦੇ ਵਸਨੀਕ ਅੱਧੀ ਰਾਤ ਤੱਕ ਐਲ ਐਡ ਟੀ ਦੇ ਵਰਕਰਾਂ ਨਾਲ ਲਗੇ ਰਹੇ ਤਾਂ ਹੀ ਅਖੀਰ ਅੱਧੀ ਰਾਤ ਤੋਂ ਬਾਅਦ ਬਿਜਲੀ ਦੀ ਸਪਲਾਈ ਹਾਸਲ ਹੋ ਸਕੀ| ਉਹਨਾਂ ਮੰਗ ਕੀਤੀ ਕਿ ਐਫ ਬਲਾਕ ਦੀਆਂ ਸੜਕਾਂ ਬਣਾਉਣ, ਪਾਰਕ ਤਿਆਰ ਕਰਨ ਅਤੇ ਹੋਰ ਸਹੂਲਤਾਂ ਤੁਰੰਤ ਪ੍ਰਦਾਨ ਕਰਨ ਦੀ ਮੰਗ ਕਰੇਗੀ| ਸ੍ਰੀ ਕੰਗ ਨੇ ਕਿਹਾ ਕਿ ਜੇਕਰ ਐਫ ਬਲਾਕ ਦੇ ਹਾਲਤ ਨਾ ਸੁਧਰੇ ਤਾਂ ਏਥੋਂ ਦੇ ਦਫਤਰ ਵਿੱਚ ਧਰਨਾ  ਦੇਣਗੇ|

Leave a Reply

Your email address will not be published. Required fields are marked *