ਲੱਖਾਂ ਰੁਪਏ ਦੇ ਬਿਲ ਭੇਜ ਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲੋਕਾਂ ਨੂੰ ਕਰ ਰਹੀ ਹੈ ਮਾਨਸਿਕ ਤੌਰ ਤੇ ਪ੍ਰੇਸ਼ਾਨ : ਇੰਜ ਵਿਰਦੀ
ਐਸ ਏ ਐਸ ਨਗਰ, 2 ਦਸੰਬਰ (ਸ.ਬ.) ਦੀ ਕੰਜਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ (ਰਜਿ.) ਐਸ ਏ ਐਸ ਨਗਰ ਦੇ ਪ੍ਰਧਾਨ ਰਿਟਾ. ਇੰਜ.ਪੀ ਐਸ ਵਿਰਦੀ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੀ ਭੈੜੀ ਕਾਰਗੁਜਾਰੀ ਕਾਰਨ ਖਪਤਕਾਰਾਂ ਨੂੰ ਭਾਰੀ ਪ੍ਰੇਸ਼ਾਨੀ ਸਹਿਣੀ ਪੈ ਰਹੀ ਹੈ| ਇੱਥੇ ਜਾਰੀ ਬਿਆਨ ਵਿੱਚ ਸ੍ਰੀ ਵਿਰਦੀ ਨੇ ਕਿਹਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਨੇ ਸੀਨੀਅਰ ਸਿਟਿਜਨ ਸ੍ਰੀਮਤੀ ਗੁਰਮੀਤ ਕੌਰ (ਵਾਸੀ ਕੋਠੀ ਨੰ.555 ,ਫੇਜ 1) ਨੂੰ ਉਹਨਾਂ ਦੇ ਘਰ ਵਿੱਚ ਬਿਜਲੀ ਦੀ ਦੋ ਮਹੀਨੇ ਦੀ ਖਪਤ ਦਾ 9,21,570/- ਰੁਪਏ ਦਾ ਬਿਲ ਭੇਜ ਦਿਤਾ ਹੈ| ਉਹਨਾ ਕਿਹਾ ਕਿ ਇਸ ਬਿਲ ਅਨੁਸਾਰ ਸ੍ਰੀਮਤੀ ਗੁਰਮੀਤ ਕੌਰ ਦੇ ਘਰ ਦੀ ਬਿਜਲੀ ਦੀ ਖਪਤ 1,00,130 ਯੂਨਿਟ ਬਣਦੀ ਹੈ| ਉਹਨਾਂ ਕਿਹਾ ਕਿ ਆਮ ਵਿਅਕਤੀ ਦੇ ਘਰ ਦੀ ਦੋ ਮਹੀਨੇ ਦੀ ਬਿਜਲੀ ਦੀ ਖਪਤ ਏਨੀ ਜਿਆਦਾ ਨਹੀਂ ਹੋ ਸਕਦੀ, ਬਿਜਲੀ ਦੀ ਏਨੀ ਖਪਤ ਤਾਂ 15 ਸਾਲਾਂ ਵਿਚ ਨਹੀਂ ਆ ਸਕਦੀ|
ਉਹਨਾਂ ਕਿਹਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਖੰਭਿਆਂ ਤੇ ਲੱਗੇ ਇਲੈਕਟ੍ਰੋਨਿਕਸ ਬਿਜਲੀ ਮੀਟਰਾਂ ਨੂੰ ਠੀਕ ਕਰੇ ਅਤੇ ਖਪਤਕਾਰਾਂ ਨੂੰ ਸਹੀ ਬਿਲ ਭੇਜੇ ਜਾਣ, ਬਿਲ ਬਣਾਉਣ ਵਾਲੀਆਂ ਮਸ਼ੀਨਾਂ ਠੀਕ ਕੀਤੀਆਂ ਜਾਣ| ਇਸ ਮੌਕੇ ਫੈਡਰੇਸ਼ਨ ਦੇ ਪ੍ਰੈਸ ਸਕੱਤਰ ਅਸ਼ੋਕ ਕੁਮਾਰ ਵੀ ਮੌਜੂਦ ਸਨ|