ਵਣ ਨਿਗਮ ਵਿੱਚ ਹੋਏ ਤਰੱਕੀ ਘੁਟਾਲੇ ਦੀ ਜੁਡੀਸ਼ੀਅਲ ਜਾਂਚ ਹੋਵੇ: ਆਪ

ਚੰਡੀਗੜ, 31 ਅਗਸਤ (ਸ.ਬ.)  ਆਮ ਆਦਮੀ ਪਾਰਟੀ ਪੰਜਾਬ ਨੇ ਵਜੀਫ਼ਾ ਘੁਟਾਲੇ ਤੋਂ ਬਾਅਦ ਹੁਣ ਵਣ ਨਿਗਮ ਦੇ ਕਥਿਤ ਤਰੱਕੀ ਘੁਟਾਲੇ ਵਿੱਚ ਘਿਰੇ ਕੈਬਿਨਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਤੁਰੰਤ ਮੰਤਰੀ ਮੰਡਲ ਵਿੱਚੋਂ ਕੱਢਣ ਦੇ ਨਾਲ-ਨਾਲ ਵਣ ਨਿਗਮ ਵਿੱਚ ਹੋਈਆਂ ਗੜਬੜੀਆਂ-ਬੇਨਿਯਮੀਆਂ ਦੀ ਸਮਾਂਬੱਧ ਜੁਡੀਸ਼ੀਅਲ ਜਾਂਚ ਮੰਗੀ ਹੈ|
ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਪ੍ਰੋ. ਬਲਜਿੰਦਰ ਕੌਰ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਅਜਿਹੀ ਕਿਹੜੀ ਮਜਬੂਰੀ ਜਾਂ ਬੇਬਸੀ ਹੈ ਕਿ ਸੱਤਾਧਾਰੀ ਕਾਂਗਰਸ ਇੱਕ ਭ੍ਰਿਸ਼ਟ ਮੰਤਰੀ ਖਿਲਾਫ਼ ਕਾਰਵਾਈ ਤੋਂ ਭੱਜ ਰਹੀ ਹੈ| 
ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਵਣ ਨਿਗਮ ਵਿੱਚ ਜਿਸ ਢੰਗ ਤਰੀਕੇ ਅਤੇ ਫੁਰਤੀ ਨਾਲ ਛੜੱਪਾਮਾਰ ਤਰੱਕੀਆਂ ਕੀਤੀਆਂ ਗਈਆਂ ਹਨ, ਉਸ ਵਿੱਚੋਂ ਭ੍ਰਿਸ਼ਟਾਚਾਰ ਦੀ ਬੂ ਆ ਰਹੀ ਹੈ| ਸੰਧਵਾਂ ਨੇ ਕਿਹਾ ਕਿ ਆਮ ਆਦਮੀ  ਪਾਰਟੀ ਸਰਕਾਰੀ ਵਿਭਾਗਾਂ ਵਿੱਚ ਸਮੇਂ ਸਿਰ ਮੈਰਿਟ ਉੱਤੇ ਪਾਰਦਰਸ਼ੀ ਤਰੱਕੀਆਂ ਦੀ ਹਮੇਸ਼ਾ ਵਕਾਲਤ ਕਰਦੀ ਹੈ ਪ੍ਰੰਤੂ ਵਣ ਨਿਗਮ ਵਿੱਚ ਜਿਸ ਤਰਾਂ ਫੀਲਡ ਸੁਪਰੰਡਟਾਂ ਨੂੰ ਡਿਪਟੀ ਪ੍ਰੋਜੇਕਟ ਡਾਇਰੈਕਟਰ ਦੀ ਥਾਂ ਸਿੱਧਾ ਪ੍ਰੋਜੈਕਟ ਡਾਇਰੈਕਟਰ ਬਣਾਇਆ ਗਿਆ ਹੈ ਅਤੇ ਭਵਿੱਖ ਵਿੱਚ ਹੋਣ ਵਾਲੀਆਂ ਤਰੱਕੀਆਂ ਦੇ ਵੀ ਹੁਕਮ ਜਾਰੀ ਕੀਤੇ ਗਏ ਹਨ ਉਸ ਨਾਲ ਪੂਰੀ ਤਰੱਕੀ ਪ੍ਰਕਿਰਿਆਂ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ ਅਤੇ ਇਸ ਲਈ ਇਸ ਦੀ ਨਿਰਪੱਖ ਜੁਡੀਸ਼ੀਅਲ ਜਾਂਚ ਜ਼ਰੂਰੀ ਹੈ|
ਉਹਨਾਂ ਕਿਹਾ ਕਿ ਜਿੰਨਾ ਚਿਰ ਸਾਧੁ ਸਿੰਘ ਧਰਮਸੋਤ ਨੂੰ ਮੰਤਰੀ ਮੰਡਲ ਵਿੱਚੋ ਬਰਖਾਸਤ ਨਹੀਂ ਕੀਤਾ ਜਾਂਦਾ ਉਨਾਂ ਚਿਰ ਇਹਨਾਂ ਘੁਟਾਲਿਆਂ ਦੀ ਨਿਰਪੱਖ ਜਾਂਚ ਨਹੀਂ ਹੋ ਸਕਦੀ| ਉਹਨਾਂ ਕਿਹਾ ਕਿ ਕਾਂਗਰਸ ਅਤੇ ਮੁੱਖਮੰਤਰੀ ਧਰਮਸੋਤ ਨੂੰ ਜ਼ਿਆਦਾ ਸਮਾਂ ਨਹੀਂ ਬਚਾ ਸਕਦੇ ਅਤੇ ਸਰਕਾਰ ਨੂੰ ਤਾਨਾਸ਼ਾਹੀ ਰਵੇਈਆ ਛੱਡ-‘ਆਪ’ ਵੱਲੋਂ ਵਿੱਢੇ ਸੰਘਰਸ਼ ਮੂਹਰੇ ਗੋਡੇ                   ਟੇਕਣੇ ਹੀ ਪੈਣਗੇ|

Leave a Reply

Your email address will not be published. Required fields are marked *