ਵਧ ਰਹੀ ਅਬਾਦੀ ਦੇਸ਼ ਅਤੇ ਸਮਾਜ ਲਈ ਚਿੰਤਾ ਦਾ ਵਿਸ਼ਾ : ਬ੍ਰਹਮ ਮਹਿੰਦਰਾ

ਐਸ.ਏ.ਐਸ. ਨਗਰ, 11 ਜੁਲਾਈ (ਸ.ਬ.) ਦਿਨ ਪ੍ਰਤੀ ਦਿਨ ਵਧ ਰਹੀ ਅਬਾਦੀ ਸਾਡੇ ਦੇਸ, ਸੂਬੇ ਅਤੇ ਸਮਾਜ ਲਈ ਚਿੰਤਾਂ ਦਾ ਵਿਸ਼ਾ ਹੈ ਕਿਉਂਕਿ ਸਾਡੇ ਸਾਧਨ ਵੀ ਸੀਮਤ ਹੁੰਦੇ ਜਾ ਰਹੇ ਹਨ| ਜਿਸ ਨਾਲ ਸਾਡੇ ਸਾਹਮਣੇ ਵੱਡੀਆਂ ਚੁਣੌਤੀਆਂ ਆ ਰਹੀਆਂ ਹਨ| ਜੇਕਰ ਵਧਦੀ ਦੀ ਅਬਾਦੀ ਨੂੰ ਠੱਲ ਨਾ ਪਈ ਤਾਂ ਸਾਨੂੰ ਇਸਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ|  ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਸ੍ਰੀ ਬ੍ਰਹਮ ਮਹਿੰਦਰਾ ਨੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਵਿਸ਼ਵ ਅਬਾਦੀ ਦਿਵਸ ਮੌਕੇ ਪੰਜਾਬ  ਸਿਹਤ ਸਿਸਟਮਜ਼ ਨਿਗਮ ਦੇ ਆਡੀਟੋਰੀਅਮ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ| ਇਸ ਤੋਂ ਪਹਿਲਾਂ ਸਮਾਗਮ ਦਾ ਅੰਗਾਜ਼ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਸ਼ਮਾ ਰੋਸ਼ਨ ਕਰਕੇ ਕੀਤਾ|
ਉਹਨਾਂ ਕਿਹਾ ਕਿ 1947 ਵਿਚ ਸਾਡੇ ਦੇਸ਼ ਦੀ ਅਬਾਦੀ 36 ਕਰੋੜ ਦੇ ਕਰੀਬ ਸੀ ਜਿਸ ਵਿੱਚ ਲਗਾਤਾਰ ਅਥਾਹ ਵਾਧਾ ਹੁੰਦਾ ਰਿਹਾ ਅਤੇ ਹੁਣ ਮੁਲਕ ਦੀ ਅਬਾਦੀ 125 ਕਰੋੜ ਦੇ ਕਰੀਬ ਹੋ ਚੁੱਕੀ  ਹੈ ਅਤੇ ਜੇਕਰ  ਦੇਸ਼ ਦੀ ਅਬਾਦੀ ਵਿੱਚ ਇਸੇ ਤਰ੍ਹਾਂ ਵਾਧਾ ਹੁੰਦਾ ਰਿਹਾ ਤਾਂ ਸਾਲ 2025 ਤੱਕ ਸਾਡਾ ਮੁਲਕ ਵਿਸ਼ਵ ਦੇ ਸਭ ਮੁਲਕਾਂ  ਤੋਂ ਵੱਧ ਅਬਾਦੀ ਵਾਲਾ ਮੁਲਕ ਬਣ ਜਾਵੇਗਾ ਅਤੇ ਦੇਸ਼ ਨੂੰ ਗੰਭੀਰ ਸਮੱਸਿਆਵਾਂ ਨਾਲ ਜੁਝਣਾ ਪਵੇਗਾ| ਉਨ੍ਹਾਂ ਕਿਹਾ ਕਿ ਅਬਾਦੀ ਨੂੰ ਠੱਲ ਪਾਉਣ ਲਈ ਪਰਿਵਾਰ ਨਿਯੋਜਨ ਪ੍ਰੋਗਰਾਮ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਅਤੇ ਗੰਭੀਰਤਾ ਨਾਲ ਉਲੀਕ ਕੇ ਉਨ੍ਹਾਂ  ਨੂੰ ਅਮਲੀ ਜਾਮਾ ਪਹਿਨਾਉਣ ਦੀ ਲੋੜ ਹੈ| ਇਸ ਤੋਂ ਪਹਿਲਾਂ ਉਨ੍ਹਾਂ ਅਬਾਦੀ ਵਿੱਚ ਠੱਲ ਪਾਉਣ ਵਿਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਤਿੰਨ ਪਿੰਡਾਂ (ਤਿਊੜ, ਤੰਗੌਰੀ ਅਤੇ ਛੱਤ) ਦੀਆਂ ਪੰਚਾਇਤਾਂ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਉਨ੍ਹਾਂ ਇਸ ਮੌਕੇ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਤਿੰਨ ਏ.ਐਨ.ਐਮ. ਅਤੇ ਤਿੰਨ ਐਲ.ਐਚ.ਵੀ. ਨੂੰ ਵੀ ਸਨਮਾਨਿਤ ਕੀਤਾ|
ਸਮਾਗਮ ਨੂੰ ਸੰਬੋਧਨ ਕਰਦਿਆਂ ਸਥਾਨਕ ਵਿਧਾਇਕ ਸ੍ਰ: ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਵਿਸ਼ਵ ਅਬਾਦੀ ਦਿਵਸ ਦੀ ਬਹੁਤ ਵੱਡੀ ਅਹਿਮੀਅਤ ਹੈ | ਉਨ੍ਹਾਂ ਵਧਦੀ ਅਬਾਦੀ ਤੇ ਚਿੰਤਨ ਕਰਨ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਕਿ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਰ ਅਤੇ ਵਰਕਸ਼ਾਪਾਂ ਆਯੋਜਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ| ਉਨ੍ਹਾਂ ਕਿਹਾ ਕਿ ਸਮਾਜ ਵਿਚ ਲੜਕੀ ਅਤੇ ਲੜਕੇ ਵਿਚ ਭੇਦਭਾਵ ਨੂੰ ਖਤਮ ਕਰਨ ਲਈ ਵੀ ਜਾਗਰੂਕਤਾ ਮੁਹਿੰਮ ਵਿੰਢਣੀ ਚਾਹੀਦੀ ਹੈ ਕਿਉਂਕਿ ਹੁਣ ਲੜਕੀਆਂ ਕਿਸੇ ਵੀ ਖੇਤਰ ਵਿਚ ਲੜਕਿਆਂ ਨਾਲੋਂ ਘੱਟ ਨਹੀਂ ਹਨ| ਇਸ ਲਈ ਸਮਾਜ ਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ|
ਸਮਾਗਮ ਨੂੰ ਸੰਬੋਧਨ ਕਰਦਿਆਂ ਵਿਸੇਸ਼ ਸਕੱਤਰ-ਕਮ-ਮਿਸ਼ਨ ਡਾਇਰੈਕਟਰ, ਨੈਸ਼ਨਲ ਹੈਲਥ ਮਿਸ਼ਨ ਪੰਜਾਬ ਸ੍ਰੀ ਵਰੁਣ ਰੂਜਮ ਨੇ  ਕਿਹਾ ਦੇਸ਼ ਦੀ ਲਗਾਤਾਰ ਵੱਧ ਰਹੀ ਅਬਾਦੀ ਕਾਰਣ ਗੰਭੀਰ ਸਮੱਸਿਆਵਾਂ ਪੈਦਾ ਹੋ ਰਹੀਆਂ ਹੈ| ਜਿਸ ਨਾਲ ਸਾਡੀ ਅਰਥ ਵਿਵਸਥਾ ਤੇ ਵੀ ਮਾੜਾ ਅਸਰ ਪੈ ਰਿਹਾ ਹੈ| ਅਬਾਦੀ ਕੰਟਰੋਲ ਕਰਨ ਲਈ ਸਾਨੂੰ ਜਿੰਮੇਵਾਰੀ ਨਾਲ ਕੰਮ ਕਰਨਾ ਪਵੇਗਾ| ਇਸ ਮੌਕੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸ੍ਰੀ ਰਾਜੀਵ ਭੱਲਾ ਨੇ ਕਿਹਾ ਕਿ 11 ਜੁਲਾਈ ਦਾ ਦਿਨ ਵਿਸ਼ਵ ਭਰ ਵਿੱਚ ਵਿਸ਼ਵ ਅਬਾਦੀ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ | ਜਿਸ ਦਾ ਮੁੱਖ ਮੰਤਵ ਵੱਧ ਰਹੀ ਅਬਾਦੀ ਤੇ ਚਿੰਤਨ ਕਰਨਾ ਹੈ ਤਾਂ ਜੋ ਇਸਨੂੰ ਠੱਲ ਪਾਈ ਜਾ ਸਕੇ|  ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ  ਕਿਹਾ ਕਿ ਸਿਹਤ ਵਿਭਾਗ ਵੱਲੋਂ  ਅਬਾਦੀ ਨੂੰ ਕੰਟਰੋਲ ਕਰਨ ਲਈ ਜੋ ਵੀ ਪ੍ਰੋਗਰਾਮ ਉਲੀਕੇ ਜਾਣਗੇ, ਉਨ੍ਹਾਂ ਨੂੰ ਨੇਪਰੇ ਚੜਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ             ਜਾਵੇਗਾ| ਸਿਵਲ ਸਰਜਨ ਐਸ. ਏ.ਐਸ. ਨਗਰ ਡਾ: ਰੀਟਾ ਭਾਰਦਵਾਜ ਨੇ ਰਾਜ ਪੱਧਰੀ ਸਮਾਗਮ ਵਿਚ ਪੁੱਜੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ| ਸਮਾਗਮ ਵਿਚ ਸ੍ਰੀ ਹਰਮੇਸ਼ ਸ਼ਰਮਾ ਸਿਆਸੀ ਸਲਾਹਕਾਰ /ਵਿਧਾਇਕ ਸ੍ਰੀ ਬਲਬੀਰ ਸਿੱਧੂ, ਚੌਧਰੀ ਗੁਰਮੇਲ ਸਿੰਘ ,ਜੀ.ਐਸ.ਰਿਆੜ, ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰ ਸਿੰਘ, ਡਾ. ਦਲੇਰ ਸਿੰਘ ਮੁਲਤਾਨੀ ਸਮੇਤ ਸਿਹਤ ਵਿਭਾਗ ਦੇ ਹੋਰ ਉੱਚ ਅਧਿਕਾਰੀ ਵੀ  ਮੌਜੂਦ ਸਨ|

Leave a Reply

Your email address will not be published. Required fields are marked *