ਵਪਾਰ ਮੰਡਲ ਦੇ ਵਫਦ ਵਲੋਂ ਨਗਰ ਨਿਗਮ ਦੇ ਕਮਿਸ਼ਨਰ ਨਾਲ ਮੁਲਾਕਾਤ

ਐਸ ਏ ਐਸ ਨਗਰ, 5 ਸਤੰਬਰ (ਸ.ਬ.) ਵਪਾਰ ਮੰਡਲ ਮੁਹਾਲੀ ਦੇ ਵਫਦ ਨੇ ਪ੍ਰਧਾਨ ਵਿਨੀਤ ਵਰਮਾ ਦੀ ਅਗਵਾਈ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਨਾਲ ਮੁਲਾਕਾਤ ਕੀਤੀ| ਇਸ ਮੌਕੇ ਸ੍ਰੀ ਵਿਨੀਤ ਵਰਮਾ ਨੇ ਕਮਿਸ਼ਨਰ ਦੇ ਧਿਆਨ ਵਿੱਚ ਸ਼ਹਿਰ ਦੇ ਵਪਾਰੀਆਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿਤੀ|
ਇਸ ਮੌਕੇ ਵਿਨੀਤ ਵਰਮਾ ਨੇ ਕਿਹਾ ਕਿ ਸ਼ਹਿਰ ਦੇ ਵਪਾਰੀ ਹਰ ਸਾਲ ਹੀ 12 ਕਰੋੜ ਦੇ ਕਰੀਬ ਪ੍ਰਾਪਰਟੀ ਟੈਕਸ ਨਗਰ ਨਿਗਮ ਮੁਹਾਲੀ ਨੂੰ ਅਦਾ ਕਰਦੇ ਹਨ, ਇਸ ਤੋਂ ਇਲਾਵਾ 3 ਕਰੋੜ ਤੋਂ ਵੱਧ ਪ੍ਰਾਪਰਟੀ ਟੈਕਸ ਰਿਹਾਇਸੀ ਇਲਾਕੇ ਤੋਂ ਨਗਰ ਨਿਗਮ ਮੁਹਾਲੀ ਨੂੰ ਅਦਾ ਕੀਤਾ ਜਾਂਦਾ ਹੈ, ਉਦਯੋਗਿਕ ਖੇਤਰ ਤੋਂ ਵੱਖਰਾ ਪ੍ਰਾਪਰਟੀ ਟੈਕਸ ਨਗਰ ਨਿਗਮ ਨੂ ੰ ਅਦਾ ਕੀਤਾ ਜਾਂਦਾ ਹੈ, ਪਰ ਇਸਦੇ ਬਾਵਜੂਦ ਨਗਰ ਨਿਗਮ ਮੁਹਾਲੀ ਵਲੋਂ ਵਪਾਰੀਆਂ ਨੂੰ ਲੋੜੀਂਦੀਆਂ ਸਹੂਲਤਾਂ ਨਹੀਂ ਦਿਤੀਆਂ ਜਾ ਰਹੀਆਂ|
ਵਪਾਰ ਮੰਡਲ ਮੁਹਾਲੀ ਦੇ ਜਨਰਲ ਸਕੱਤਰ ਸ੍ਰ. ਸਰਬਜੀਤ ਸਿੰਘ ਪਾਰਸ ਨੇ ਇਸ ਮੌਕੇ ਕਮਿਸ਼ਨਰ ਨੂੰ ਦੱਸਿਆ ਕਿ ਮੁਹਾਲੀ ਸ਼ਹਿਰ ਦੀਆਂ ਸਾਰੀਆਂ ਹੀ ਮਾਰਕੀਟਾਂ ਵਿੱਚ ਪਿਛਲੇ 16 ਸਾਲ ਪੁਰਾਣੇ ਗਰਿਲਾਂ ਅਤੇ ਪੱਥਰ ਲਗੇ ਹੋਏ ਹਨ, ਜੋ ਕਿ ਅਜੇ ਤਕ ਵੀ ਬਦਲੇ ਨਹੀਂ ਗਏ| ਇਸ ਤੋਂ ਇਲਾਵਾ ਵੱਖ ਵੱਖ ਮਾਰਕੀਟਾਂ ਦਾ ਸੁੰਦਰੀਕਰਨ ਵੀ ਨਹੀਂ ਕੀਤਾ ਜਾ ਰਿਹਾ| ਉਹਨਾਂ ਕਿਹਾ ਕਿ ਮਾਰਕੀਟਾਂ ਵਿੱਚ ਰੇਹੜੀ ਫੜੀ ਵਾਲਿਆਂ ਵਲੋਂ ਕੀਤੇ ਗਏ ਨਜਾਇਜ ਕਬਜੇ ਵੱਡੀ ਸਮੱਸਿਆ ਬਣੇ ਹੋਏ ਹਨ| ਉਹਨਾਂ ਕਿਹਾ ਕਿ ਗਮਾਡਾ ਨੇ ਸ਼ਹਿਰ ਵਿੱਚ ਜੋ ਛੋਟੀਆਂ ਮਾਰਕੀਟਾਂ ਬਣਾਈਆਂ ਹੋਈਆਂ ਹਨ, ਉਹਨਾਂ ਦੇ ਦੁਕਾਨਦਾਰਾਂ ਨੂੰ ਦੁਕਾਨਾਂ ਉਪਰ ਲੈਂਟਰ ਪਾਉਣ ਦੀ ਇਜਾਜਤ ਨਹੀਂ ਹੈ, ਜਿਸ ਕਾਰਨ ਬਰਸਾਤ ਦੇ ਦਿਨਾਂ ਵਿੱਚ ਇਹਨਾਂ ਛੋਟੀਆਂ ਮਾਰਕੀਟਾਂ ਵਿੱਚ ਸਥਿਤ ਦੁਕਾਨਾਂ ਦਾ ਬੁਰਾ ਹਾਲ ਹੋ ਜਾਂਦਾ ਹੈ|
ਉਹਨਾਂ ਮੰਗ ਕੀਤੀ ਕਿ ਵਪਾਰੀਆਂ ਦੇ ਮਸਲੇ ਹਲ ਕੀਤੇ ਜਾਣ, ਮਾਰਕੀਟਾਂ ਦਾ ਸੁੰਦਰੀਕਰਨ ਕੀਤਾ ਜਾਵੇ, ਵਪਾਰੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਵਿੱਚ ਵਾਧਾ ਕੀਤਾ ਜਾਵੇ, ਛੋਟੀਆਂ ਮਾਰਕੀਟਾਂ ਵਿੱਚ ਲੈਂਟਰ ਪਾਉਣ ਦੀ ਆਗਿਆ ਦਿੱਤੀ ਜਾਵੇ|

Leave a Reply

Your email address will not be published. Required fields are marked *