ਵਪਾਰ ਮੰਡਲ ਵਲੋਂ ਕਿਸਾਨ ਯੂਨੀਅਨ ਦੇ ਸੱਦੇ ਤੇ 25 ਦੇ ਪੰਜਾਬ ਬੰਦ ਵਿੱਚ ਸ਼ਾਮਿਲ ਹੋਣ ਦਾ ਫੈਸਲਾ

ਐਸ.ਏ.ਐਸ.ਨਗਰ, 23 ਸਤੰਬਰ (ਜਸਵਿੰਦਰ ਸਿੰਘ) ਵਪਾਰ ਮੰਡਲ ਮੁਹਾਲੀ ਨੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਦੀ ਹਿਮਾਇਤ ਕਰਦਿਆਂ 25 ਸਤੰਬਰ ਦੇ ਪੰਜਾਬ ਬੰਦ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ| ਇਸ ਸੰਬੰਧੀ ਫੈਸਲਾ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਮੁੱਖ ਬੁਲਾਰੇ ਸ੍ਰ. ਨੱਛਤਰ ਸਿੰਘ ਬੈਦਵਾਣ ਵਲੋਂ ਵਪਾਰ ਮੰਡਲ ਦੇ ਨੁਮਾਇੰਦਿਆਂ ਨੂੰ ਮਿਲ ਕੇ ਕਿਸਾਨ ਸੰਘਰਸ਼ ਵਿਚ ਸਾਥ ਦੇਣ ਦੀ ਅਪੀਲ ਤੋਂ ਬਾਅਦ ਕੀਤਾ ਗਿਆ ਹੈ| 
ਇਸ ਸੰਬੰਧੀ ਵਪਾਰ ਮੰਡਲ ਦੇ ਦਫਤਰ ਵਿੱਚ ਚੇਅਰਮੈਨ ਸ੍ਰ. ਸ਼ੀਤਲ ਸਿੰਘ, ਪ੍ਰਧਾਨ ਸ੍ਰੀ ਵਿਨੀਤ ਵਰਮਾ, ਜਨਰਲ ਸਕੱਤਰ ਸ੍ਰੀ ਸਰਬਜੀਤ ਸਿੰਘ ਪਾਰਸ ਨੇ ਕਿਹਾ ਕਿ ਕਿਸਾਨਾਂ ਵਲੋਂ ਕੀਤਾ ਜਾ ਰਿਹਾ ਸੰਘਰਸ਼ ਪੂਰੀ ਤਰ੍ਹਾਂ ਜਾਇਜ ਹੈ ਅਤੇ ਮੋਦੀ ਸਰਕਾਰ ਇਹ ਕਿਸਾਨ ਮਾਰੂ ਬਿੱਲ ਲਿਆ ਕੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ| ਉਹਨਾਂ ਕਿਹਾ ਕਿ ਇਨ੍ਹਾਂ ਬਿੱਲਾਂ ਨਾਲ ਜਿੱਥੇ ਕਿਸਾਨਾਂ ਨੂੰ ਨੁਕਸਾਨ ਹੋਵੇਗਾ ਉੱਥੇ ਇਸਦਾ ਅਸਰ ਖੇਤ ਮਜਦੂਰ, ਆੜਤੀਆਂ, ਵਪਾਰੀਆਂ ਅਤੇ ਆਮ ਜਨਤਾ ਤੇ ਵੀ ਪਵੇਗਾ| ਇਸਦੇ ਨਾਲ ਹੀ ਇਨ੍ਹਾਂ ਕਾਰਨ ਕਿਸਾਨ ਆਪਣੇ ਹੀ ਖੇਤਾਂ ਵਿੱਚ ਬੰਧੂਆਂ ਮਜਦੂਰ ਬਣ ਕੇ ਰਹਿ ਜਾਣਗੇ ਅਤੇ ਇਨ੍ਹਾਂ ਬਿਲਾਂ ਨੂੰ ਸਰਕਾਰ ਸਿਰਫ ਤੇ ਸਿਰਫ ਵੱਡੇ ਘਰਾਣਿਆਂ ਦੇ ਲਾਭ ਨੂੰ ਧਿਆਨ ਵਿੱਚ ਰੱਖ ਕੇ ਲਿਆ ਰਹੀ ਹੈ| 
ਉਹਨਾਂ ਦੱਸਿਆ ਕਿ ਵਪਾਰ ਮੰਡਲ ਵਲੋਂ ਸ਼ਹਿਰ ਦੀਆਂ ਸਮੂਹ ਮਾਰਕੀਟ ਐਸੋਸੀਏਸ਼ਨਾਂ ਨੂੰ ਅਪੀਲ ਕੀਤੀ ਗਈ ਹੈ ਕਿ 25 ਸਤੰਬਰ ਨੂੰ ਮਾਰਕੀਟਾਂ ਦੀਆਂ ਦੁਕਾਨਾਂ (ਜਰੂਰੀ ਚੀਜਾਂ ਦੀਆਂ ਦੁਕਾਨਾਂ ਨੂੰ ਛੱਡਕੇ)  ਬੰਦ ਰੱਖੀਆਂ ਜਾਣ ਅਤੇ ਕੇਂਦਰ ਸਰਕਾਰ ਵਲੋਂ ਜਾਰੀ ਕਿਸਾਨ ਮਾਰੂ ਆਰਡੀਨੈਂਸਾਂ ਦੇ ਖਿਲਾਫ 25 ਸਤੰਬਰ ਨੂੰ ਕੀਤੇ ਜਾਣ ਵਾਲੇ ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਨਾਇਆ ਜਾਵੇ| 

Leave a Reply

Your email address will not be published. Required fields are marked *