ਵਪਾਰ ਮੰਡਲ ਵਲੋਂ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਕਾਰਵਾਈ ਦੀ ਮੰਗ

ਵਪਾਰ ਮੰਡਲ ਵਲੋਂ ਦੁਕਾਨਦਾਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਕਾਰਵਾਈ ਦੀ ਮੰਗ
ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖਿਆ
ਐਸ ਏ ਐਸ ਨਗਰ, 23 ਅਗਸਤ (ਸ.ਬ.) ਵਪਾਰ ਮੰਡਲ ਐਸ ਏ ਐਸ ਨਗਰ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਵਪਾਰੀਆਂ ਦੇ ਮਸਲੇ ਹੱਲ ਕੀਤੇ ਜਾਣ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਪਾਰ ਮੰਡਲ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਅਤੇ ਜਨਰਲ ਸਕੱਤਰ ਸਰਬਜੀਤ ਸਿੰਘ ਪਾਰਸ ਨੇ ਕਿਹਾ ਕਿ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਜਿੰਨੇ ਵੀ ਬੂਥ ਹਨ, ਉਹਨਾਂ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ, ਜਦੋਂ ਵੀ ਬਰਸਾਤ ਹੁੰਦੀ ਹੈ ਤਾਂ ਉਹਨਾਂ ਥਾਂਵਾਂ ਉਪਰ ਪਾਣੀ ਖੜ ਜਾਂਦਾ ਹੈ, ਜਿਸ ਕਾਰਨ ਵਪਾਰੀਆਂ ਦੇ ਗਾਹਕ ਖਰਾਬ ਹੁੰਦੇ ਹਨ| ਇਸ ਲਈ ਇਹਨਾਂ ਇਲਾਕਿਆਂ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਯੋਗ ਹਲ ਕੀਤਾ ਜਾਣਾ ਚਾਹੀਦਾ ਹੈ|
ਉਹਨਾਂ ਕਿਹਾ ਕਿ ਸ਼ਹਿਰ ਦੇ ਵਪਾਰੀਆਂ ਵਲੋਂ ਕਰੀਬ 12 ਕਰੋੜ ਦਾ ਸਾਲਾਨਾ ਟੈਕਸ ਨਗਰ ਨਿਗਮ ਮੁਹਾਲੀ ਨੂੰ ਦਿੱਤਾ ਜਾਂਦਾ ਹੈ, ਜਿਸ ਦੇ ਬਦਲੇ ਮਾਰਕੀਟਾਂ ਦੇ ਸੁਧਾਰ ਲਈ ਕੋਈ ਵੀ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਜਾ ਰਿਹਾ| ਜਿਹੜਾ ਪ੍ਰੀਮਿਕਸ 20 ਸਾਲ ਪਹਿਲਾਂ ਪਿਆ ਸੀ ਅਤੇ 20 ਪਹਿਲਾਂ ਟਾਈਲਾਂ ਲੱਗੀਆਂ ਸਨ, ਉਹ ਹੀ ਚਲਦੇ ਆ ਰਹੇ ਹਨ| ਇਸ ਲਈ ਵਪਾਰੀਆਂ ਕੋਲੋਂ ਸਾਲਾਨਾ ਇੱਕਠੇ ਹੋਣ ਵਾਲੇ ਟੈਕਸ ਵਿਚੋਂ ਇਹਨਾਂ ਮਾਰਕੀਟਾਂ ਨੂੰ ਮਾਡਰਨ ਤਰੀਕੇ ਨਾਲ ਸਾਜ -ਸਜਾਵਟ ਲਈ ਮਾਰਕੀਟਾਂ ਦੀ ਦਿੱਖ ਨਵੀਂ ਕਰਨ ਦਾ ਪ੍ਰਬੰਧ ਕੀਤਾ ਜਾਵੇ|
ਉਹਨਾਂ ਮੰਗ ਕੀਤੀ ਕਿ ਮੋਟਰ ਮਾਰਕੀਟ ਦੇ ਸਾਹਮਣੇ ਵਾਲੀ ਸੜਕ, ਜੋ ਕਿ ਦਾਰਾ ਸਟੂਡੀਓ ਨੂੰ ਜਾਂਦੀ ਹੈ, ਉਸਦੇ ਨਾਲ ਲੱਗਦੀਆਂ ਗਰਿੱਲਾਂ, ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ, ਇਸ ਲਈ ਇਹਨਾਂ ਗਰਿਲਾਂ ਨੂੰ ਹਟਵਾਇਆ ਜਾਵੇ ਤਾਂ ਕਿ ਹਾਦਸਿਆਂ ਤੋਂ ਬਚਾਓ ਹੋ ਸਕੇ| ਉਹਨਾਂ ਕਿਹਾ ਕਿ ਮੋਟਰ ਮਾਰਕੀਟ ਵਿੱਚ ਕੋਈ ਵੀ ਬਾਥਰੂਮ ਨਹੀਂ ਹੈ, ਇਸ ਕਾਰਨ ਇਸ ਮਾਰਕੀਟ ਦੇ ਵਪਾਰੀਆਂ ਅਤੇ ਮਾਰਕੀਟ ਵਿੱਚ ਆਉਣ ਵਾਲੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਉਹਨਾਂ ਕਿਹਾ ਕਿ ਇਸ ਮਾਰਕੀਟ ਵਿੱਚ ਬਾਥਰੂਮ ਬਣਾਇਆ ਜਾਣਾ ਚਾਹੀਦਾ ਹੈ| ਉਹਨਾਂ ਕਿਹਾ ਕਿ ਜਿਹੜੀਆਂ ਮਾਰਕੀਟਾਂ ਵਿੱਚ ਬਾਥਰੂਮ ਬਣੇ ਹੋਏ ਹਨ, ਉਹਨਾਂ ਦੇ ਠੇਕੇਦਾਰਾਂ ਨੂੰ ਮਾਰਕੀਟਾਂ ਦੇ ਪ੍ਰਧਾਨਾਂ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਬਾਥਰੂਮਾਂ ਦੀ ਸਾਂਭ ਸੰਭਾਲ ਸਹੀ ਤਰੀਕੇ ਨਾਲ ਹੋ ਸਕੇ| ਉਹਨਾਂ ਕਿਹਾ ਕਿ ਫੇਜ਼ 3 ਬੀ 2 ਦੀ ਮਾਰਕੀਟ ਵਿੱਚ ਬਣੇ ਸ਼ੋਅਰੂਮਾਂ ਦੇ ਨੇੜੇ ਹੀ ਸੀਵਰੇਜ ਪਾਈਪ ਲਾਈਨ ਲੜੀ ਨੰਬਰ 1 ਤੋਂ ਲੜੀ ਨੰਬਰ 36 ਤੱਕ ਲੰਘਦੀ ਹੈ, ਜਿਸ ਕਾਰਨ ਇਹਨਾਂ ਸ਼ੋਅਰੂਮਾਂ ਦੀ ਬੇਸਮੈਂਟ ਵਿੱਚ ਬਦਬੂ ਭਰ ਜਾਂਦੀ ਹੈ| ਇਸ ਲਈ ਇਸ ਪਾਈਪ ਲਾਈਨ ਨੂੰ ਕੁਝ ਦੂਰੀ ਤੇ ਤਬਦੀਲ ਕੀਤਾ ਜਾਵੇ ਅਤੇ ਬੂਥਾਂ ਅਤੇ ਸ਼ੋਅਰੂਮਾਂ ਦੇ ਅੱਗੇ ਪਿਆ ਕੂੜਾ ਚੁਕਵਾਇਆ ਜਾਵੇ|

Leave a Reply

Your email address will not be published. Required fields are marked *