ਵਫਾ ਨਹੀਂ ਹੋਏ ਮੋਦੀ ਸਰਕਰ ਦੇ ਕਾਲਾ ਧਨ ਵਾਪਿਸ ਲਿਆਉਣ ਦੇ ਵਾਇਦੇ

ਭਾਰਤੀ ਅਮੀਰਾਂ ਵਲੋਂ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਕਰਵਾਏ ਗਏ ਕਾਲੇ ਧਨ ਨੂੰ ਮੁੱਦਾ ਬਣਾ ਕੇ ਦੇਸ਼ ਦੀ ਸੱਤਾ ਸੰਭਾਲਣ ਵਾਲੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਚਲਣ ਵਾਲੀ ਕੇਂਦਰ ਦੀ ਐਨ ਡੀ ਏ ਸਰਕਾਰ ਵਲੋਂ ਪਿਛਲੇ ਤਿੰਨ ਸਾਲਾਂ ਦੌਰਾਨ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਕਾਲੇ ਧਨ ਨੂੰ ਵਾਪਸ ਲਿਆਉਣ ਦੇ ਨਾਮ ਤੇ ਜਬਾਨੀ ਜਮਾ ਖਰਚ ਤਾਂ ਬਹੁਤ ਕੀਤਾ ਗਿਆ ਹੈ ਪਰੰਤੂ  ਇਸ ਸੰਬੰਧੀ ਸਰਕਾਰ ਵਲੋਂ ਕੋਈ ਅਸਰਦਾਰ ਕਾਰਵਾਈ ਨਾ ਕੀਤੇ ਜਾਣ ਦਾ ਹੀ ਨਤੀਜਾ ਹੈ ਕਿ ਵਿਦੇਸ਼ੀ ਬੈਂਕਾਂ ਵਿੱਚ ਵੱਡੀਆਂ ਰਕਮਾਂ ਜਮ੍ਹਾਂ ਕਰਕੇ ਰੱਖਣ ਵਾਲੇ ਭਾਰਤੀ ਅਮੀਰਾਂ ਵਲੋਂ ਵਿਦੇਸ਼ੀ ਬੈਂਕਾਂ  ਵਿੱਚ ਰੱਖੀ ਆਪਣੀ ਰਕਮ (ਕਾਫੀ ਹੱਦ ਤਕ) ਟਿਕਾਣੇ ਲਗਾ ਦਿੱਤੀ ਗਈ ਹੈ| ਬੀਤੇ ਦਿਨੀਂ ਆਈ ਇੱਕ ਤਾਜਾ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਸਵਿਟਜਰਲੈਂਡ ਦੇ ਬੈਂਕਾਂ ਵਿੱਚ ਜਮਾਂ ਵਿਦੇਸ਼ੀ ਨਾਗਰਿਕਾਂ ਦੀ ਰਕਮ ਵਿੱਚ ਭਾਰਤੀਆਂ ਦੀ ਜਮਾਂ ਰਕਮ ਵਿੱਚ ਭਾਰੀ ਕਮੀ ਆਈ ਹੈ ਅਤੇ ਹੁਣ ਉੱਥੇ ਨਾਂਮਾਤਰ ਦੀ ਹੀ ਰਕਮ ਬਚੀ ਹੈ|
ਉਂਝ ਵੀ ਕਾਲੇ ਧਨ ਦੇ ਮੁੱਦੇ ਤੇ ਮੋਦੀ ਸਰਕਾਰ ਦੀ ਹੁਣ ਤਕ ਦੀ ਕਾਰਗੁਜਾਰੀ ਲਗਭਗ ਸਿਫਰ ਹੀ ਰਹੀ ਹੈ ਅਤੇ ਅਜਿਹਾ ਬਿਲਕੁਲ ਵੀ ਨਹੀਂ ਲੱਗਦਾ ਕਿ ਉਹ ਆਪਣਾ ਮੌਜੂਦਾ ਕਾਰਜਕਾਲ ਖਤਮ ਹੋਣ ਤਕ ਇਸ ਮੁੱਦੇ ਤੇ ਕੋਈ ਫੈਸਲਾਕੁੰਨ ਕਾਰਵਾਈ ਕਰਨ ਦੀ ਸਮਰਥ ਹੋਵੇਗੀ| ਹਾਂ ਇਸ ਸੰਬੰਧੀ ਸਰਕਾਰ ਦੀ ਬਿਆਨਬਾਜੀ ਜਰੂਰ ਸਮੇਂ ਸਮੇਂ ਤੇ ਜੋਰ ਫੜ ਜਾਂਦੀ ਹੈ ਅਤੇ ਆਪਣੇ ਦਾਅਵਿਆਂ ਵਿੱਚ ਸਰਕਾਰ ਕਾਲੇ ਧਨ ਦੇ ਖਿਲਾਫ ਵੱਧ ਚੜ੍ਹ ਕੇ ਕਾਰਵਾਈ ਕਰਨ ਦੇ ਲੰਬੇ ਚੌੜੇ ਦਾਅਵੇ ਜਰੂਰ ਸਾਮ੍ਹਣੇ ਆਉਣੇ ਹਨ|
ਭਾਜਪਾ ਹੀ ਨਹੀਂ ਬਲਕਿ ਕਮੋਬੇਸ਼ ਦੇਸ਼ ਦੀਆਂ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਦੀ ਇਹੀ ਹਾਲਤ ਹੈ| ਹਰ ਵਾਰ ਚੋਣਾਂ ਮੌਕੇ ਸਾਡੀਆਂ ਸਿਆਸੀ ਪਾਰਟੀਆਂ ਵਲੋਂ ਭਾਵੇਂ ਕਾਲੇ ਧਨ ਨੂੰ ਮੁੱਦਾ ਬਣਾਇਆ ਜਾਂਦਾ ਹੈ ਪਰੰਤੂ ਇਹਨਾਂ ਸਿਆਸੀ ਪਾਰਟੀਆਂ ਦੀ ਖੁਦ ਦੀ ਹਾਲਤ ਗਲੇ ਤਕ ਆ ਚੁੱਕੇ ਪਾਣੀ ਵਿੱਚ ਖੜ੍ਹਾ ਹੋ ਕੇ ਖੁਦ ਨੂੰ ਸੁੱਕਾ ਸਾਬਿਤ ਕਰਨ ਵਰਗੀ ਹੀ ਹੁੰਦੀ ਹੈ| ਅਸੀਂ ਸਾਰੇ ਹੀ ਜਾਣਦੇ ਹਾਂ ਕਿ ਚੋਣਾਂ ਦੌਰਾਨ ਇਹਨਾਂ ਸਿਆਸੀ ਪਾਰਟੀਆਂ ਅਤੇ ਉਹਨਾਂ ਵਲੋਂ ਚੋਣ ਲੜਣ ਵਾਲੇ ਉਮੀਦਵਾਰਾਂ ਵਲੋਂ ਕਿਸ ਤਰ੍ਹਾਂ ਪਾਣੀ ਵਾਂਗ ਪੈਸਾ ਬਹਾਇਆ ਜਾਂਦਾ ਹੈ ਅਤੇ ਕਾਲੇ ਧਨ ਦੀ ਖੁੱਲੀ ਵਰਤੋਂ ਕਰਨ ਵਾਲੇ ਸਾਡੇ ਇਹਨਾਂ ਰਾਜਨੀਤਿਕ ਨੇਤਾਵਾਂ ਤੋਂ ਇਹ ਆਸ ਕਿਵੇਂ ਕੀਤੀ ਜਾ ਸਕਦੀ ਹੈ ਕਿ ਉਹ ਕਾਲੇ ਧਨ ਦੇ ਖਿਲਾਫ ਕਿਸੇ ਸਮਰਥ ਕਾਰਵਾਈ ਨੂੰ ਅੰਜਾਮ ਦੇਣਗੇ|
ਇਹ ਵੀ ਕਿਹਾ ਜਾ ਸਕਦਾ ਹੈ ਕਿ ਕਾਲੇ ਧਨ ਦਾ ਸਭ ਤੋਂ ਵੱਡਾ ਭੰਡਾਰ ਤਾਂ ਸਾਡੀਆਂ ਸਿਆਸੀ ਪਾਰਟੀਆਂ ਅਤੇ ਇਹਨਾਂ ਦੇ ਆਗੂਆਂ ਕੋਲ ਹੀ ਹੈ| ਚੋਣਾਂ ਮੌਕੇ ਤਾਂ ਇਹਨਾਂ ਵਲੋਂ  ਪਾਣੀ ਵਾਂਗ ਪੈਸਾ ਰੋੜ੍ਹਿਆ ਜਾਂਦਾ ਹੈ ਪਰੰਤੂ ਬਾਕੀ ਦੇ ਸਮੇਂ ਦੌਰਾਨ ਇਹਨਾਂ ਦਾ ਪੂਰਾ ਜੋਰ ਰਕਮ ਇਕੱਠੀ ਕਰਨ ਤੇ ਹੀ ਰਹਿੰਦਾ ਹੈ ਅਤੇ ਇਸ ਦੌਰਾਨ ਜਿਹੜੇ ਵਿਅਕਤੀ ਇਹਨਾਂ ਨੂੰ ਮੋਟਾ ਚੰਦਾ (ਜਾਂ ਦਾਨ) ਦਿੰਦੇ ਹਨ, ਮੌਕਾ ਆਉਣ ਤੇ ਉਹਨਾਂ ਨੂੰ ਲੋੜੀਂਦਾ ਫਾਇਦਾ ਦੇਣ ਲਈ ਇਹ ਪਾਰਟੀਆਂ ਅਤੇ ਉਹਨਾਂ ਦੇ ਆਗੂ ਹਰ ਸਮੇਂ ਤਿਆਰ ਰਹਿੰਦੇ ਹਨ|  ਸਿਆਸੀ ਪਾਰਟੀਆਂ ਨੂੰ ਮੋਟਾ ਫੰਡ ਦੇਣ ਵਾਲੇ ਅਤੇ ਬਦਲੇ ਵਿੱਚ ਵੱਡੇ ਲਾਭ ਲੈਣ ਵਾਲੇ ਲੋਕਾਂ ਵਿੱਚ ਰੇਤ ਮਾਫੀਆ, ਸ਼ਰਾਬ ਮਾਫੀਆ, ਭੂ ਮਾਫੀਆ, ਟਰਾਂਸਪੋਰਟ ਮਾਫੀਆ, ਕੋਇਲੇ ਦੀਆਂ ਖਦਾਨਾਂ ਲੈਣ ਵਾਲੇ, ਤੇਲ ਤੇ ਕੁਦਰਤੀ ਗੈਸ ਨਾਲ ਜੁੜੇ ਵਪਾਰੀ ਸਮੇਤ ਵੱਡੇ ਵੱਡੇ ਅਜਿਹੇ ਲੋਕ ਸ਼ਾਮਿਲ ਹੁੰਦੇ ਹਨ ਜਿਨ੍ਹਾਂ ਦਾ ਨਾਮ ਜੇਕਰ ਸਾਹਮਣੇ ਆ ਜਾਵੇ ਤਾਂ ਇਹਨਾਂ ਪਾਰਟੀਆਂ ਦੀ ਅਸਲੀਅਤ ਲੋਕਾਂ ਅੱਗੇ ਖੁੱਲ ਸਕਦੀ ਹੈ|
ਸਾਡੀਆਂ ਸਿਆਸੀ ਪਾਰਟੀਆਂ ਦੀ ਤਾਂ ਖੁਦ ਦੀ ਹਾਲਤ ਇਹ ਹੈ ਕਿ ਜਿਹੜੀ ਰਕਮ ਉਹ ਵੱਖ ਵੱਖ ਤਰੀਕਿਆਂ (ਜਿਵੇਂ ਚੰਦੇ, ਦਾਨ, ਮਦਦ ਆਦਿ) ਨਾਲ ਇਕੱਤਰ ਕਰਦੀਆਂ ਹਨ, ਉਸ ਬਾਰੇ ਵੀ ਉਹ ਜਨਤਾ ਨੂੰ ਲੋੜੀਂਦੀ ਜਾਣਕਾਰੀ ਦੇਣ ਲਈ ਤਿਆਰ ਨਹੀਂ ਹੁੰਦੀਆਂ| ਦੇਸ਼ ਵਿੱਚ ਕਾਲੇ ਧਨ ਦੇ ਪ੍ਰਵਾਹ ਤੇ ਰੋਕ ਲਗਾਉਣ ਲਈ ਸਭ ਤੋਂ ਜਰੂਰੀ ਹੈ ਕਿ ਸਿਆਸੀ ਪਾਰਟੀਆਂ ਵਲੋਂ ਇਕੱਠੇ ਕੀਤੇ ਜਾਂਦੇ ਕਾਲੇ ਧਨ ਦੀ ਕਾਰਵਾਈ ਤੇ ਸਖਤੀ ਨਾਲ ਰੋਕ ਲੱਗੇ ਅਤੇ ਇਹਨਾਂ ਨੂੰ ਮਿਲਣ ਵਾਲੇ ਹਰ ਛੋਟੇ ਵੱਡੇ ਫੰਡ ਬਾਰੇ ਜਾਣਕਾਰੀ ਜਨਤਕ ਕੀਤੀ ਜਾਵੇ| ਚੋਣਾਂ ਵਿੱਚ ਕਰੋੜਾਂ ਰੁਪਏ ਖਰਚ ਕਰਕੇ ਅਤੇ ਵਾਰੀ ਬਦਲ ਕੇ ਦੇਸ਼ ਦੀ ਸੱਤਾ ਸੰਭਾਲਣ ਵਾਲੀਆਂ ਇਹਨਾਂ ਪਾਰਟੀਆਂ ਨੂੰ ਮਿਲਣ ਵਾਲੇ ਫੰਡਾਂ ਦੀ ਅਸਲੀਅਤ ਹਰ ਹਾਲ ਵਿੱਚ ਜੱਗਜਾਹਿਰ ਹੋਣੀ ਚਾਹੀਦੀ ਹੈ ਪਰੰਤੂ ਅਜਿਹਾ ਹੋ ਪਾਏਗਾ ਇਸਦੀ ਸੰਭਵਨਾ ਘੱਟ ਹੀ ਹੈ|

Leave a Reply

Your email address will not be published. Required fields are marked *