ਵਰਲਡ ਸ਼ੂਟਿੰਗ ਚੈਂਪੀਅਨਸ਼ਿਪ : ਹਿਰਦੇ ਅਤੇ ਮਹਿਲਾ ਟੀਮ ਨੇ ਜਿੱਤੇ ਦੋ ਸੋਨ ਤਮਗੇ

ਚਾਂਗਵੋਨ, 7 ਸਤੰਬਰ (ਸ.ਬ.) ਭਾਰਤੀ ਨਿਸ਼ਾਨੇਬਾਜ਼ ਹਿਰਦੇ ਹਜ਼ਾਰਿਕਾ ਨੇ ਇੱਥੇ ਚਲ ਰਹੀ ਆਈ.ਐਸ.ਐਸ.ਐਫ. ਵਿਸ਼ਵ ਚੈਂਪੀਅਨਸ਼ਿਪ ਵਿੱਚ ਜੂਨੀਅਰ 10 ਮੀਟਰ ਏਅਰ ਰਾਈਫਲ ਵਿੱਚ ਸੋਨ ਤਮਗਾ ਜਿੱਤਿਆ ਜਦਕਿ ਮਹਿਲਾ ਟੀਮ ਨੇ ਵਿਸ਼ਵ ਰਿਕਾਰਡ ਦੇ ਨਾਲ ਸੋਨ ਤਮਗਾ ਆਪਣੀ ਝੋਲੀ ਵਿੱਚ ਪਾਇਆ| ਫਾਈਨਲ ਲਈ ਕੁਆਲੀਫਾਈ ਕਰਨ ਵਾਲੇ ਇਕੱਲੇ ਭਾਰਤੀ ਹਜ਼ਾਰਿਕਾ ਨੇ 627.3 ਦਾ ਸਕੋਰ ਕੀਤਾ| ਫਾਈਨਲ ਵਿੱਚ ਉਨ੍ਹਾਂ ਦੇ ਵਿਰੋਧੀ ਇਰਾਨ ਦੇ ਮੁਹੰਮਦ ਆਮਿਰ ਨੋਕੂਨਾਮ ਦਾ ਸਕੋਰ 250.1 ਰਿਹਾ|
ਹਜ਼ਾਰਿਕਾ ਨੇ ਸ਼ੂਟ ਆਫ ਵਿੱਚ ਜਿੱਤ ਦਰਜ ਕੀਤੀ| ਰੂਸ ਦੇ ਗ੍ਰਿਗੋਰੀ ਸ਼ਾਮਾਕੋਵ ਨੂੰ ਕਾਂਸੀ ਤਮਗਾ ਮਿਲਿਆ| ਭਾਰਤੀ ਟੀਮ 1872.3 ਅੰਕ ਲੈ ਕੇ ਚੌਥੇ ਸਥਾਨ ਉਤੇ ਰਹੀ ਜਿਸ ਵਿੱਚ ਹਜ਼ਾਰਿਕਾ, ਦਿਵਿਆਂਸ਼ ਪੰਵਾਰ ਅਤੇ ਅਰਜੁਨ ਬਾਬੁਟਾ ਸ਼ਾਮਲ ਸਨ| ਭਾਰਤੀ ਮਹਿਲਾ 10 ਮੀਟਰ ਏਅਰ ਰਾਈਫਲ ਟੀਮ ਨੇ 1880.7 ਦੇ ਸਕੋਰ ਦੇ ਨਾਲ ਵਿਸ਼ਵ ਰਿਕਾਰਡ ਬਣਾਉਂਦੇ ਹੋਏ ਸੋਨ ਤਮਗਾ ਆਪਣੇ ਨਾਂ ਕੀਤਾ| ਭਾਰਤੀ ਟੀਮ ਵਿੱਚ ਸ਼ਾਮਲ ਇਲਾਵੇਨਿਲ ਵਾਲਾਰੀਵਾਨ (631), ਸ਼੍ਰੇਆ ਅਗਰਵਾਲ (628.5) ਅਤੇ ਮਾਨਿਨੀ ਕੌਸ਼ਿਕ (621.5) ਨੇ ਬਿਹਤਰੀਨ ਪ੍ਰਦਰਸ਼ਨ ਕੀਤਾ|
ਜੂਨੀਅਰ ਵਿਸ਼ਵ ਕੱਪ ਸੋਨ ਤਮਗਾ ਜੇਤੂ ਇਲਾਵੇਨਿਲ ਨੇ ਨਵਾਂ ਵਿਸ਼ਵ ਰਿਕਾਰਡ ਵੀ ਬਣਾਇਆ| ਸੀਨੀਅਰ ਵਰਗ ਵਿੱਚ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਵਿੱਚ ਭਾਰਤ ਨੂੰ ਨਿਰਾਸ਼ਾ ਹੱਥ ਲੱਗੀ ਕਿਉਂਕਿ ਕੋਈ ਵੀ ਭਾਰਤੀ ਫਾਈਨਲ ਵਿੱਚ ਜਗ੍ਹਾ ਨਹੀਂ ਬਣਾ ਸਕਿਆ|
ਏਸ਼ੀਆਈ ਖੇਡਾਂ ਦੇ ਚਾਂਦੀ ਤਮਗਾ ਜੇਤੂ ਸੰਜੀਵ ਰਾਜਪੂਤ 58ਵੇਂ ਸਥਾਨ ਉਤੇ ਰਹੇ| ਸਵਪਨਿਲ ਕੁਸਾਲੇ 55ਵੇਂ ਅਤੇ ਅਖਿਲ ਸ਼ੇਰੋਨ 44ਵੇਂ ਸਥਾਨ ਉਤੇ ਰਹੇ| ਭਾਰਤੀ ਟੀਮ 11ਵੇਂ ਸਥਾਨ ਉਤੇ ਰਹੀ|

Leave a Reply

Your email address will not be published. Required fields are marked *