ਵਰਵਰਾ ਰਾਉ ਅਤੇ ਹੋਰਨਾਂ ਬੁੱਧੀਜੀਵੀਆਂ ਨੂੰ ਰਿਹਾ ਕਰਨ ਦੀ ਮੰਗ

ਚੰਡੀਗੜ੍ਹ, 18 ਜੁਲਾਈ (ਸ.ਬ.) ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵਲੋਂ ਮੰਗ ਕੀਤੀ ਗਈ ਹੈ ਕਿ ਤਾਮਿਲ ਕਵੀ ਵਰਵਰਾ ਰਾਉ ਸਮੇਤ ਭੀਮਾ             ਕੋਰੇਗਾਉਂ ਅਤੇ ਅਲਗਾਰ ਪ੍ਰੀਸ਼ਦ ਨਾਲ ਸੰਬੰਧਿਤ ਕੇਸਾਂ ਵਿੱਚ ਨਾਜਾਇਜ਼ ਤੌਰ ਤੇ ਫਸਾਏ ਗਏ ਸਾਰੇ ਲੇਖਕਾਂ, ਬੁੱਧੀਜੀਵੀਆਂ, ਚਿੰਤਕਾਂ, ਪੱਤਰਕਾਰਾਂ ਅਤੇ ਸਮਾਜਿਕ ਕਾਰਕੁੰਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ| 
ਸਭਾ ਦੇ ਮੈਂਬਰਾਂ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਆਪਣੀ ਫਾਜ਼ੀਵਾਦੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲੇ ਲੇਖਕਾਂ, ਚਿੰਤਕਾਂ ਤੇ ਸਮਾਜਿਕ ਨਿਆਂ ਅਤੇ ਆਜ਼ਾਦੀ ਦੀ ਮੰਗ ਕਰਨ ਵਾਲੇ ਸੱਭਿਆਚਾਰਕ ਕਾਮਿਆਂ ਨੂੰ ਨਿੱਤ ਨਵੇਂ ਝੂਠੇ ਕੇਸਾਂ ਵਿੱਚ ਨਾਮਜ਼ਦ ਕਰਦੀ ਹੈ| ਉਹਨਾਂ ਕਿਹਾ ਕਿ ਆਂਧਰਾ ਪ੍ਰਦੇਸ਼ ਦੇ ਉੱਘੇ ਕਵੀ, ਆਲੋਚਕ ਤੇ ਵਿਸ਼ਵ ਪੱਧਰ ਤੇ ਖਿਆਤੀ ਪ੍ਰਾਪਤ ਪ੍ਰੋ. ਵਰਵਰਾ ਰਾਉ (ਜੋ 81 ਸਾਲ ਦੇ ਹਨ ਅਤੇ ਕਈ ਗੰਭੀਰ ਬੀਮਾਰੀਆਂ ਤੋਂ ਪੀੜਤ ਹਨ) ਦੀ ਰਿਹਾਈ ਲਈ ਦੁਨੀਆਂ ਭਰ ਦੇ ਬੁੱਧੀਜੀਵੀ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ|
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਸੀਨੀ. ਮੀਤ ਪ੍ਰਧਾਨ ਜੋਗਾ ਸਿੰਘ, ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਵਰਵਰਾ ਰਾਉ, ਆਨੰਦ ਤੇਲਤੁੰਬੜੇ, ਗੌਤਮ ਨਵਲੱਖਾ, ਸੁਧਾ ਭਾਰਦਵਾਜ, ਅਰੁਣ ਫਰੇਰਾ, ਵਰਨੌਨ ਗੋਂਜ਼ਾਲਵੇਜ਼, ਸੂਯਨ ਅਬਰਾਹਮ, ਫਾਦਰ ਸਤਨ ਸਵਾਮੀ, ਮੀਰਾਨ ਹੈਦਰ, ਸਫੂਰਾ ਜਰਗਰ, ਅਖਿਲ ਗਗੋਈ, ਪ੍ਰੋ. ਸ਼ੋਮਾਸੇਨ, ਮਹੇਸ਼ ਰਾਉਤ, ਡਾ. ਕਫੀਲ ਖਾਨ ਆਦਿ ਨੂੰ ਤੁਰੰਤ ਰਿਹਾ ਕਰੇ ਅਤੇ ਉਨ੍ਹਾਂ ਤੇ ਬਣਾਏ ਝੂਠੇ ਕੇਸ ਵਾਪਸ ਲਵੇ| 
ਸਭਾ ਦੇ ਅਹੁਦੇਦਾਰਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਨ੍ਹਾਂ ਬੁੱਧੀਜੀਵੀਆਂ ਨੂੰ ਬਿਨਾਂ ਸ਼ਰਤ ਰਿਹਾਅ ਨਾ ਕੀਤਾ ਤਾਂ ਪੰਜਾਬੀ ਲੇਖਕ ਸੜਕਾਂ ਉੱਤੇ ਉਤਰਨ ਲਈ ਮਜਬੂਰ ਹੋਣਗੇ|

Leave a Reply

Your email address will not be published. Required fields are marked *