ਵਸਨੀਕਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ

ਖਰੜ, 27 ਅਗਸਤ (ਸ਼ਮਿੰਦਰ ਸਿੰਘ) ਬਹੁਜਨ ਸਮਾਜ ਪਾਰਟੀ ਦੀ ਖਰੜ ਇਕਾਈ ਦੇ ਆਗੂਆਂ ਵਲੋਂ ਖਰੜ ਦੇ ਐਸ ਡੀ ਐਮ ਅਤੇ ਨਗਰ ਕੌਂਸਲ ਖਰੜ ਨਾਲ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਗੁਰੂ ਤੇਗ ਬਹਾਦਰ ਨਗਰ ਦੀਆਂ ਮੁਸ਼ਕਿਲਾਂ ਸਬੰਧੀ ਜਾਣੂ ਕਰਵਾਇਆ ਗਿਆ|
ਇਸ ਮੌਕੇ ਹਰਨੇਕ ਸਿੰਘ ਦੇਵਪੁਰੀ ਜ਼ੋਨ ਇੰਚਾਰਜ, ਹਾਰਕਾ ਦਾਸ ਅਤੇ ਕਰਮਜੀਤ ਨੇ ਐਸ ਡੀ ਐਮ ਨੂੰ ਦੱਸਿਆ ਕਿ ਬਰਸਾਤੀ ਚੋਈ ਵਿਚ ਪਾਇਆ ਗਿਆ ਸੀਵਰੇਜ ਦਾ ਗੰਦਾ ਪਾਣੀ ਬੰਦ ਕਰਨ, ਇਸ ਦੀ ਸਫਾਈ ਦੇ ਕੰਮਾਂ ਸਬੰਧੀ ਪਿਛਲੇ ਤਕਰੀਬਨ 2 ਸਾਲਾਂ ਤੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨਾਲ ਪੱਤਰ ਵਿਹਾਰ ਚਲ ਰਿਹਾ ਹੈ ਪਰੰਤੂ ਨਗਰ ਕੌਂਸਿਲ ਵਲੋਂ ਕੁੱਝ ਨਹੀਂ ਕੀਤਾ ਗਿਆ| 
ਉਹਨਾਂ ਦੱਸਿਆ ਕਿ ਇਸ ਕਾਰਨ ਪਿਛਲੇ ਦਿਨੀਂ ਹੋਈਆਂ ਬਰਸਾਤਾਂ ਨਾਲ ਗਲੀਆਂ ਅਤੇ ਕੁਝ ਵਸਨੀਕਾਂ ਦੇ ਘਰਾਂ ਵਿਚ ਵੀ ਪਾਣੀ ਦਾਖ਼ਲ ਹੋ ਗਿਆ ਸੀ| ਉਹਨਾਂ ਕਿਹਾ ਕਿ  ਨਗਰ ਕੌਂਸਲ ਵੱਲੋਂ ਇਸ ਨੂੰ ਖੋਲਣ ਦੀ ਬਜਾਏ ਇਸ ਬੰਦ ਪਾਏ ਨਾਲੇ ਦੇ ਕੁਝ ਹਿੱਸੇ ਵਿਚ ਉਸ ਦੇ ਉਪਰ ਹੀ ਛੋਟੀ ਪਾਈਪ ਲਾਇਨ ਉੱਚੀ ਚੁੱਕ ਕੇ ਪਾ ਦਿੱਤੀ ਗਈ ਹੈ, ਜਿਸ ਨਾਲ ਪਹਿਲਾ ਨਿਕਲਦਾ ਥੋੜਾ ਬਹੁਤ ਬਰਸਾਤੀ ਪਾਣੀ ਵੀ ਬਿਲਕੁਲ ਬੰਦ ਹੋ ਗਿਆ ਹੈ ਜਿਸ ਕਾਰਨ ਵਸਨੀਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ| ਇਸ ਸੰਬਧੀ ਪਾਰਟੀ ਵਲੋਂ ਖਰੜ ਦੇ ਐਸ.ਡੀ.ਐਮ ਸ਼੍ਰੀ ਹਿਮਾਂਸ਼ੂ ਜੈਨ ਨੂੰ ਮੰਗ ਪੱਤਰ ਸੌਂਪਿਆ ਗਿਆ|

Leave a Reply

Your email address will not be published. Required fields are marked *