ਵਹਿਮਾਂ ਭਰਮਾਂ ਸਹਾਰੇ ਲੋਕਾਂ ਨੂੰ ਠੱਗਦੇ ਜੋਤਸ਼ੀਆਂ ਵਿਰੁੱਧ ਹੋਵੇ ਸਖਤ ਕਾਰਵਾਈ

ਕੋਰੋਨਾ ਦੀ ਇਸ ਮਹਾਮਾਰੀ ਦੌਰਾਨ ਜਿੱਥੇ ਆਮ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਦੁਸ਼ਵਾਰੀਆਂ ਸਹਿਣੀਆਂ ਪੈ ਰਹੀਆਂ ਹਨ ਉੱਥੇ ਹੁਣੇ ਵੀ ਅਜਿਹੇ ਲੋਕਾਂ ਦੀ ਕਮੀ ਨਹੀਂ ਹੈ ਜਿਹੜੇ ਕੋਰੋਨਾ ਤੋਂ ਬਚਾਓ ਲਈ ਵਿਗਿਆਨਕ ਢੰਗ ਤਰੀਕੇ ਅਖਤਿਆਰ ਕਰਨ ਦੀ ਥਾਂ ਹੁਣੇ ਵੀ ਵਹਿਮਾਂ ਭਰਮਾਂ ਵਿੱਚ ਫਸੇ ਨਜਰ ਆਉਂਦੇ ਹਨ| ਇਸ ਦੌਰਾਨ ਬਿਮਾਰੀ ਤੇ ਕਾਬੂ ਕਰਨ ਲਈ ਥਾਲੀਆਂ ਖੜਕਾਉਣ, ਇਹ ਸਾਰਾ ਕੁੱਝ ਇਹ ਸਾਬਿਤ ਕਰਦਾ ਹੈ ਕਿ ਪਿਛਲੇ ਸਮੇਂ ਦੌਰਾਨ ਭਾਵੇਂ ਵਿਗਿਆਨ ਨੇ ਭਰਪੂਰ ਤਰੱਕੀ ਕੀਤੀ ਹੈ ਅਤੇ ਇਸਦੇ ਸਹਾਰੇ ਇਨਸਾਨ ਪੁਲਾੜ ਦੇ ਕਈ ਅਣਸੁਲਝੇ ਰਹੱਸਾਂ ਨੂੰ ਸਮਝਣ ਵਿੱਚ ਵੀ ਕਾਮਯਾਬ ਹੋਇਆ ਹੈ ਪਰੰਤੂ ਵਿਗਿਆਨ ਹੁਣ ਤਕ ਇਨਸਾਨ ਦੀ ਆਪਣੇ ਭਵਿੱਖ ਦੀ ਜਾਣਕਾਰੀ ਹਾਸਿਲ ਕਰਨ ਜਿਗਿਆਸਾ ਦਾ ਹੱਲ ਕਰਨ ਦਾ ਸਮਰਥ ਨਹੀਂ ਹੋ ਪਾਇਆ ਹੈ ਅਤੇ ਇਹੀ ਕਾਰਨ ਹੈ ਕਿ ਅੱਜ ਦਾ ਮਨੁੱਖ ਹੁਣੇ ਵੀ ਵਹਿਮਾਂ ਭਰਮਾਂ ਦੀ ਜਕੜ ਵਿੱਚ ਫਸਿਆ ਹੋਇਆ ਹੈ| 
ਮਨੁੱਖ ਵਿੱਚ ਆਪਣੇ ਆਉਣ ਵਾਲੇ ਭਵਿੱਖ ਨੂੰ ਜਾਣਨ ਦੀ ਜਿਗਿਆਸਾ ਸੈਂਕੜੇ ਸਾਲ ਪਹਿਲਾਂ ਤੋਂ ਚਲਦੀ ਆ ਰਹੀ ਹੈ ਅਤੇ ਆਪਣੇ ਭਵਿੱਖ ਦੀ ਅਗਾਊਂ ਜਾਣਕਾਰੀ ਹਾਸਿਲ ਕਰਨ ਲਈ ਉਹ ਕੋਈ ਵੀ ਕੀਮਤ ਅਦਾ ਕਰਨ ਲਈ ਤਿਆਰ ਰਹਿੰਦਾ ਹੈ| ਆਪਣੇ ਭਵਿੱਖ ਦੀ ਜਾਣਕਾਰੀ ਹਾਸਿਲ ਕਰਨ ਦੀ ਇਹ ਚਾਹਤ ਹੀ ਮਨੁੱਖ ਨੂੰ ਜੋਤਸ਼ੀਆਂ ਦੇ ਚੱਕਰ ਵਿੱਚ ਫਸਾਉਂਦੀ ਹੈ ਅਤੇ ਇਹ ਜੋਤਸ਼ੀ ਆਮ ਲੋਕਾਂ ਦੀ ਇਸ ਮਾਨਸਿਕਤਾ ਦਾ ਖੁੱਲ੍ਹ ਕੇ ਫਾਇਦਾ ਚੁੱਕਦੇ ਹਨ| ਇਹ ਜੋਤਸ਼ੀ ਭਾਵੇਂ ਆਪਣੇ ਖੁਦ ਦੇ ਭਵਿੱਖ ਬਾਰੇ ਕੁੱਝ ਨਾ ਜਾਣਦੇ ਹੋਣ ਪਰੰਤੂ ਉਹ ਆਪਣੇ ਕੋਲ ਆਉਣ ਵਾਲੇ ਲੋਕਾਂ ਨੂੰ ਉਹਨਾਂ ਦੇ ਭਵਿੱਖ ਦੇ ਨਾਮ ਤੇ ਉਲ ਜਲੂਲ ਜਾਣਕਾਰੀਆਂ ਦੇ ਕੇ ਉਹਨਾਂ ਨੂੰ ਠੱਗਦੇ ਹਨ| 
ਇਹ ਜੋਤਸ਼ੀ ਦਾਅਵਾ ਕਰਦੇ ਹਨ ਕਿ ਉਹ ਨਾ ਸਿਰਫ ਕਿਸੇ ਦੇ ਭਵਿੱਖ ਦਾ ਪੂਰਾ ਵੇਰਵਾ ਦੱਸ ਸਕਦੇ ਹਨ ਬਲਕਿ ਆਪਣੇ ਕੋਲ ਆਉਣ ਵਾਲਿਆਂ ਦੇ ਭਵਿੱਖ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਦਾ ਹੱਲ ਵੀ ਕਰ ਸਕਦੇ ਹਨ| ਇਸ ਵਾਸਤੇ ਇਹ ਕਈ ਤਰ੍ਹਾਂ ਦੇ ਤਰੀਕੇ (ਉਪਾਅ) ਵੀ ਦੱਸਦੇ ਹਨ ਜਿਹੜੇ ਅਸਲ ਵਿੱਚ ਲੋਕਾਂ ਵਿੱਚ ਅੰਧਵਿਸ਼ਵਾਸ਼ ਫੈਲਾਉਣ ਵਾਲੇ ਹੀ ਹੁੰਦੇ ਹਨ ਅਤੇ ਇਸੇ ਬਹਾਨੇ ਇਹ ਆਪਣੇ ਕੋਲ ਆਉਣ ਵਾਲਿਆਂ ਨੂੰ ਠੱਗਦੇ ਹਨ| ਲੋਕਾਂ ਨੂੰ ਮੂਰਖ ਬਣਾ ਕੇ ਠੱਗਣ ਵਾਲੇ ਇਹਨਾਂ ਜੋਤਸ਼ੀਆਂ ਵਲੋਂ ਵਹਿਮਾਂ ਭਰਮਾਂ  ਅਤੇ ਅੰਧਵਿਸ਼ਵਾਸ਼ ਦੇ ਸਹਾਰੇ ਕੀਤੀ ਜਾਣ ਵਾਲੀ ਠੱਗੀ ਦੀ ਇਸ ਕਾਰਵਾਈ ਨੂੰ ਪੂਰੇ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿੱਤਾ ਜਾਂਦਾ ਹੈ| ਇਹ ਜੋਤਸ਼ੀ ਸੰਚਾਰ ਮਾਧਿਅਮਾਂ ਵਿੱਚ ਬਾਕਾਇਦਾ ਵੱਡੇ ਵੱਡੇ ਇਸ਼ਤਿਹਾਰ ਦਿੰਦੇ ਹਨ ਅਤੇ ਲੋਕਾਂ ਨੂੰਪ੍ਰਭਾਵਿਤ ਕਰਨ ਲਈ ਕੀਤੀ ਜਾਣ ਵਾਲੀ ਇਸ ਇਸ਼ਤਿਹਾਰਬਾਜੀ ਵਿੱਚ ਤੰਤਰ ਮੰਤਰ ਦੀ ਮਦਦ ਨਾਲ ਚਮਤਕਾਰ ਕਰਨ ਦੇ ਦਾਅਵੇ ਤੱਕ ਕੀਤੇ ਜਾਂਦੇ ਹਨ|
ਇਸ ਤਰੀਕੇ ਨਾਲ ਅੰਧਵਿਸ਼ਵਾਸ਼ ਫੈਲਾ ਕੇ ਇਹ ਜੋਤਸ਼ੀ ਆਪਣੇ ਕੋਲ ਆਉਣ ਵਾਲੇ ਲੋਕਾਂ ਨੂੰ ਮੂਰਖ ਬਣਾ ਕੇ ਉਹਨਾਂ ਨਾਲ ਸਿੱਧੀ ਠੱਗੀ ਮਾਰਦੇ ਹਨ| ਤੰਤਰ ਮੰਤਰ ਅਤੇ ਕਾਲੇ ਜਾਦੂ ਦੀ ਮਦਦ ਨਾਲ ਆਪਣੀ ਸ਼ਰਣ ਵਿੱਚ ਆਉਣ ਵਾਲੇ ਕਿਸੇ ਵੀ ਵਿਅਕਤੀ ਦਾ ਕੋਈ ਵੀ ਕੰਮ ਕਰਵਾ ਦੇਣ ਦਾ ਦਾਅਵਾ ਕਰਨ ਵਾਲੇ ਇਹਨਾਂ ਜੋਤਸ਼ੀਆਂ ਕੋਲ ਆਉਣ ਵਾਲੇ ਲੋਕ ਕਿਸੇ ਚਮਤਕਾਰ ਦੀ ਆਸ ਇਹਨਾਂ ਦੇ ਜਾਲ ਵਿੱਚ ਫਸਦੇ ਹਨ ਅਤੇ ਠੱਗੀ ਦਾ ਸ਼ਿਕਾਰ ਹੁੰਦੇ ਹਨ| ਇਸ ਤਰੀਕੇ ਨਾਲ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਨਾਲ ਠੱਗੀ ਮਾਰਨ ਦੀ ਇਹਨਾਂ ਜੋਤਸ਼ੀਆਂ ਦੀ ਇਹ ਕਾਰਵਾਈ ਕਾਨੂੰਨ ਦੀ ਸਿੱਧੀ ਉਲੰਘਣਾ ਦੇ ਦਾਇਰੇ ਵਿੱਚ ਆਉਂਦੀ ਹੈ ਪਰੰਤੂ ਪ੍ਰਸ਼ਾਸ਼ਨ ਵਲੋਂ ਇਸ ਸਾਰੇ ਕੁੱਝ ਨੂੰ ਗੰਭੀਰਤਾ ਨਾਲ ਨਾ ਲੈਣ ਕਾਰਨ ਠੱਗੀ ਦੀਆਂ ਇਹ ਦੁਕਾਨਾਂ ਬੇਰੋਕਟੋਕ ਚਲਦੀਆਂ ਹਨ| 
ਇਹ ਗੱਲ ਸਮਝ ਤੋਂ ਪਰ੍ਹੇ ਹੈ ਕਿ ਜਦੋਂ ਇਹ ਜੋਤਸ਼ੀ ਅਜਿਹਾ ਕੋਈ ਚਮਤਕਾਰ ਨਹੀਂ ਕਰ ਸਕਦੇ ਜਿਸਦਾ ਦਾਅਵਾ ਉਹ ਆਪਣੇ ਪ੍ਰਚਾਰ ਵਿੱਚ ਦਿੱਤੇ ਜਾਂਦੇ ਇਸ਼ਤਿਹਾਰਾਂ ਵਿੱਚ ਕਰਦੇ ਹਨ, ਤਾਂ ਉਹਨਾਂ ਦੇ ਖਿਲਾਫ ਜਨਤਾ ਨੂੰ ਗੁੰਮਰਾਹ ਕਰਨ, ਅੰਧਵਿਸ਼ਵਾਸ਼ ਫੈਲਾਉਣ ਅਤੇ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਦੇ ਮਾਮਲੇ ਕਿਉਂ ਨਹੀਂ ਦਰਜ ਕੀਤੇ ਜਾਂਦੇ ਅਤੇ ਜੋਤਿਸ਼ ਅਤੇ ਤੰਤਰ ਮੰਤਰ ਦੇ ਨਾਮ ਤੇ ਚਲਦੇ ਠੱਗੀ ਦੇ ਇਸ ਕਾਰੋਬਾਰ ਤੇ ਰੋਕ ਕਿਉਂ ਨਹੀਂ ਲਗਾਈ ਜਾਂਦੀ| ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਲੋਕਾਂ ਨਾਲ ਕੀਤੀ ਜਾਂਦੀ ਠੱਗੀ ਤੇ ਰੋਕ ਲਗਾਉਣ ਲਈ ਸਖਤ ਕਾਰਵਾਈ ਨੂੰ ਯਕੀਨੀ ਬਣਾਉਣ ਤਾਂ ਜੋ ਇਸ ਤਰੀਕੇ ਨਾਲ ਹੁੰਦੀ ਆਮ ਲੋਕਾਂ ਦੀ ਠੱਗੀ ਦੀ ਇਸ ਕਾਰਵਾਈ ਤੇ ਰੋਕ ਲੱਗੇ|

Leave a Reply

Your email address will not be published. Required fields are marked *