ਵਾਅਦਾ ਖਿਲਾਫੀ ਕੈਪਟਨ ਸਰਕਾਰ ਦੀ ਫਿਤਰਤ ਬਣੀ : ਪਰਮਜੀਤ ਸਿੰਘ ਕਾਹਲੋਂ

ਐਸ ਏ ਐਸ ਨਗਰ, 14 ਫਰਵਰੀ (ਸ.ਬ.) ਵਾਅਦਾ ਖਿਲਾਫੀ ਕਾਂਗਰਸ ਸਰਕਾਰ ਦੀ ਇਕ ਤਰ੍ਹਾਂ ਫਿਤਰਤ ਹੀ ਬਣ ਗਈ ਹੈ ਜਿਸ ਤਹਿਤ ਅੱਜ ਪੰਜਾਬ ਦੀ ਕੈਪਟਨ ਸਰਕਾਰ ਨੇ ਮੁਹਾਲੀ ਹਲਕੇ ਨਾਲ ਵਾਅਦਾ ਖਿਲਾਫੀ ਕਰਦਿਆਂ ਇਥੇ ਬਣਨ ਵਾਲੇ ਮੈਡੀਕਲ ਕਾਲਜ ਨੂੰ ਸਿਫਟ ਕਰਦਿਆਂ ਸੰਗਰੂਰ ਵਿਖੇ ਬਣਾਉਣ ਦਾ ਐਲਾਨ ਕੀਤਾ ਹੈ| ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ਸਾਬਕਾ ਜਿਲ੍ਹਾ ਸ਼ਹਿਰੀ ਪ੍ਰਧਾਨ ਸ. ਪਰਮਜੀਤ ਸਿੰਘ ਕਾਹਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ|
ਇਸ ਮੌਕੇ ਸ੍ਰ. ਕਾਹਲੋਂ ਨੇ ਕਿਹਾ ਕਿ ਸੰਗਰੂਰ ਵਿਖੇ ਪੀ ਜੀ ਆਈ ਦਾ ਸੈਟੇਲਾਈਟ ਸੈਂਟਰ ਬਣ ਗਿਆ ਹੈ ਅਤੇ ਇਕ ਟਾਟਾ ਮੈਮੋਰੀਅਲ ਹਸਪਤਾਲ ਬਣ ਗਿਆ ਜੋ ਕਿ ਕਿਸੇ ਵੀ ਸਮੇਂ ਮੈਡੀਕਲ ਕਾਲਜ ਬਣਾ ਸਕਦੇ ਹਨ| ਇਸ ਕਰਕੇ ਮੁਹਾਲੀ ਵਿਖੇ ਐਲਾਨ ਕੀਤਾ ਮੈਡੀਕਲ ਕਾਲਜ ਇੱਥੇ ਹੀ ਬਣਾਇਆ ਜਾਣਾ ਚਾਹੀਦਾ ਹੈ| ਉਹਨਾਂ ਕਿਹਾ ਕਿ ਸਾਨੂੰ ਕਾਂਗਰਸ ਸਰਕਾਰ ਦੀ ਨੀਅਤ ਤੇ ਪਹਿਲਾਂ ਹੀ ਸ਼ੱਕ ਹੋ ਗਿਆ ਸੀ ਇਸੇ ਕਰਕੇ ਉਹਨਾਂ ਨੇ ਕੈਪਟਨ ਸਰਕਾਰ ਵਲੋਂ ਪਹਿਲੇ ਸਾਲ ਰਿਲੀਜ ਕੀਤਾ ਜਾਣ ਵਾਲਾ 50 ਕਰੋੜ ਰੁਪਏ ਨਾ ਦੇਣ ਅਤੇ ਕਾਲਜ ਲਈ ਜਮੀਨ ਦੀ ਨਿਸ਼ਾਨਦੇਹੀ ਨਾ ਕਰਨ ਬਾਰੇ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਸੀ ਅੱਜ ਸਾਡਾ ਉਹ ਸ਼ੱਕ ਸਹੀ ਸਾਬਿਤ ਹੋਇਆ ਹੈ|
ਉਹਨਾਂ ਕਿਹਾ ਕਿ ਮੁਹਾਲੀ ਬਹੁਤ ਤੇਜੀ ਨਾਲ ਵਿਕਾਸ ਕਰ ਰਿਹਾ ਹੈ ਅਕਾਲੀ ਭਾਜਪਾ ਸਰਕਾਰ ਵੇਲੇ ਇੱਥੇ ਵੱਡੇ ਵੱਡੇ ਪ੍ਰੋਜੈਕਟ ਅਤੇ ਵਿਦਿਅਕ ਅਦਾਰੇ ਖੋਲੇ ਗਏ ਸਨ| ਉਹਨਾਂ ਕਿਹਾ ਕਿ ਜਿਹੜੀ ਕਾਂਗਰਸ ਲੀਡਰਸ਼ਿਪ ਕਾਲਜ ਦੇ ਮੁਹਾਲੀ ਵਿਖੇ ਲਿਆਉਣ ਦਾ ਸਿਹਰਾ ਲੈ ਰਹੀ ਸੀ, ਉਸ ਨੂੰ ਇਹ ਕਾਲਜ ਮੁਹਾਲੀ ਵਿਖੇ ਹੀ ਖੋਲਣ ਲਈ ਆਵਾਜ ਉਠਾਉਣੀ ਚਾਹੀਦੀ ਹੈ|
ਇਸ ਮੌਕੇ ਸੀਨੀਅਰ ਮੁਲਾਜਮ ਆਗੂ ਜਗਦੀਸ਼ ਸਿੰਘ, ਸੀਨੀਅਰ ਆਗੂ ਕੁਲਵਿੰਦਰ ਸਿੰਘ ਰੈਜੀਡੈਂਟਸ ਵੈਲਫੇਅਰ ਐਸੋ, ਸੀਨੀਅਰ ਅਕਾਲੀ ਆਗੂ ਹਰਮਨਦੀਪ ਸਿੰਘ ਸੰਧੂ ਵੀ ਮੌਜੂਦ ਸਨ|

Leave a Reply

Your email address will not be published. Required fields are marked *