ਵਾਟਰ ਸਪਲਾਈ ਦੇ ਮੁਲਾਜਮਾਂ ਨੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟਾਇਆ

ਐਸ.ਏ.ਐਸ.ਨਗਰ, 24 ਜੁਲਾਈ (ਸ.ਬ.) ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਤਾਨਾਸ਼ਾਹੀ ਰਵੱਈਆ ਅਪਣਾਉਂਦਿਆਂ ਗੈਰ-ਸੰਵਿਧਾਨਿਕ ਕਾਰਵਾਈ ਕਰਕੇ ਭਾਰਤ ਸਰਕਾਰ ਵੱਲੋਂ ਲਾਗੂ ਕੀਤੇ 7ਵੇਂ ਪੇਅ ਕਮਿਸ਼ਨ ਦੀ ਰਿਪੋਰਟ ਨੂੰ ਪੰਜਾਬ ਸਰਕਾਰ ਦੇ  ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਤੇ ਹੂ-ਬ-ਹੂ ਲਾਗੂ ਕਰਨ ਦਾ ਪੰਜਾਬ ਭਰ ਦੇ ਮੁਲਾਜਮਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ| ਇਸ ਸੰਬਧੀ ਰੋਸ ਵਜੋਂ ਮੁਹਾਲੀ ਵਾਟਰ ਸਪਲਾਈ ਦੇ ਮੁਲਾਜਮਾਂ ਵਲੋਂ ਇਸ  ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਗਟਾਇਆ ਗਿਆ|
ਇਸ ਮੌਕੇ ਪੰਜਾਬ ਮਨਿਸਟ੍ਰੀਅਲ ਜੱਥੇਬੰਦੀ ਦੇ ਪ੍ਰਧਾਨ ਨਵਵਰਿੰਦਰ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੱਤਰ ਜਾਰੀ ਕਰਕੇ ਪੰਜਾਬ ਸਰਕਾਰ ਦੇ ਸਮੂਹ ਵਿਭਾਗਾਂ ਵਿੱਚ ਨਵੀਂ ਭਰਤੀ ਤੇ ਇਹ ਫੈਸਲਾ ਲਾਗੂ ਕਰਨ ਲਈ ਕਿਹਾ ਗਿਆ ਹੈ ਜਿਸਦੇ ਖਿਲਾਫ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ| ਉਨ੍ਹਾਂ ਕਿਹਾ ਕਿ ਆਉਂਦੀਆਂ ਲੋਕਲ ਬਾਡੀ ਚੋਣਾਂ ਵਿੱਚ ਸਮੁੱਚੇ ਮੁਲਾਜ਼ਮ ਵਰਗ ਸਰਕਾਰ ਨੂੰ ਕਰੜੇ ਹੱਥੀਂ ਲੈਣਗੇ ਅਤੇ  2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਮੁਲਾਜ਼ਮ ਸਰਕਾਰ ਨੂੰ ਸਬਕ ਸਿਖਾਉਣ ਲਈ ਇਕ ਜੁੱਟ ਹੋਣਗੇ| ਉਨ੍ਹਾਂ  ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਪੱਤਰ ਤੁਰੰਤ ਵਾਪਿਸ ਨਹੀਂ ਲਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਨੂੰ ਇਸਦੇ ਮਾੜੇ ਨਤੀਜੇ ਭੁਗਤਣੇ ਪੈਣਗੇ|
ਇਸ ਮੌਕੇ ਹੋਰਨਾਂ ਤੋਂ ਇਲਾਵਾ  ਸੁਖਦੀਪ ਸਿੰਘ, ਸੁਖਦੇਵ ਸਿੰਘ, ਹਰਜੀਤ ਸਿੰਘ, ਜਸਵਿੰਦਰ ਕੌਰ ਰੋਪੜ, ਬਲਰਾਜ ਸਿੰਘ ਅਨੰਦਪੁਰ ਸਾਹਿਬ, ਉਪਿੰਦਰ ਸਿੰਘ, ਰਵਨੀਤ ਢਿਲੋਂ, ਸੂਰਜ ਸ਼ਰਮਾ, ਮਨਜੀਤ ਸਿੰਘ, ਅੰਸ਼ ਮੁੰਹਮਦ  ਅਤੇ ਹੋਰ ਮੁਲਾਜ਼ਮ ਹਾਜਿਰ ਸਨ|

Leave a Reply

Your email address will not be published. Required fields are marked *