ਵਾਤਾਵਰਣ ਦੀ ਸੰਭਾਲ ਲਈ ਉਪਰਾਲੇ ਕਰਨ ਦੀ ਲੋੜ

ਵਾਤਾਵਰਣ ਦੀ ਸਾਂਭ ਸੰਭਾਲ ਪ੍ਰਤੀ ਅੱਜ ਦਾ ਹਰ ਬੁੱਧੀਜੀਵੀ ਜਿੱਥੇ ਜਾਗਰੂਕ ਹੋ ਕੇ ਸਮਾਜ ਨੂੰ ਇਸ ਦਿਸ਼ਾ ਵਿੱਚ ਸੋਚਣ ਲਈ ਜਾਗ੍ਰਤ ਕਰ ਰਿਹਾ ਹੈ – ਧਿਆਨ ਨਾਲ ਦੇਖੀਏ ਤਾਂ ਅੱਜ ਤੋਂ ਕਈ ਸੌ ਸਾਲ ਪਹਿਲਾ ਲਿਖੀ ਗੁਰਬਾਣੀ ਨੇ ਤਾਂ ਉਦੋਂ ਹੀ ਮਨੁੱਖ ਨੂੰ ਵਾਤਾਵਰਣ ਦੀ ਸੰਭਾਲ ਅਤੇ ਕੁਦਰਤੀ ਰਹਿਮਤਾਂ ਬਾਰੇ ਹੌਕਾ ਦਿੱਤਾ ਸੀ|
ਗੁਰਬਾਣੀ ਵਿੱਚ ਤਾਂ ਕਈ ਥਾਂ ਧਰਤੀ ਨੂੰ ਮਾਂ ਦਾ ਦਰਜ਼ਾ ਦਿੱਤਾ ਹੈ, ਪਾਣੀ ਨੂੰ ਉਹ ਪਹਿਲਾ ਜੀਵ-ਸਾਧਨ ਦੱਸਿਆ ਹੈ ਜਿਸ ਨਾਲ ਸ਼੍ਰਿਸ਼ਟੀ ਹਰੀ ਭਰੀ ਹੈ| ਪਰ ਸ਼ਾਇਦ ਮਨੁੱਖ ਨੇ ਇਹ ਧਿਆਨ ਹੀ ਨਹੀ ਦਿੱਤਾ ਕਿ ਆਖਰ ਧਰਤੀ ਤੇ ਪਾਣੀ ਵਿੱਚ ਅਜਿਹਾ ਕੀ ਹੈ ਕਿ ਗੁਰੂ ਸਹਿਬਾਨ ਨੇ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਹੈ| ਜੀ ਹਾਂ ਇਹਨਾਂ ਵਿੱਚ ਗੁਣ ਹੈ ਨਿਮਰਤਾ ਦਾ, ਸਮਾਨਤਾ ਦਾ, ਪਰੋਉਪਕਾਰ ਦਾ, ਆਤਮ ਬਲਿਦਾਨ ਦਾ| ਇਹ ਉਹ ਉਦਾਹਰਣਾਂ ਹਨ ਜੋ ਪੈਰਾਂ ਨੀਚੇ ਰਹਿ ਕੇ ਵੀ ਮਨੁੱਖ ਜਾਤੀ ਨੂੰ ਉੱਚਾ ਚੁੱਕਦੀ ਹੈ, ਪਾਣੀ ਅੰਦਰ ਨੀਵੇਂਪਣ ਦਾ ਗੁਣ ਹੈ ਤਾਂ ਹੀ ਹਮੇਸ਼ਾ ਨੀਵੇਂ ਨੂੰ ਜਾਂਦਾਂ ਹੋਇਆ, ਲੱਖਾਂ ਦੀ ਪਿਆਸ ਬੁਝਾ ਕੇ – ਸਾਰੇ ਜੀਵ-ਜੰਤੂਆਂ ਨੂੰ ਜੀਵਨ ਦੇ ਰਿਹਾ ਹੈ, ਹਵਾ ਅੰਦਰ ਸਮਾਨਤਾ ਹ,ੈ ਕਿਸੇ ਨਾਲ ਵਿਤਕਰਾ ਨਹੀ ਕਰਦੀ ਹਰੇਕ ਦੇ ਹਿਰਦੇ ਨੂੰ ਸਾਂਭ ਕਰਦੀ ਹੈ| ਅੱਜ ਦੇ ਮਨੁੱਖ ਆਪਣੇ ਸੁਆਰਥੀਪੁਣੇ ਅਤੇ ਹੰਕਾਰ ਕਾਰਣ, ਇਕ ਦੂਜੇ ਤੋਂ ਅੱਗੇ ਵੱਧਣ ਦੀ ਦੋੜ, ਈਰਖਾ, ਤੰਗਦਿਲੀ ਅਤੇ ਦੂਜੇ ਨੂੰ ਨੀਵਾਂ ਦਿਖਾਉਣ ਕਾਰਣ ਆਪਣੀ ਧਰਤੀ, ਪਾਣੀ, ਹਵਾ ਚੁਗਿਰਦੇ ਨੂੰ ਆਪਣੇ ਹੱਥੀ ਤਬਾਹ ਕਰ ਲਿਆ ਹੈ|
ਗੱਡੀਆਂ, ਫੈਕਟਰੀਆਂ ਦਾ ਧੂੰਆਂ, ਉਤਰੀ ਕੋਰੀਆ ਤੇ ਅਮੇਰਿਕਾ ਵਰਗੇ  ਦੇਸ਼ਾਂ ਵਿਚਕਾਰ ਇਕ ਦੂਜੇ ਤੋਂ ਅੱਗੇ ਵੱਧਣ ਦੀ ਪਰਮਾਣੂ ਦੌੜ, ਦੇਸ਼ਾਂ ਦੀ ਨੰਬਰ ਇਕ ਬਨਣ ਕਾਰਣ ਲੱਗੀ ਅਣੂ ਪਰੀਖਣਾਂ ਦੀ ਹੋੜ ਨੇ ਸੰਸਾਰ ਦੇ ਵਾਤਾਵਰਣ ਨੂੰ ਨਾਂ ਸਿਰਫ ਦੂਸ਼ਿਤ ਕੀਤਾ ਹੈ ਸਗੋਂ ਮਨੁੱਖ ਜਾਤੀ ਨੂੰ ਤਬਾਹੀ ਦੇ ਆਖਰੀ ਮੁਕਾਮ ਤੇ ਖੜਾ ਵੀ ਕਰ ਦਿੱਤਾ ਹੈ| ਆਪਣੇ ਸ਼ਾਨਦਾਰ ਵਿਰਸੇ ਤੇ ਸੱਭਿਆਚਾਰ ਨੂੰ ਜਿਸਨੇ ਸਾਡੇ ਚੁਗਿਰਦੇ ਦੇ ਵਾਤਾਵਰਣ ਨੂੰ ਸ਼ਾਂਤੀ, ਸੰਤੋਖ, ਪਿਆਰ ਤੇ ਭਾਈਚਾਰੇ ਦਾ ਸੰਦੇਸ਼ ਦੇਣਾ ਸੀ, ਉਸੇ ਸੱਭਿਆਚਾਰ ਨੂੰ ਅੱਜ ਦੇ ਗੰਦੇ ਗਾਣੇ, ਗੰਦੇ ਫੈਸ਼ਨਾਂ ਤੇ ਲਚਾਰਪੁਣੇ ਨੇ ਬਰਬਾਦ ਕਰ ਕੇ ਸਾਰਾ ਵਾਤਾਵਰਣ ਹੀ ਦੂਸ਼ਿਤ ਕਰ ਦਿੱਤਾ ਹੈ | ਜਦੋਂ ਤੱਕ ਮਨੁੱਖ ਦੀ ਸੋਚਣੀ ਵਿਚੋ ਈਰਖਾ, ਇਕ ਦੂਜੇ ਨੂੰ ਕੱਟਣ, ਇਕ ਦੂਜੇ ਤੋਂ ਬਿਹਤਰ ਸਾਬਤ ਕਰਨ ਦੀ ਦੌੜ ਲੱਗੀ ਹੋਵੇਗੀ ਉਦੋਂ ਤੱਕ ਸ਼ਾਇਦ ਸਾਡਾ ਸਮਾਜਿਕ ਵਾਤਾਵਰਣ ਸਾਫ ਨਹੀ ਹੋ ਸਕਦਾ| ਸੱਚ ਪੁੱਛੋ ਤਾਂ ਭੁਗੋਲਿਕ ਵਾਤਾਵਰਣ ਨੂੰ ਸੁਧਾਰਨ ਲਈ, ਸਮਾਜਿਕ ਵਾਤਾਵਰਣ, ਸਿੱਖਿਆ, ਭਾਈਚਾਰਾ ਦਾ ਵਿਕਾਸ ਹੋਣਾ ਅਤਿ ਜਰੂਰੀ ਹੈ|ਮਨੁੱਖਤਾ ਅੰਦਰ ਨੈਤਿਕ ਗੁਣਾਂ ਦਾ ਵਿਕਾਸ ਕੀਤੇ ਬਿਨਾਂ ਕੇਵਲ ਰੁੱਖ ਲਗਾ ਕੇ ਪੋਸਟਰ ਜਾਂ ਲੇਖ ਮੁਕਾਬਲੇ ਕਰਵਾ ਕੇ ਅਸੀ ਵਾਤਾਵਰਣ ਨੂੰ ਬਚਾ ਨਹੀ ਸਕਦੇ| ਨਹੀ ਤਾਂ ਪੰਜ ਮਨੁੱਖ ਰੁੱਖ ਲਗਾਉਣਗੇ ਤਾਂ ਪੰਦਰਾਂ ਉਹਨਾਂ ਨੂੰ ਕੱਟਣਗੇ| ਕੋਈ ਵਿਰਲਾ ਸੰਤ – ਨਦੀਆਂ ਦੇ ਪਾਣੀ ਨੂੰ ਸਾਫ ਕਰਨ ਦੀ ਮੁਹਿੰਮ ਚਲਾਵੇਗਾ ਤਾਂ ਕਈ ਸ਼ੈਤਾਨ ਪਾਣੀ ਵਿੱਚ ਗੰਦਗੀ ਸੁੱਟਣ ਤੋਂ ਗੁਰੇਜ ਨਹੀ ਕਰਨਗੇ|
ਇੱਕਲਾ ਯੂ.ਐਨ.ਓ ਸੰਸਾਰ ਦੇ ਵਾਤਾਵਰਣ ਭਾਵੇਂ ਉਹ ਭੂਗੋਲਿਕ ਹੋਵੇ ਜਾਂ ਸਮਾਜਿਕ ਦਾ ਸੁਧਾਰ ਨਹੀ ਕਰ ਸਕਦਾ, ਜਦੋਂ ਤੱਕ ਵਿਸ਼ਵ ਦਾ ਹਰ ਦੂਜਾ ਬੰਦਾ ਤੇ ਹਰ ਦੇਸ਼ ਇਸ ਵਾਤਾਵਰਣ ਦੀ ਸੰਭਾਲ ਤੇ ਸਾਂਤੀ ਲਈ ਕੋਸ਼ਿਸ ਨਾ ਕਰੇ| ਲੋੜ ਹੈ ਅੱਜ ਗੁਰੂਆਂ ਦੀ ਬਾਣੀ ਨੂੰ ਸਮਝਣ ਦੀ ਲੋੜ ਹੈ ਬਾਣੀ ਤੇ ਚਲਣ ਦੀ ਸਿਰਫ ਤਾਂ ਹੀ ਵਾਤਾਵਰਣ ਵਿੱਚ ਰੁੱਖਾਂ ਤੇ ਫੁੱਲਾਂ ਦੀ ਖੁਸ਼ਬੂ ਦੇ ਨਾਲ-ਨਾਲ ਪਿਆਰ ਸ਼ਾਂਤੀ, ਵਿਸ਼ਵ ਭਾਈਚਾਰੇ ਤੇ ਆਪਸੀ ਸਾਂਝ ਤੇ ਨਿਮਰਤਾ ਦੀ ਵੀ ਮਹਿਕ ਆਵੇਗੀ|
ਗੁਰੂਆਂ ਦੀ ਬਾਣੀ ਤੇ ਚਲ ਕੇ ਦਿਖਾਈਏ
ਆਪਣੇ ਵਾਤਾਵਰਣ ਨੂੰ ਸਵਰਗ ਬਣਾਈਏ|
ਹਰਮਿੰਦਰ ਕੌਰ ਲੈਕਚਰਾਰ

Leave a Reply

Your email address will not be published. Required fields are marked *