ਵਾਤਾਵਰਣ ਮੁੱਦੇ ਤੇ ਸੇਸ਼ੇਲਸ ਦੇ ਰਾਸ਼ਟਰਪਤੀ ਨੇ ਪਣਡੁੱਬੀ ਵਿੱਚ ਬੈਠ ਦਿੱਤਾ ਸੰਦੇਸ਼

ਵਿਕਟੋਰੀਆ, 15 ਅਪ੍ਰੈਲ (ਸ.ਬ.) ਵਾਤਾਵਰਣ ਪ੍ਰਦੂਸ਼ਣ ਦੁਨੀਆ ਭਰ ਵਿਚ ਗੰਭੀਰ ਸਮੱਸਿਆ ਬਣਿਆ ਹੋਇਆ ਹੈ| ਇਸ ਸਮੱਸਿਆ ਨਾਲ ਨਜਿੱਠਣ ਲਈ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਹਨ| ਹੁਣ ਸੇਸ਼ੇਲਸ ਦੇ ਰਾਸ਼ਟਰਪਤੀ ਡੈਨੀ ਫੌਰੇ ਇਸ ਮੁੱਦੇ ਨੂੰ ਲੈ ਕੇ ਚਰਚਾ ਵਿਚ ਹਨ| ਡੈਨੀ ਨੇ ਪੂਰੀ ਦੁਨੀਆ ਨੂੰ ਸਮੁੰਦਰਾਂ ਨੂੰ ਬਚਾਉਣ ਦੀ ਅਪੀਲ ਕੀਤੀ ਹੈ| ਉਨ੍ਹਾਂ ਨੇ ਇਹ ਅਪੀਲ ਕਿਸੇ ਸਮਾਰੋਹ ਜਾਂ ਸੋਸ਼ਲ ਮੀਡੀਆ ਜ਼ਰੀਏ ਨਹੀਂ ਸਗੋਂ ਪਣਡੁੱਬੀ ਵਿਚ ਬੈਠ ਕੇ ਕੀਤੀ| ਡੈਨੀ ਦੁਨੀਆ ਦੇ ਪਹਿਲੇ ਵਿਅਕਤੀ ਹਨ ਜਿਨ੍ਹਾਂ ਨੇ ਇਸ ਤਰੀਕੇ ਨਾਲ ਸੰਦੇਸ਼ ਦਿੱਤਾ ਹੈ|
ਡੈਨੀ ਨੇ ਗਲੋਬਲ ਵਾਰਮਿੰਗ ਨਾਲ ਹੋਣ ਵਾਲੇ ਖਤਰਿਆਂ ਤੋਂ ਲੋਕਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਕਈ ਟਾਪੂਆਂ ਤੇ ਆਉਣ ਵਾਲੇ ਦਿਨਾਂ ਵਿਚ ਸੰਕਟ ਖੜ੍ਹਾ ਹੋ ਸਕਦਾ ਹੈ| ਬ੍ਰਿਟੇਨ ਦੀ ਅਗਵਾਈ ਕਰਨ ਵਾਲੀ ਇਕ ਵਿਗਿਆਨੀ ਮੁਹਿੰਮ ਦੌਰਾਨ ਡੈਨੀ ਨੇ ਭਾਸ਼ਣ ਦਿੰਦੇ ਹੋਏ ਕਿਹਾ,”ਇਹ ਸਾਡਾ ਸਭ ਤੋਂ ਵੱਡਾ ਮੁੱਦਾ ਹੈ| ਇਸ ਦੇ ਹੱਲ ਲਈ ਅਸੀਂ ਅਗਲੀ ਪੀੜ੍ਹੀ ਦਾ ਇੰਤਜ਼ਾਰ ਨਹੀਂ ਕਰ ਸਕਦੇ ਹਾਂ| ਅਸੀਂ ਕੋਈ ਵੀ ਕਾਰਵਾਈ ਨਾ ਕਰਨ ਅਤੇ ਸਮੇਂ ਤੋਂ ਭੱਜ ਰਹੇ ਹਾਂ| ਸਾਡੇ ਕੋਲ ਸਮੁੰਦਰੀ ਸਤਹਿ ਦੀ ਬਜਾਏ ਮੰਗਲ ਗ੍ਰਹਿ ਦਾ ਬਿਹਤਰ ਨਕਸ਼ਾ ਹੈ| ”ਸਤਹਿ ਤੋਂ 121 ਮੀਟਰ ਡੂੰਘਾਈ ਵਿੱਚ ਪਣਡੁੱਬੀ ਵਿਚ ਬੈਠ ਕੇ ਭਾਸ਼ਣ ਦਿੰਦੇ ਹੋਏ ਡੈਨੀ ਨੇ ਕਿਹਾ,”ਮੈਂ ਸਮੁੰਦਰ ਵਿੱਚ ਹੈਰਾਨ ਕਰਨ ਵਾਲਾ ਜੀਵਨ ਦੇਖ ਰਿਹਾਂ ਹਾਂ| ਇਸ ਨੂੰ ਸੁਰੱਖਿਅਤ ਕੀਤੇ ਜਾਣ ਦੀ ਲੋੜ ਹੈ| ਵਾਤਾਵਰਣ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਣ ਦਾ ਖਾਮਿਆਜਾ ਸਦੀਆਂ ਤੱਕ ਭੁਗਤਣਾ ਪਵੇਗਾ| ਅਸੀਂ ਸਾਲਾਂ ਤੋਂ ਖੁਦ ਲਈ ਸਮੱਸਿਆਵਾਂ ਪੈਦਾ ਕੀਤੀਆਂ ਹਨ| ਹੁਣ ਇਨ੍ਹਾਂ ਨੂੰ ਹੱਲ ਕਰਨਾ ਹੋਵੇਗਾ|”
ਉਨ੍ਹਾਂ ਕਿਹਾ ਕਿ ਵਰਤਮਾਨ ਵਿਚ ਮਹਾਸਾਗਰਾਂ ਦਾ ਸਿਰਫ 5 ਫੀਸਦੀ ਹਿੱਸਾ ਸੁਰੱਖਿਅਤ ਹੈ ਪਰ ਕਈ ਦੇਸ਼ਾਂ ਨੇ ਸਾਲ 2020 ਤੱਕ ਇਸ ਖੇਤਰ ਨੂੰ 10 ਫੀਸਦੀ ਤੱਕ ਵਧਾਉਣ ਤੇ ਸਹਿਮਤੀ ਜ਼ਾਹਰ ਕੀਤੀ ਹੈ| ਉੱਥੇ ਮਾਹਰਾਂ ਅਤੇ ਵਾਤਾਵਰਣ ਵਿਗਿਆਨੀਆਂ ਦਾ ਮੰਨਣਾ ਹੈ ਕਿ ਦੇਸ਼ਾਂ ਨੂੰ ਖੇਤਰੀ ਸੀਮਾ ਨੇੜੇ ਸਥਿਤ 30 ਤੋਂ 50 ਫੀਸਦੀ ਮਹਾਸਾਗਰਾਂ ਵਿਚ ਸਮੁੰਦਰੀ ਬਾਇਓਡਾਇਵਰਸਿਟੀ ਨੂੰ ਯਕੀਨੀ ਕਰਨਾ ਚਾਹੀਦਾ ਹੈ| ਇੱਥੇ ਜਿਕਰਯੋਗ ਹੈ ਕਿ ਸੇਸ਼ੇਲਸ 115 ਟਾਪੂਆਂ ਵਾਲੇ ਹਿੰਦ ਮਹਾਸਾਗਰ ਵਿਚ ਸਥਿਤ ਇਕ ਟਾਪੂ ਸਮੂਹ ਹੈ| ਇਸ ਦੇਸ਼ ਦੀ ਆਬਾਦੀ 95 ਹਜ਼ਾਰ ਹੈ ਜੋ ਕਿਸੇ ਅਫਰੀਕੀ ਦੇਸ਼ ਵਿਚ ਸਭ ਤੋਂ ਘੱਟ ਹੈ| ਇਸ ਦੇਸ਼ ਦੇ ਪੱਛਮ ਵਿਚ ਜੰਜੀਬਾਰ, ਦੱਖਣ ਵਿਚ ਮੌਰੀਸ਼ਸ ਅਤੇ ਰੀਯੂਨੀਅਨ, ਦੱਖਣ-ਪੱਛਮ ਵਿਚ ਕੋਮੋਰੋਸ ਟਾਪੂ ਅਤੇ ਉੱਤਰ-ਪੂਰਬ ਵਿਚ ਮਾਲਦੀਵ ਸਥਿਤ ਹੈ|

Leave a Reply

Your email address will not be published. Required fields are marked *