ਵਾਤਾਵਰਨ ਨੂੰ ਬਚਾਉਣ ਲਈ ਵਧੇਰੇ ਰੁੱਖ ਲਗਾਉਣ ਦੀ ਲੋੜ

ਸਾਡੇ ਵਾਤਾਵਰਨ ਵਿਚ ਲਗਾਤਾਰ ਵੱਧਦਾ ਪ੍ਰਦੂਸ਼ਨ ਅਤੇ ਇਸ ਵਿੱਚ ਵੱਧਦਾ ਅਸੰਤੁਲਨ ਗੰਭੀਰ ਚਿੰਤਾ ਦਾ ਵਿਸ਼ਾ ਹੈ| ਹਾਲਾਤ ਇਹ ਹਨ ਕਿ ਜਿੱਥੇ ਇੱਕ ਪਾਸੇ ਵਿਕਾਸ ਦੀ ਆੜ ਵਿਚ ਥਾਂ ਥਾਂ ਤੇ ਰੁੱਖਾਂ ਦਾ ਕਤਲੇਆਮ ਹੋ ਰਿਹਾ ਹੈ ਉੱਕੇ ਦੂਜੇ ਪਾਸੇ ਕੱਟੇ ਜਾਣ ਵਾਲੇ ਇਹਨਾਂ ਰੁੱਖਾਂ ਦੀ ਥਾਂ ਨਵੇਂ ਰੁੱਖ ਲਗਾਉਣ ਤੋਂ ਸਰਕਾਰ ਅਤੇ ਸਬੰਧਿਤ ਵਿਭਾਗਾਂ ਵਲੋਂ ਲੰਮੇ ਸਮੇਂ ਤੋਂ ਟਾਲਾ ਵੱਟਿਆ ਜਾਂਦਾ ਰਿਹਾ ਹੈ ਜਿਸ ਕਾਰਨ ਪੰਜਾਬ ਵਿਚ ਰੁੱਖਾਂ ਹੇਠ ਰਕਬਾ ਦਿਨੋਂ ਦਿਨ ਘਟਦਾ ਜਾ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ| ਇਥੇ ਇਹ ਵੀ ਜਿਕਰਯੋਗ ਹੈ ਕਿ ਹਰ ਸਾਲ ਹੀ ਕੁਝ ਸੰਸਥਾਂਵਾਂ ਵੱਖ ਵੱਖ ਥਾਵਾਂ ਉਪਰ ਨਵੇਂ ਪੌਦੇ ਤਾਂ ਲਗਾਉਂਦੀਆਂ ਹਨ ਪਰ ਉਹਨਾਂ ਪੌਦਿਆਂ ਦੀ ਸਹੀ ਦੇਖਭਾਲ ਨਾ ਹੋਣ ਕਾਰਨ ਉਹ ਪੌਦੇ ਕੁਝ ਮਹੀਨਿਆਂ ਵਿਚ ਹੀ ਸੁਕ ਜਾਂਦੇ ਹਨ ਅਤੇ ਅਗਲੇ ਸਾਲ ਸੰਸਥਾਵਾਂ ਫਿਰ ਉਹਨਾਂ ਹੀ ਥਾਂਵਾਂ ਉਪਰ ਨਵੇਂ ਪੌਦੇ ਲਗਾ ਕੇ ਆਪਣਾ ਫਰਜ ਪੂਰਾ ਹੋਇਆ ਸਮਝ ਲੈਂਦੀਆਂ ਹਨ| ਜਿਸ ਕਾਰਨ ਰੁੱਖਾਂ ਦੀ ਗਿਣਤੀ ਵੱਧਣ ਦੀ ਥਾਂ ਦਿਨੋਂ ਦਿਨ ਘੱਟਦੀ ਹੀ ਜਾ ਰਹੀ ਹੈ|
ਪੰਜਾਬ ਵਿਚ ਵੱਖ ਵੱਖ ਮੁੱਖ ਸੜਕਾਂ ਨੂੰ ਪਿਛਲੇ ਸਮੇਂ ਦੌਰਾਨ ਤੋਂ ਲੈ ਕੇ ਹੁਣ ਤੱਕ ਚੌੜਾ ਕਰਨ ਦੇ ਕੰਮ ਦੌਰਾਨ ਇਹਨਾਂ ਸੜਕਾਂ ਦੇ ਆਲੇ ਦੁਆਲੇ ਖੜੇ ਲੱਖਾਂ ਦਰਖੱਤ ਵੱਢੇ ਜਾ ਚੁੱਕੇ ਹਨ| ਇਹਨਾਂ ਸੜਕਾਂ ਦਾ ਕੰਮ ਮੁਕੰਮਲ ਹੋਣ ਦੇ ਬਾਵਜੂਦ ਕੱਟੇ ਗਏ ਰੁੱਖਾਂ ਦੀ ਥਾਂ ਨਵੇਂ ਪੌਦੇ ਨਹੀਂ ਲਗਾਏ ਗਏ ਅਤੇ ਇਸ ਤਰ੍ਹਾਂ ਵਿਕਾਸ ਦੀ ਆੜ ਵਿਚ ਲੱਖਾਂ ਹਰੇ ਭਰੇ ਰੁੱਖਾਂ ਦਾ ਕਤਲੇਆਮ ਕਰ ਦਿੱਤਾ ਗਿਆ| ਭਾਵੇਂ ਪੰਜਾਬ ਵਿਚ ਹਰਾ ਭਰਿਆ ਰੁੱਖ ਕੱਟਣ ਦੀ ਮਨਾਹੀ ਹੈ ਅਤੇ ਕਿਸੇ ਹਰੇ ਭਰੇ ਰੁੱਖ ਨੂੰ ਛਾਂਗਣ ਉਪਰ ਵੀ ਸਜਾ ਦਾ ਪ੍ਰਾਵਦਾਨ ਰਖਿਆ ਗਿਆ ਹੈ ਪਰ ਫਿਰ ਵੀ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚ ਵੱਡੀ ਗਿਣਤੀ ਰੁੱਖ ਰੋਜਾਨਾ ਹੀ ਕੱਟੇ ਜਾ ਰਹੇ ਹਨ ਅਤੇ ਹਰ ਦਿਨ ਵਾਂਗ ਹੀ ਆਮ ਲੋਕਾਂ ਵਲੋਂ ਆਪਣੇ ਘਰਾਂ ਦੇ ਨੇੜੇ ਤੇੜੇ ਖੜੇ ਰੁੱਖਾਂ ਨੂੰ ਛਾਂਗਿਆ ਜਾ ਰਿਹਾ ਹੈ ਪਰ ਇਹਨਾਂ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਹੋ ਰਹੀ|
ਰੁੱਖ ਸਾਡੇ ਜੀਵਨ ਲਈ ਬਹੁਤ ਜਰੂਰੀ ਹਨ ਕਿਉਂਕਿ ਇਹ ਖਤਰਨਾਕ ਕਾਰਬਨ ਡਾਈ ਆਕਸਾਈਡ ਨੂੰ ਸੋਖ ਲੈਂਦੇ ਹਨ ਅਤੇ ਉਸਦੇ ਬਦਲੇ ਵਿਚ ਸਾਨੂੰ ਆਕਸੀਜਨ ਦਿੰਦੇ ਹਨ| ਆਕਸੀਜਨ ਸਾਡੇ ਜੀਵਨ ਲਈ ਬਹੁਤ ਜਰੂਰੀ ਹੈ| ਇਸ ਤਰ੍ਹਾਂ ਇਹ ਰੁੱਖ ਸਾਡੇ ਵਾਤਾਵਰਨ ਨੂੰ ਹਰਾ ਭਰਿਆ ਅਤੇ ਸ਼ੁੱਧ ਕਰਨ ਵਿਚ ਮੁੱਖ ਭੂਮਿਕਾ ਨਿਭਾਉਂਦੇ ਹਨ| ਇਸ ਤਰ੍ਹਾਂ ਇਲਾਵਾ ਰੁੱਖਾਂ ਦੀ ਕੁਦਰਤੀ ਕਿਰਿਆ ਕਾਰਨ ਹੀ ਮੀਂਹ ਵੀ ਜਲਦੀ ਪੈਂਦੇ ਹਨ| ਇਹ ਰੁੱਖ ਹੀ ਹੁੰਦੇ ਹਨ ਜੋ ਕਿ ਬੱਦਲਾਂ ਵਿਚ ਮੌਜੂਦ ਮੀਂਹ ਨੂੰ ਧਰਤੀ ਵੱਲ ਖਿੱਚਦੇ ਹਨ| ਰੁੱਖ ਮਨੁੱਖ ਲਈ ਬਹੁਤ ਲਾਹੇਵੰਦ ਹਨ| ਜਿਹੜੇ ਮਨੁੱਖ ਦੇ ਜਨਮ ਤੋਂ ਮੌਤ ਤੱਕ ਉਸਦਾ ਦਾ ਸਾਥ ਨਿਭਾਉਂਦੇ ਹਨ| ਜਦੋਂ ਕਿਸੇ ਘਰ ਮੁੰਡੇ ਦਾ ਜਨਮ ਹ ੁੰਦਾ ਹੈ ਤਾਂ ਰੁੱਖਾਂ ਦੀਆਂ ਟਾਹਣੀਆਂ ਹੀ ਸ਼ਗਨ ਵਜੋਂ ਘਰਾਂ ਦੇ ਬੂਹੇ ਵਿਚ ਬੰਨੀਆਂ ਜਾਂਦੀਆਂ ਹਨ ਅਤੇ ਜਦੋਂ ਮਨੁੱਖ ਦੀ ਮੌਤ ਹੁੰਦੀ ਹੈ ਤਾਂ ਰੁੱਖਾਂ ਦੀ ਲਕੜ ਨਾਲ ਹੀ ਉਸਦਾ ਅੰਤਮ ਸਸਕਾਰ ਕੀਤਾ ਜਾਂਦਾ ਹੈ| ਇਸ ਤਰ੍ਹਾਂ ਸਾਰਾ ਜੀਵਨ ਹੀ ਮਨੁੱਖ ਰੁੱਖਾਂ ਨਾਲ ਅਤੇ ਰੁੱਖਾਂ ਦੀ ਲਕੜ ਤੋਂ ਬਣੀਆਂ ਚੀਜਾਂ ਨਾਲ ਬਤੀਤ ਕਰਦਾ ਹੈ ਇਸਦੇ ਬਾਵਜੂਦ ਵੱਡੀ ਗਿਣਤੀ ਲੋਕ ਅਜੇ ਵੀ ਰੁੱਖਾਂ ਦੀ ਮਹੱਤਤਾ ਨੁੰ ਨਹੀਂ ਸਮਝਦੇ ਅਤੇ ਅਕਸਰ ਹੀ ਲੋਕ ਜਾਣੇ ਅਣਜਾਣੇ ਵਿਚ ਰੁੱਖਾਂ ਨੂੰ ਨੁਕਸਾਨ ਪਹੁੰਚਾ ਦਿੰਦੇ ਹਨ|
ਇਹ ਵੀ ਵੇਖਣ ਵਿਚ ਆਇਆ ਹੈ ਕਿ ਕੁਝ ਅੰਧ ਵਿਸ਼ਵਾਸੀ ਲੋਕ ਰੁੱਖਾਂ ਦੀਆਂ ਜੜ੍ਹਾਂ ਵਿਚ ਤੇਲ ਪਾ ਦਿੰਦੇ ਹਨ ਪਰ ਇਹ ਤੇਲ ਹੀ ਇਨਾਂ ਰੁੱਖਾਂ ਦੇ ਸੁੱਕ ਜਾਣ ਦਾ ਮੁੱਖ ਕਾਰਨ ਬਣ ਜਾਂਦਾ ਹੈ| ਰੁੱਖਾਂ ਦੀਆਂ ਜੜ੍ਹਾਂ ਵਿਚ ਤੇਲ ਦੀ ਥਾਂ ਜੇ ਪਾਣੀ ਪਾ ਦਿੱਤਾ ਜਾਵੇ ਤਾਂ ਵੀ ਉਨੇ ਹੀ ਪੁੰਨ ਦੀ ਪ੍ਰਾਪਤੀ ਹੁੰਦੀ ਹੈ ਤੇ ਜੜ੍ਹਾਂ ਨੂੰ ਪਾਣੀ ਮਿਲਣ ਕਾਰਨ ਰੁੱਖ ਵੀ ਹਰੇ ਭਰੇ ਰਹਿੰਦੇ ਹਨ| ਰੁੱਖ ਸਾਨੂੰ ਆਕਸੀਜਨ ਦੇ ਨਾਲ ਨਾਲ ਠੰਡੀ ਛਾਂ ਵੀ ਦਿੰਦੇ ਹਨ ਅਤੇ ਫਲ ਵੀ| ਇਸ ਲਈ ਸਾਨੂੰ ਸਾਰਿਆਂ ਨੂੰ ਇਹਨਾਂ ਦੀ ਮਹੱਤਤਾ ਸਮਝਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਰੁੱਖ ਲਗਾਏ ਜਾਣੇ ਚਾਹੀਦੇ ਹਨ ਅਤੇ ਇਸਦੇ ਨਾਲ ਹੀ ਪਹਿਲਾਂ ਲਗਾਏ ਪੌਦਿਆਂ ਦੀ ਵੀ ਲੋੜੀਂਦੀ ਸੰਭਾਲ ਕੀਤੀ ਜਾਣੀ ਚਾਹੀਦੀ ਹੈ| ਚਾਹੀਦਾ ਤਾਂ ਇਹ ਹੈ ਕਿ ਹਰ ਸਾਲ ਹੀ ਨਵੇਂ ਰੁੱਖਾਂ ਦੇ ਲਾਉਣ ਦੇ ਨਾਲ ਨਾਲ ਪਹਿਲਾਂ ਲੱਗੇ ਹੋਏ ਪੌਦਿਆਂ ਦੀ ਵੀ ਪੂਰੀ ਸੰਭਾਲ ਕੀਤੀ ਜਾਵੇ| ਇਕ ਪੌਦੇ ਨੂੰ ਪੂਰਨ ਰੂਪ ਵਿਚ ਰੁੱਖ ਬਣਨ ਵਿਚ 6 ਸਾਲ ਲੱਗ ਜਾਂਦੇ ਹਨ ਅਤੇ ਇਸ ਲਈ ਨਵਾਂ ਪੌਦਾ ਲਗਾ ਕੇ ਪਹਿਲੇ 6 ਸਾਲ ਉਸਦੀ ਪੂਰੀ ਸੰਭਾਲ ਕਰਨੀ ਚਾਹੀਦੀ ਹੈ, ਉਸਤੋਂ ਬਾਅਦ ਤਾਂ ਵੱਡੇ ਹੋ ਕੇ ਰੁਖ ਆਪਣੀ ਸੰਭਾਲ ਖੁਦ ਹੀ ਕਰਨ ਲੱਗਦੇ ਹਨ|

Leave a Reply

Your email address will not be published. Required fields are marked *