ਵਾਤਾਵਰਨ ਵਿੱਚ ਆ ਰਹੀ ਤਬਦੀਲੀ ਦੇ ਰਹੀ ਹੈ ਭਿਆਨਕ ਤਬਾਹੀ ਦੇ ਸੰਕੇਤ

ਅੱਜ ਕੱਲ ਵਾਤਾਵਰਨ ਵਿੱਚ ਭਾਰੀ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ ਅਤੇ ਮੌਸਮ ਦਾ ਮਿਜਾਜ ਪੂਰੀ ਤਰ੍ਹਾਂ ਬਦਲ ਗਿਆ ਹੈ| ਥੋੜ੍ਹੇ ਥੋੜ੍ਹੇ ਸਮੇਂ ਬਾਅਦ ਹਨੇਰੀ ਅਤੇ ਤੂਫਾਨ ਵੀ ਆਉਣ ਲੱਗ ਗਏ ਹਨ| ਪਿਛਲੇ ਕੁੱਝ ਦਿਨਾਂ ਦੌਰਾਨ ਅਜਿਹਾ ਹੀ ਹੋ ਰਿਹਾ ਹੈ ਕਿ ਕਦੇ ਅਚਾਨਕ ਹਨੇਰੀ ਅਤੇ ਤੂਫਾਨ ਆ ਜਾਂਦਾ ਹੈ ਅਤੇ ਫਿਰ ਕੁੱਝ ਸਮੇਂ ਬਾਅਦ ਮੌਸਮ ਸਾਫ ਹੋ ਜਾਂਦਾ ਹੈ ਪਰੰਤੂ ਅਗਲੇ ਦਿਨ ਹੀ ਮੌਸਮ ਦਾ ਮਿਜਾਜ ਫਿਰ ਪੂਰੀ ਤਰ੍ਹਾਂ ਬਦਲ ਜਾਂਦਾ ਹੈ| ਜਦੋਂ ਹਨੇਰੀ ਅਤੇ ਤੂਫਾਨ ਆਉਂਦਾ ਹੈ ਉਦੋਂ ਹਰ ਪਾਸੇ ਤਬਾਹੀ ਵੀ ਹੁੰਦੀ ਹੈ| ਦੋ ਦਿਨ ਪਹਿਲਾਂ ਆਏ ਅਜਿਹੇ ਹੀ ਭਾਰੀ ਤੂਫਾਨ ਦਾ ਅਸਰ ਦਿੱਲੀ, ਯੂ ਪੀ ਤੋਂ ਆਂਧਰਾ ਪ੍ਰਦੇਸ਼ ਅਤੇ ਪੱਛਮੀ ਬੰਗਾਲ ਤੱਕ ਵੇਖਿਆ ਜਾ ਸਕਦਾ ਹੈ| ਇਹ ਤੂਫਾਨ ਆਪਣੇ ਪਿੱਛੇ ਤਬਾਹੀ ਦਾ ਮੰਜਰ ਛੱਡ ਗਿਆ ਅਤੇ ਇਸ ਤੂਫਾਨ ਦੀ ਲਪੇਟ ਵਿੱਚ ਆਉਣ ਕਾਰਨ ਇਹਨਾਂ ਸੂਬਿਆਂ ਵਿੱਚ 80 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਸੈਂਕੜੇ ਵਿਅਕਤੀ ਜਖਮੀ ਹੋਏ ਹਨ|
ਅਚਾਨਕ ਆਏ ਇਸ ਤੂਫਾਨ ਅਤੇ ਭਾਰੀ ਬਰਸਾਤ ਕਾਰਨ ਮੌਸਮ ਤੇ ਵੀ ਅਸਰ ਪਿਆ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ| ਪਰ ਤੂਫਾਨ ਕਾਰਨ ਹੋਈ ਵੱਡੇ ਪੱਧਰ ਦੀ ਤਬਾਹੀ ਸਾਨੂੰ ਚੇਤੰਨ ਕਰਦੀ ਹੈ ਕਿ ਵਾਤਾਵਰਨ ਵਿੱਚ ਆ ਰਹੀ ਇਹ ਤਬਦੀਲੀ ਕਿਸੇ ਵੱਡੀ ਤਬਾਹੀ ਦੇ ਆਉਣ ਦੀ ਪੂਰਵ ਸੂਚਨਾ ਹੈ| ਪਿਛਲੇ ਸਾਲਾਂ ਦੌਰਾਨ ਜਿਸ ਤਰੀਕੇ ਨਾਲ ਮਨੁੱਖ ਵਲੋਂ ਕੁਦਰਤ ਨਾਲ ਛੇੜਛਾੜ ਕਰਕੇ ਵਾਤਾਵਰਨ ਦਾ ਘਾਣ ਕੀਤਾ ਗਿਆ ਹੈ ਉਸਨੇ ਨਾ ਸਿਰਫ ਕੁਦਰਤ ਦਾ ਆਪਸੀ ਸੰਤੁਲਨ ਬੁਰੀ ਤਰ੍ਹਾਂ ਵਿਗਾੜ ਦਿੱਤਾ ਹੈ ਬਲਕਿ ਇਸ ਕਾਰਨ ਗਲੋਬਲ ਵਾਰਮਿੰਗ ਵਿੱਚ ਹੋਣ ਵਾਲਾ ਲਗਾਤਾਰ ਵਾਧਾ ਪੂਰੀ ਦੁਨੀਆ ਦੀ ਤਬਾਹੀ ਦਾ ਰਾਹ ਪੱਧਰਾ ਕਰ ਰਿਹਾ ਹੈ| ਵਾਤਾਵਰਨ ਵਿੱਚ ਆ ਰਹੀ ਇਹ ਭਾਰੀ ਤਬਦੀਲੀ ਵੀ ਇਸੇ ਵੱਧਦੀ ਗਲੋਬਲ ਵਾਰਿਮੰਗ ਦਾ ਹੀ ਨਤੀਜਾ ਹੈ ਜਿਸ ਕਾਰਨ ਪੂਰੀ ਦੁਨੀਆ ਵਿੱਚ ਮੌਸਮ ਦਾ ਮਿਜਾਜ ਬਦਲ ਗਿਆ ਹੈ ਅਤੇ ਆਮ ਲੋਕਾਂ ਦੀਆ ਪ੍ਰੇਸ਼ਾਨੀਆਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ|
ਤ੍ਰਾਸਦੀ ਇਹ ਹੈ ਕਿ ਇਸ ਸਭ ਦੇ ਬਾਵਜੂਦ ਮਨੁੱਖ ਵਲੋਂ ਕੁਦਰਤ ਨਾਲ ਕੀਤੀ ਛੇੜਛਾੜ ਲਗਾਤਾਰ ਵੱਧਦੀ ਰਹੀ ਹੈ ਜਿਸ ਕਾਰਨ ਹੁਣ ਵਾਤਾਵਰਨ ਵਿੱਚ ਆ ਰਹੀ ਭਾਰੀ ਤਬਦੀਲੀ ਕਿਸੇ ਵੱਡੀ ਤਬਾਹੀ ਦੇ ਆਉਣ ਦੇ ਸੰਕੇਤ ਦੇਣ ਲੱਗ ਗਈ ਹੈ| ਇਸ ਸੰਬੰਧੀ ਵਿਸ਼ਵ ਦੇ ਲਗਭਗ ਸਾਰੇ ਮੁਲਕਾਂ ਵਲੋਂ ਜਿਹੜੀ ਲਾਪਰਵਾਹੀ ਦਾ ਵਤੀਰਾ ਅਖਤਿਆਰ ਕੀਤਾ ਜਾ ਰਿਹਾ ਹੈ ਉਸਨੇ ਇਸ ਸਮੱਸਿਆ ਨੂੰ ਹੋਰ ਵੀ ਵਧਾਇਆ ਹੈ| ਵਿਸ਼ਵ ਦੇ ਲਗਭਗ ਤਮਾਮ ਵਿਕਸਿਤ ਮੁਲਕ ਇਸ ਸੰਬੰਧੀ ਖੁਦ ਉੱਪਰ ਕੋਈ ਪਾਬੰਦੀ ਲਾਗੂ ਕਰਨ ਦੀ ਥਾਂ ਵਿਕਾਸਸ਼ੀਲ ਮੁਲਕਾਂ ਤੇ ਹੀ ਪਾਬੰਦੀਆਂ ਲਗਾਉਣ ਦੀ ਗੱਲ ਕਰਦੇ ਹਨ ਅਤੇ ਦੂਜੇ ਪਾਸੇ ਵਿਕਾਸਸ਼ੀਲ ਮੁਲਕ ਵਿਕਾਸ ਦੇ ਨਾਮ ਤੇ ਵਾਤਾਵਰਨ ਦਾ ਵੱਡੇ ਪੱਧਰ ਤੇ ਘਾਣ ਕਰਨ ਵਿੱਚ ਲੱਗੇ ਹੋਏ ਹਨ| ਸਾਡੇ ਦੇਸ਼ ਦੀ ਗੱਲ ਕਰੀਏ ਤਾਂ ਦੇਸ਼ ਵਿੱਚ ਭਾਰੀ ਉਦਯੋਗਾਂ ਵਲੋਂ ਫੈਲਾਏ ਜਾਂਦੇ ਪ੍ਰਦੂਸ਼ਨ, ਸੜਕਾਂ ਤੇ ਚਲਦੇ ਵਾਹਨਾਂ ਦਾ ਧੂੰਆਂ ਅਤੇ ਕਿਸਾਨਾਂ ਵਲੋਂ ਖੇਤਾਂ ਵਿੱਚ ਪਰਾਲੀ ਅਤੇ ਨਾੜ ਨੂੰ ਲਾਈ ਜਾਂਦੀ ਅੱਗ ਕਾਰਨ ਸਾਡੀ ਆਬੋਹਵਾ ਬੁਰੀ ਤਰ੍ਹਾਂ ਜਹਿਰੀਲੀ ਹੋ ਗਈ ਹੈ ਅਤੇ ਇਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਰਹੀਆਂ ਹਨ| ਇੱਥੇ ਹੀ ਬਸ ਨਹੀਂ ਬਲਕਿ ਵਿਕਾਸ ਦੀ ਅੰਨੀ ਦੌੜ ਵਿੱਚ ਸਮੇਂ ਦੀਆਂ ਸਰਕਾਰਾਂ ਨੇ ਦਰਖਤਾਂ ਦਾ ਇੰਨੀ ਵੱਡੀ ਪੱਧਰ ਤੇ ਘਾਣ ਕੀਤਾ ਹੈ ਜਿਸ ਨਾਲ ਸ਼ਹਿਰੀ ਖੇਤਰਾਂ ਵਿੱਚ ਪ੍ਰਦੂਸ਼ਨ ਦਾ ਪੱਧਰ ਇਸ ਕਦਰ ਵਧ ਗਿਆ ਹੈ ਕਿ ਲੋਕਾਂ ਲਈ ਤਾਜੀ ਹਵਾ ਦਾ ਸੰਕਟ ਪੈਦਾ ਕਰ ਦਿੱਤਾ ਹੈ|
ਜਾਹਿਰ ਹੈ ਕਿ ਜੇਕਰ ਅਸੀਂ ਹੁਣ ਵੀ ਚੇਤੰਨ ਨਾ ਹੋਏ ਤਾਂ ਆਉਣ ਵਾਲੇ ਸਮੇਂ ਦੌਰਾਨ ਸਾਨੂੰ ਇਸਦੇ ਭਿਆਨਕ ਨਤੀਜੇ ਭੁਗਤਣੇ ਪੈਣੇ ਹਨ| ਗਲੋਬਲ ਵਾਰਮਿੰਗ (ਜਿਹੜੀ ਇਸ ਵੇਲੇ ਦੁਨੀਆ ਦੀ ਹੋਂਦ ਲਈ ਹੀ ਖਤਰਾ ਬਣ ਚੁੱਕੀ ਹੈ) ਕਦੇ ਵੀ ਸਾਡੀ ਇਸ ਦੁਨੀਆ ਨੂੰ ਤਬਾਹ ਕਰ ਸਕਦੀ ਹੈ| ਗਲੋਬਲ ਵਾਰਮਿੰਗ ਦੇ ਇਸ ਲਗਾਤਾਰ ਵੱਧਦੇ ਪੱਧਰ ਤੇ ਕਾਬੂ ਕਰਨ ਲਈ ਭਾਵੇਂ ਯੂ ਐਨ ਓ ਦੀ ਅਗਵਾਈ ਵਿੱਚ ਦੁਨੀਆਂ ਭਰ ਦੇ ਦੇਸ਼ਾਂ ਦੀ ਕਈ ਵਾਰ ਮੀਟਿੰਗ ਹੋਈ ਹੈ ਪਰ ਠੋਸ ਕਾਰਵਾਈ ਲਈ ਕੋਈ ਵੀ ਦੇਸ਼ ਅੱਗੇ ਆਉਂਦਾ ਨਹੀਂ ਦਿਖਦਾ| ਚਾਹੀਦਾ ਇਹ ਹੈ ਕਿ ਕੁਦਰਤ ਨਾਲ ਕੀਤੀ ਜਾਂਦੀ ਇਸ ਛੇੜਛਾੜ ਤੇ ਤੁਰੰਤ ਕਾਬੂ ਕੀਤਾ ਜਾਵੇ ਅਤੇ ਗਲੋਬਲ ਵਾਰਮਿੰਗ ਤੇ ਕਾਬੂ ਕਰਨ ਲਈ ਵੱਡੇ ਪੱਧਰ ਤੇ ਦਰਖਤ ਲਗਾਏ ਜਾਣ ਤਾਂ ਜੋ ਵਾਤਾਵਰਨ ਵਿੱਚ ਆ ਰਹੀ ਇਸ ਤਬਦੀਲੀ ਕਾਰਨ ਵੱਧ ਰਹੇ ਤਬਾਹੀ ਦੇ ਖਤਰੇ ਤੋਂ ਬਚਿਆ ਜਾ ਸਕੇ|ਾ

Leave a Reply

Your email address will not be published. Required fields are marked *