ਵਾਤਾਵਰਨ ਵਿੱਚ ਲਗਾਤਾਰ ਵੱਧਦੇ ਪ੍ਰਦੂਸ਼ਨ ਤੇ ਕਾਬੂ ਕਰਨ ਲਈ ਲਾਮਬੰਦ ਹੋਣ ਸ਼ਹਿਰਵਾਸੀ

ਕੋਈ ਸਮਾਂ ਸੀ ਜਦੋਂ ਐਸ ਏ ਐਸ ਨਗਰ ਨੂੰ ਸਿਰਫ ਪੰਜਾਬ ਹੀ ਨਹੀਂ ਬਲਕਿ ਦੇਸ਼ ਦੇ ਸਭ ਤੋਂ ਵੱਧ ਸਾਫ ਸੁਥਰੇ ਵਾਤਾਵਰਨ ਵਾਲੇ ਸ਼ਹਿਰਾਂ ਵਿੱਚ ਗਿਣਿਆ ਜਾਂਦਾ ਸੀ ਅਤੇ ਇੱਥੇ ਹਰ ਪਾਸੇ ਛਾਈ ਹਰਿਆਲੀ, ਸਾਫ ਸੁਥਰੀ ਹਵਾ ਅਤੇ ਪਾਣੀ ਕਾਰਨ ਦੁਨੀਆ ਦੇ ਹਰ ਕੋਨੇ ਵਿੱਚ ਵਸੇ ਪੰਜਾਬੀ ਸਾਡੇ ਸ਼ਹਿਰ ਵਿੱਚ ਆਪਣਾ ਇੱਕ ਅਦਦ ਘਰ ਬਣਾਉਣ ਦਾ ਸੁਫਨਾ ਵੇਖਿਆ ਕਰਦੇ ਹੁੰਦੇ ਸੀ, ਤਾਂ ਜੋ ਜਦੋਂ ਵੀ ਉਹ ਪੰਜਾਬ ਆਉਣ, ਇੱਥੋਂ ਦੇ ਸਾਫ ਸੁਥਰੇ ਵਾਤਾਵਰਨ ਦਾ ਲਾਹਾ ਲੈ ਸਕਣ ਅਤੇ ਹਰ ਵਿਅਕਤੀ ਇੱਥੇ ਆਪਣਾ ਪੱਕਾ ਟਿਕਾਣਾ ਕਰਨ ਦਾ ਚਾਹਵਾਨ ਹੁੰਦਾ ਸੀ| ਪਰੰਤੂ ਸਮੇਂ ਦੇ ਨਾਲ ਨਾਲ ਵਿਕਾਸ ਦੀ ਦੌੜ ਵਿੱਚ ਉਲਝਿਆ ਸਾਡਾ ਸ਼ਹਿਰ ਹੁਣ ਦੇਸ਼ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਿਲ ਹੋ ਗਿਆ ਹੈ ਅਤੇ ਇਸ ਨਾਲ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਸ਼ਹਿਰ ਦੇ ਵਿਕਾਸ ਦੇ ਨਾਮ ਤੇ ਚਲੀ ਇਸ ਅੰਨ੍ਹੀ ਦੌੜ ਦੀ ਸਾਡੇ ਸ਼ਹਿਰ ਨੇ ਕਿੰਨੀ ਭਾਰੀ ਕੀਮਤ ਅਦਾ ਕੀਤੀ ਹੈ|
ਪਿਛਲੇ ਸਮੇਂ ਦੌਰਾਨ ਸਾਡੇ ਸ਼ਹਿਰ ਦੇ ਵਾਤਾਵਰਣ ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵੱਧਦਾ ਰਿਹਾ ਹੈ ਅਤੇ ਪ੍ਰਦੂਸ਼ਨ ਦਾ ਇਹ ਜ਼ਹਿਰ ਹੌਲੀ-ਹੌਲੀ ਸ਼ਹਿਰ ਵਾਸੀਆਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ| ਸ਼ਹਿਰ ਵਿੱਚ ਸਫਾਈ ਦਾ ਕੰਮ ਕਰਨ ਵਾਲੇ ਵਿਅਕਤੀਆਂ ਵਲੋਂ ਕੂੜੇ ਦੇ ਢੇਰਾਂ ਨੂੰ ਅੱਗ ਲਗਾਉਣ ਦੀ ਕਾਰਵਾਈ ਹੋਵੇ ਜਾਂ ਸ਼ਹਿਰ ਵਿੱਚ ਚਲਦੇ ਵਾਹਨਾਂ ਅਤੇ ਇੱਥੇ ਲੱਗੀਆਂ ਫੈਕਟ੍ਰੀਆਂ ਦੀਆਂ ਚਿਮਨੀਆਂ ਵਿੱਚੋਂ ਨਿਕਲਣ ਵਾਲਾ ਧੂਆਂ, ਇਹ ਸਾਰੇ ਮਿਲ ਕੇ ਸ਼ਹਿਰ ਦੇ ਵਾਤਾਵਰਣ ਵਿੱਚ ਜਿਹੜਾ ਜ਼ਹਿਰ ਘੋਲਦੇ ਹਨ ਉਸਦਾ ਸਿੱਧਾ ਨੁਕਸਾਨ ਸ਼ਹਿਰਵਾਸੀਆਂ ਦੀ ਸਿਹਤ ਤੇ ਹੀ ਹੁੰਦਾ ਹੈ| ਸ਼ਹਿਰ ਦੇ ਉਦਯੋਗਿਕ ਖੇਤਰ ਵਿੱਚ ਸਥਿਤ ਕੁੱਝ ਵੱਡੀਆਂ ਕੰਪਨੀਆਂ ਵਲੋਂ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਦੇ ਵਾਤਾਵਰਨ ਵਿੱਚ ਆਪਣਾ ਜ਼ਹਿਰੀਲਾ ਧੂਆਂ ਛੱਡਿਆ ਜਾਂਦਾ ਹੈ ਅਤੇ ਇਹਨਾਂ ਫੈਕਟ੍ਰੀਆਂ ਦੀ ਇਹ ਕਾਰਵਾਈ ਸ਼ਹਿਰ ਅਤੇ ਇਸਦੇ ਆਸਪਾਸ ਦੇ ਲੰਮੇ ਚੌੜੇ ਖੇਤਰ ਦੇ ਵਾਤਾਵਰਣ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰਦੀ ਹੈ|
ਸ਼ਹਿਰ ਦੇ ਵਾਤਾਵਰਣ ਦੇ ਲਗਾਤਾਰ ਗੰਧਲੇ ਹੋਣ ਦਾ ਹੀ ਅਸਰ ਹੈ ਕਿ ਸ਼ਹਿਰ ਦੇ ਵੱਖ ਵੱਖ ਹਸਪਤਾਲਾਂ ਵਿੱਚ ਮਰੀਜਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ ਹੈ| ਹਾਲਾਤ ਇਹ ਹਨ ਕਿ ਸ਼ਹਿਰ ਦੇ ਵਸਨੀਕ ਵਾਤਾਵਰਣ ਵਿੱਚ ਲਗਾਤਾਰ ਵੱਧਦੇ ਜਾ ਰਹੇ ਪ੍ਰਦੂਸ਼ਨ ਦੇ ਜ਼ਹਿਰ ਦੇ ਸ਼ਿਕਾਰ ਹੋ ਰਹੇ ਹਨ ਅਤੇ ਸ਼ਹਿਰ ਵਿੱਚ ਸਾਹ ਦੀ ਬਿਮਾਰੀ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ| ਤ੍ਰਾਸਦੀ ਇਹ ਹੈ ਕਿ ਇਸ ਸਭ ਦੇ ਬਾਵਜੂਦ ਸੂਬੇ ਦੇ ਪ੍ਰਦੂਸ਼ਨ ਕੰਟਰੋਲ ਬੋਰਡ ਵਲੋਂ ਇਹਨਾਂ ਵੱਡੀਆਂ ਕੰਪਨੀਆਂ ਦੀ ਵਾਤਾਵਰਣ ਨੂੰ ਗੰਧਲਾ ਕਰਨ ਦੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਸਿਵਾਏ ਕਾਗਜ਼ੀ ਕਾਰਵਾਈ ਦੇ ਕੁੱਝ ਵੀ ਨਹੀਂ ਕੀਤਾ ਜਾਂਦਾ ਅਤੇ ਸ਼ਹਿਰ ਦੇ ਵਾਤਾਵਰਣ ਵਿੱਚ ਪ੍ਰਦੂਸ਼ਣ ਦੇ ਲਗਾਤਾਰ ਵੱਧਦੇ ਪੱਧਰ ਤੇ ਕਾਬੂ ਕਰਨ ਵਿੱਚ ਇਹ ਵਿਭਾਗ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ|
ਵਾਤਾਵਰਨ ਵਿੱਚ ਪ੍ਰਦੂਸ਼ਨ ਦੇ ਇਸ ਲਗਾਤਾਰ ਵੱਧਦੇ ਪੱਧਰ ਤੇ ਕਾਬੂ ਕਰਨ ਲਈ ਜ਼ਰੂਰੀ ਹੈ ਕਿ ਸ਼ਹਿਰਵਾਸੀ ਇਸ ਵਾਸਤੇ ਨਾ ਸਿਰਫ ਖੁਦ ਲਾਮਬੰਦ ਹੋਣ ਬਲਕਿ ਇਕੱਠੇ ਹੋ ਕੇ ਸਰਕਾਰ ਨੂੰ ਮਜ਼ਬੂਰ ਕਰਨ ਕਿ ਉਹ ਸ਼ਹਿਰ ਦੇ ਬੁਰੀ ਤਰ੍ਹਾਂ ਗੰਧਲੇ ਹੁੰਦੇ ਜਾ ਰਹੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਏ| ਇਸ ਸੰਬੰਧੀ ਵਾਤਾਵਰਣ ਦੀ ਸਾਂਭ ਸੰਭਾਲ ਦਾ ਕੰਮ ਕਰਨ ਵਾਲੀਆਂ ਸੰਸਥਾਵਾਂ ਵਲੋਂ ਸਮੇਂ ਸਮੇਂ ਤੇ ਸ਼ਹਿਰ ਦੇ ਵਾਤਾਵਰਣ ਵਿੱਚ ਘੁਲਦੇ ਜਾ ਰਹੇ ਜਹਿਰ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਸ਼ਹਿਰ ਨੂੰ ਹਰਾ ਭਰਾ ਅਤੇ ਸਾਫ ਸੁਥਰਾ ਰੱਖਣ ਲਈ ਆਪਣਾ ਬਣਦਾ ਯੋਗਦਾਨ ਪਾਇਆ ਜਾਂਦਾ ਰਿਹਾ ਹੈ ਪਰੰਤੂ ਪ੍ਰਦੂਸ਼ਣ ਦੇ ਇਸ ਲਗਾਤਾਰ ਵੱਧਦੇ ਪੱਧਰ ਤੇ ਕਾਬੂ ਕਰਨ ਲਈ ਸਮੁੱਚੇ ਸ਼ਹਿਰ ਵਾਸੀਆਂ ਨੂੰ ਲਾਮਬੰਦ ਹੋਣਾ ਪੈਣਾ ਹੈ|
ਜੇਕਰ ਸਰਕਾਰ ਵਲੋਂ ਇਸ ਸੰਬੰਧੀ ਇਮਾਨਦਾਰੀ ਨਾਲ ਕਦਮ ਚੁੱਕੇ ਜਾਣ ਤਾਂ ਨਾ ਸਿਰਫ ਪ੍ਰਦੂਸ਼ਨ ਵਿੱਚ ਹੋਣ ਵਾਲੇ ਵਾਧੇ ਤੇ ਕਾਬੂ ਕੀਤਾ ਜਾ ਸਕਦਾ ਹੈ ਬਲਕਿ ਇਸਦਾ ਪੱਧਰ ਘੱਟ ਕਰਕੇ ਸਾਡੇ ਸ਼ਹਿਰ ਨੂੰ ਮੁੜ ਪ੍ਰਦੂਸ਼ਨ ਮੁਕਤ ਸ਼ਹਿਰਾਂ ਦੀ ਸੂਚੀ ਵਿੱਚ ਵੀ ਸ਼ਾਮਿਲ ਕਰਵਾਇਆ ਜਾ ਸਕਦਾ ਹੈ| ਇਸ ਲਈ ਜਿੱਥੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਹੈ ਉੱਥੇ ਹਵਾ ਦੇ ਪ੍ਰਦੂਸ਼ਨ ਤੇ ਕਾਬੂ ਕਰਨ ਲਈ ਜਨਤਕ ਥਾਵਾਂ ਤੇ ਫੁਹਾਰੇ ਲਗਾਏ ਜਾਣੇ ਚਾਹੀਦੇ ਹਨ| ਸ਼ਹਿਰਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਸ਼ਹਿਰ ਦੇ ਵਾਤਾਵਰਣ ਨੂੰ ਸੰਭਾਲਣ ਲਈ ਅੱਗੇ ਆਉਣ ਅਤੇ ਪ੍ਰਦੂਸ਼ਨ ਦੇ ਇਸ ਲਗਾਤਾਰ ਵੱਧਦੇ ਪੱਧਰ ਤੇ ਕਾਬੂ ਕਰਨ ਲਈ ਮਿਲ ਕੇ ਕੰਮ ਕਰਨ ਤਾਂ ਜੋ ਵਾਤਾਵਰਨ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ|

Leave a Reply

Your email address will not be published. Required fields are marked *