ਵਾਤਾਵਰਨ ਵਿੱਚ ਵੱਧਦਾ ਪ੍ਰਦੂਸ਼ਣ ਮਨੁੱਖ ਜਾਤੀ ਦੀ ਹੋਂਦ ਲਈ ਖਤਰਾ

ਪਿਛਲੇ ਕੁੱਝ ਸਾਲਾਂ ਦੌਰਾਨ ਜਿਸ ਤਰੀਕੇ ਨਾਲ ਧਰਤੀ ਉੱਪਰ ਪ੍ਰਦੂਸ਼ਨ ਦੇ ਪੱਧਰ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ ਉਸ ਨਾਲ ਜਿੱਥੇ ਮਨੁੱਖ ਜਾਤੀ ਦੀ ਹੋਂਦ ਲਈ ਖਤਰਾ ਪੈਦਾ ਹੋ ਗਿਆ ਹੈ ਉੱਥੇ ਇਸ ਕਾਰਨ ਮੌਸਮ ਵਿੱਚ ਆ ਰਹੀ ਤਬਦੀਲੀ ਕਾਰਨ ਕੁਦਰਤ ਵਲੋਂ ਕੀਤੀ ਜਾਣ ਵਾਲੀ ਤਬਾਹੀ ਦੇ ਸੰਕੇਤ ਵੀ ਮਿਲਣ ਲੱਗ ਗਏ ਹਨ| ਧਰਤੀ ਦੇ ਵਾਤਾਵਰਨ ਵਿੱਚ ਪ੍ਰਦੂਸ਼ਨ ਦੇ ਲਗਾਤਾਰ ਵੱਧਦੇ ਪੱਧਰ ਦਾ ਅੰਦਾਜਾ ਇਸ ਤੱਥ ਨਾਲ ਵੀ ਲਗਾਇਆ ਜਾ ਸਕਦਾ ਹੈ ਕਿ ਇਸ ਵੇਲੇ ਦੁਨੀਆ ਦੀ ਲਗਭਗ 90 ਫੀਸਦੀ ਲੋਕ ਪ੍ਰਦੂਸ਼ਿਤ ਹਵਾ ਵਿਚ ਸਾਹ ਲੈ ਰਹੀ ਹੈ ਅਤੇ ਧਰਤੀ ਦੀ ਹਵਾ ਵਿੱਚ ਵੱਧਦਾ ਪ੍ਰਦੂਸ਼ਨ ਹਰ ਸਾਲ ਦੁਨੀਆ ਵਿੱਚ 80 ਲੱਖ ਵਿਅਕਤੀਆਂ ਦੀ ਜਾਨ ਲੈ ਲੈਂਦਾ ਹੈ|
ਵਿਸ਼ਵ ਸਿਹਤ ਸੰਗਠਨ ਅਨੁਸਾਰ ਇਸ ਵੇਲੇ ਵਿਸ਼ਵ ਦੀ 92 ਫੀਸਦੀ ਆਬਾਦੀ ਅਜਿਹੀਆਂ ਥਾਵਾਂ ਉਪਰ ਰਹਿੰਦੀ ਹੈ ਜਿੱਥੇ ਹਵਾ ਵਿੱਚ ਪ੍ਰਦੂਸ਼ਣ ਦੀ ਮਾਤਰਾ ਤੈਅ ਮਾਨਕਾਂ ਤੋਂ ਬਹੁਤ ਜਿਆਦਾ ਵੱਧ ਹੈ| ਵਾਤਾਵਰਨ ਮਾਹਿਰਾਂ ਅਨੁਸਾਰ ਸ਼ਹਿਰਾਂ ਵਿਚ ਤਾਂ ਪ੍ਰਦੂਸ਼ਨ ਦੀ ਇਹ ਸਮੱਸਿਆ ਬਹੁਤ ਜਿਆਦਾ ਗੰਭੀਰ ਹੈ ਹੀ, ਪੇਂਡੂ ਇਲਾਕਿਆਂ ਵਿੱਚ (ਜਿਹਨਾ ਬਾਰੇ ਲੋਕਾਂ ਵਿੱਚ ਆਮ ਧਾਰਨਾ ਹੁੰਦੀ ਹੈ ਕਿ ਉੱਥੇ ਵਾਤਾਵਰਨ ਚੰਗਾ ਹੈ) ਵੀ ਹਵਾ ਦੀ ਗੁਣਵੱਤਾ ਦੀ ਹਾਲਤ ਬਹੁਤ ਜਿਆਦਾ ਖਰਾਬ ਹੋ ਚੁੱਕੀ ਹੈ| ਵਿਕਸਿਤ ਦੇਸ਼ਾਂ ਦੇ ਮੁਕਾਬਲੇ ਗਰੀਬ ਮੁਲਕਾਂ (ਜਿੱਥੇ ਆਬਾਦੀ ਦੀ ਘਣਤਾ ਹੋਰ ਵੀ ਜਿਆਦਾ ਹੈ) ਵਿੱਚ ਹਵਾ ਵਿਚਲੇ ਪ੍ਰਦੂਸ਼ਨ ਦੀ ਇਹ ਮਾਤਰਾ ਕਾਫੀ ਜਿਆਦਾ ਹੈ ਪਰੰਤੂ ਇਸ ਪ੍ਰਦੂਸ਼ਣ ਦਾ ਬੁਰਾ ਅਸਰ ਵਿਸ਼ਵ ਦੇ ਸਾਰੇ ਮੁਲਕਾਂ ਅਤੇ ਸਮਾਜ ਦੇ ਹਰ ਹਿੱਸੇ ਉਪਰ ਪੈ ਰਿਹਾ ਹੈ|
ਵਿਸ਼ਵ ਸਿਹਤ ਸੰਗਠਨ ਅਨੁਸਾਰ ਇਹ ਹਾਲਤ ਜਨਤਕ ਸਿਹਤ ਐਂਮਰਜੈਂਸੀ ਵਰਗੀ ਹੀ ਹੈ ਅਤੇ ਜੇਕਰ ਇਸ ਸਮੱਸਿਆ ਤੇ ਕਾਬੂ ਕਰਨ ਲਈ ਜੰਗੀ ਪੱਧਰ ਤੇ ਕਾਰਵਾਈ ਨਾ ਆਰੰਭੀ ਗਈ ਤਾਂ ਇਸਦਾ ਬਹੁਤ ਬੁਰਾ ਨਤੀਜਾ ਸਾਮ੍ਹਣੇ ਆਉਣਾ ਤੈਅ ਹੈ| ਸਾਡੇ ਵਾਤਾਵਰਨ ਵਿੱਚ ਲਗਾਤਾਰ ਵੱਧਦੇ ਪ੍ਰਦੂਸ਼ਨ ਦਾ ਹੀ ਅਸਰ ਹੈ ਕਿ ਓਜੋਨ ਪਰਤ ਵਿਚ ਵੱਡੇ ਵੱਡੇ ਛੇਕ ਹੋ ਚੁੱਕੇ ਹਨ ਅਤੇ ਲਗਾਤਾਰ ਵੱਧਦੇ ਹਵਾ ਪ੍ਰਦੂਸ਼ਣ ਕਾਰਨ ਓਜੋਨ ਪਰਤ ਸੁੰਗੜਦੀ ਜਾ ਰਹੀ ਹੈ| ਓਜੋਨ ਪਰਤ ਵਿੱਚ ਹੋਏ ਇਹਨਾਂ ਛੇਕਾਂ ਵਿੱਚੋਂ ਲੰਘ ਕੇ ਆਉਣ ਵਾਲੀਆਂ ਸੂਰਜ ਦੀਆਂ ਪਰਾਬੈਂਗਣੀ ਕਿਰਨਾਂ (ਜੋ ਮਨੁੱਖੀ ਸਿਹਤ ਲਈ ਬਹੁਤ ਖਤਰਨਾਕ ਹਨ) ਧਰਤੀ ਉੱਪਰ ਸਿੱਧੀਆਂ ਪੈਣ ਲੱਗੀਆਂ ਹਨ| ਸੂਰਜ ਦੀਆਂ ਇਹ ਪਰਾਬੈਂਗਣੀ ਕਿਰਨਾਂ ਜਿੱਥੇ ਕਿਤੇ ਵੀ ਧਰਤੀ ਉੱਪਰ ਸਿੱਧੀਆਂ ਪੈ ਰਹੀਆਂ ਹਨ, ਉਥੇ ਬਹੁਤ ਨੁਕਸਾਨ ਹੋ ਰਿਹਾ ਹੈ|
ਇਸ ਸਾਰੇ ਕੁਝ ਲਈ ਮਨੁੱਖ ਖੁਦ ਹੀ ਜਿੰਮੇਵਾਰ ਹੈ ਜਿਸ ਵਲੋਂ ਵਿਕਾਸ ਦੀ ਅੰਨੀ ਦੌੜ ਦੇ ਨਾਮ ਤੇ ਕੁਦਰਤ ਨਾਲ ਬੁਰੀ ਤਰ੍ਹਾਂ ਖਿਲਵਾੜ ਕੀਤਾ ਜਾਂਦਾ ਰਿਹਾ ਹੈ ਅਤੇ ਆਪਣੀਆਂ ਛੋਟੀਆਂ ਛੋਟੀਆਂ ਸੁਵਿਧਾਵਾਂ ਲਈ ਮਨੁੱਖ ਵਲੋਂ ਸਾਡੇ ਵਾਤਾਵਰਨ ਦਾ ਵੱਡਾ ਘਾਣ ਕੀਤਾ ਗਿਆ ਹੈ| ਜਦੋਂ ਤੋਂ ਮਨੁੱਖ ਵੱਲੋਂ ਕੁਦਰਤ ਨਾਲ ਛੇੜਛਾੜ ਦੀਆਂ ਇਹਨਾਂ ਕਾਰਵਾਈਆਂ ਵਿੱਚ ਵਾਧਾ ਹੋਇਆ ਹੈ, ਵਾਤਾਵਰਨ ਦਾ ਸੰਤੁਲਨ ਵੀ ਪ੍ਰਭਾਵਿਤ ਹੋਇਆ ਹੈ| ਹਵਾ ਨੂੰ ਸ਼ੁੱਧ ਰੱਖਣ ਵਾਲੇ ਰੁੱਖਾਂ ਦੀ ਅੰਨੇਵਾਹ ਕਟਾਈ ਵਾਤਾਵਰਨ ਵਿੱਚ ਵੱਧਦੇ ਪ੍ਰਦੂਸ਼ਣ ਦਾ ਇੱਕ ਵੱਡਾ ਕਾਰਨ ਹੈ| ਸੜਕਾਂ ਤੇ ਚਲਦੇ ਵਾਹਨਾਂ ਤੋਂ ਨਿਕਲਣ ਵਾਲਾ ਜਹਿਰੀਲਾ ਧੂੰਆਂ ਅਤੇ ਵੱਖ ਵੱਖ ਫੈਕਟਰੀਆਂ ਅਤੇ ਭੱਠਿਆਂ ਦੀਆਂ ਚਿਮਨੀਆਂ ਵਿੱਚੋਂ ਨਿਕਲਦਾ ਧੂੰਆਂ ਸਾਡੀ ਆਬੋ ਹਵਾ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰਦਾ ਹੈ ਅਤੇ ਲੱਖਾਂ ਕਰੋੜਾਂ ਫੈਕਟੀ੍ਰੀਆਂ ਅਤੇ ਵਾਹਨਾਂ ਵਿੱਚੋਂ ਲਗਾਤਾਰ ਨਿਕਲਣ ਵਾਲਾ ਇਹ ਜਹਿਰੀਲਾ ਧੂੰਆਂ ਸਾਡੇ ਵਾਤਾਵਰਨ ਵਿੱਚ ਵੱਧਦੇ ਪ੍ਰਦੂਸ਼ਨ ਦਾ ਸਭ ਤੋਂ ਵੱਡਾ ਕਾਰਨ ਬਣ ਗਿਆ ਹੈ|
ਧਰਤੀ ਦੇ ਵਾਤਾਵਰਨ ਵਿੱਚ ਲਗਾਤਾਰ ਵੱਧਦੇ ਪ੍ਰਦੂਸ਼ਣ ਨੂੰ ਰੋਕਣ ਲਈ ਜਰੂਰੀ ਹੈ ਕਿ ਹਰ ਨਾਗਰਿਕ ਆਪਣੀ ਜਿੰਮੇਵਾਰੀ ਨੂੰ ਸਮਝੇ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਲਈ ਸਾਰੇ ਮਿਲ ਕੇ ਕੰਮ ਕਰਨ| ਵਾਤਾਵਰਨ ਵਿੱਚ ਲਗਾਤਾਰ ਵੱਧਦੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਕੀਤੀ ਜਾਣ ਵਾਲੀ ਕੋਈ ਵੀ ਕਾਰਵਾਈ ਕਈ ਸਾਲਾਂ ਬਾਅਦ ਆਪਣਾ ਅਸਰ ਵਿਖਾਉਂਦੀ ਹੈ ਜਦੋਂਕਿ ਇਸ ਵਿੱਚ ਵਾਧੇ ਦੀ ਰਫਤਾਰ ਬਹੁਤ ਜਿਆਦਾ ਹੈ| ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਹੁਣ ਪਾਣੀ ਸਿਰ ਤੋਂ ਉੱਪਰ ਜਾ ਚੁੱਕਿਆ ਹੈ ਅਤੇ ਜੇਕਰ ਅਸੀਂ ਹੁਣੇ ਵੀ ਨਾ ਸੁਧਰੇ ਤਾਂ ਕੁਦਰਤ ਸਾਨੂੰ ਸੰਭਲਣ ਦਾ ਮੌਕਾ ਤਕ ਨਹੀਂ ਦੇਵੇਗੀ ਅਤੇ ਉਸ ਵਲੋਂ ਕੀਤੀ ਜਾਣ ਵਾਲੀ ਮਨੁੱਖ ਜਾਤੀ ਦੀ ਬਰਬਾਦੀ (ਅਤੇ ਤਬਾਹੀ) ਲਈ ਅਸੀਂ ਖੁਦ ਹੀ ਜਿੰਮੇਵਾਰ ਹੋਵਾਂਗੇ|

Leave a Reply

Your email address will not be published. Required fields are marked *