ਵਾਤਾਵਰਨ ਸੁਰਖਿਆ ਲਈ ਸ਼ਹਿਰਾਂ ਅਤੇ ਪਿੰਡਾਂ ਵਿੱਚਲੇ ਆਬਾਦੀ ਸੰਤੁਲਨ ਦੇ ਪਾੜੇ ਤੇ ਕਾਬੂ ਕਰਨ ਦੀ ਲੋੜ

ਵਾਤਾਵਰਨ ਸੁਰਖਿਆ ਅਤੇ ਗਲੋਬਲ ਵਾਰਮਿੰਗ ਦਾ ਮੁੱਦਾ ਇਸ ਵੇਲੇ ਦੁਨੀਆ ਭਰ ਵਿੱਚ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਪੂਰੀ ਦੁਨੀਆ ਇਸ ਗੰਭੀਰ ਸਮੱਸਿਆ ਦੇ ਹਲ ਲਈ ਯਤਨ ਕਰ ਰਹੀ ਹੈ| ਇੱਕ ਪਾਸੇ ਲਗਾਤਾਰ ਵੱਧਦੀ ਗਲੋਬਲ ਵਾਰਮਿੰਗ ਕਾਰਨ ਮੌਸਮ ਵਿੱਚ ਆ ਰਹੀਆਂ ਘਾਤਕ ਤਬਦੀਲੀਆਂ ਨੇੜ ਭਵਿੱਖ ਵਿੱਚ ਮਨੁਖ ਦੀ ਹੋਂਦ ਤੇ ਹੀ ਗੰਭੀਰ ਖਤਰੇ ਦੀ ਨਜਰਸ਼ਾਨੀ ਕਰ ਰਹੀਆਂ ਹਨ ਉੱਥੇ ਦੂਜੇ ਪਾਸੇ ਮਨੁੱਖ ਹੁਣੇ ਵੀ ਵਾਤਾਵਰਨ ਦੇ ਘਾਣ ਦੀ ਕਾਰਵਾਈ ਵਿੱਚ ਲੱਗਿਆ ਹੋਇਆ ਹੈ|
ਭਾਰਤ ਦੀ ਗੱਲ ਕਰੀਏ ਤਾਂ ਦੇਸ਼ ਭਰ ਵਿੱਚ ਲਗਾਤਾਰ ਵੱਧਦੇ ਬੇਤਰਤੀਬ ਸ਼ਹਿਰੀਕਰਨ ਦੀ ਕਾਰਵਾਈ ਕਾਰਨ ਸ਼ਹਿਰਾਂ ਅਤੇ ਪਿੰਡਾਂ ਵਿੱਚ ਆਬਾਦੀ ਸੰਤੁਲਨ ਦੇ ਅਨੁਪਾਤ ਵਿੱਚ ਵੱਧਦਾ ਪਾੜਾ ਚੌਗਿਰਦੇ ਨੂੰ ਭਾਰੀ ਨੁਕਸਾਨ ਪਹੁੰਚਾ ਰਿਹਾ ਹੈ ਪਰੰਤੂ ਸਰਕਾਰਾਂ ਦਾ  ਇਸ ਪਾਸੇ ਧਿਆਨ ਨਹੀਂ ਹੈ| ਮੁਸ਼ਕਿਲ ਇਹ ਹੈ ਕਿ ਸਮੇਂ ਦੀਆਂ ਸਰਕਾਰਾਂ ਵਲੋਂ ਵਿਕਾਸ ਦੇ ਨਾਮ ਤੇ ਲਗਾਤਾਰ ਵੱਧਦੀ ਸ਼ਹਿਰੀਕਰਣ ਦੀ ਇਸ ਕਾਰਵਾਈ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਰਹੀ ਹੈ| ਸਰਕਾਰਾਂ ਵਲੋਂ ਸ਼ਹਿਰਾਂ ਦੇ ਵਸਨੀਕਾਂ ਨੂੰ ਦਿੱਤੀਆਂ ਜਾਂਦੀਆਂ ਬਿਤਹਰ ਬੁਨਿਆਦੀ ਸਹੂਲਤਾਂ ਅਤੇਇਸ ਪੱਖੋ ਪਿੰਡਾਂ ਦੀ ਅਣਦੇਖੀ ਕੀਤੇ ਜਾਣ ਅਤੇ ਪਿੰਡਾਂ ਵਿੱਚ ਰੁਜਗਾਰ ਦੀਆਂ ਸਹੂਲਤਾਂ ਮੁਹਈਆ ਨਾ ਹੋਣਾ ਹੀ ਲਗਾਤਾਰ ਵੱਧਦੇ ਸ਼ਹਿਰੀਕਰਣ ਦੀ ਇਸ ਕਾਰਵਾਈ ਲਈ ਸਭ ਤੋਂ ਵੱਧ ਜਿੰਮੇਵਾਰ ਹੈ|
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰਿਹਾਇਸ਼ ਦੀਆਂ ਬਿਹਤਰ ਸਹੂਲਤਾਂ ਅਤੇ ਰੁਜਗਾਰ ਦੀ ਲੋੜ ਨੂੰ ਪੂਰਾ ਕਰਨ ਲਈ ਪਿੰਡਾਂ ਦੇ ਵਸਨੀਕਾਂ ਵਲੋਂ ਸ਼ਹਿਰਾਂ ਵੱਲ ਪਲਾਇਨ ਕੀਤਾ ਜਾਂਦਾ ਹੈ ਪਰੰਤੂ  ਇੱਕੋਂ ਥਾਂ ਕੇਂਦਰਿਤ ਹੋਣ ਵਾਲਾ ਆਬਾਦੀ ਦਾ ਇਹ ਭਾਰ ਚੌਗਿਰਦੇ ਲਈ ਗੰਭੀਰ ਸਮੱਸਿਆਵਾਂ ਦਾ ਕਾਰਨ ਬਣਦਾ ਹੈ| ਪੰਜਾਬ ਵਿੱਚ ਵੀ ਪਿੰਡਾਂ ਨੂੰ ਛੱਡ ਕੇ ਛਹਿਰਾਂ ਵਿੱਚ ਵਸਣ ਦਾ ਰੁਝਾਨ ਲਗਾਤਾਰ ਵਧਿਆ ਹੈ ਅਤੇ ਬੀਤੇ ਦੋ ਤਿਨ ਦਹਾਕਿਆਂ ਦੌਰਾਨ ਸ਼ਹਿਰਾਂ ਵਿੱਚ ਰਹਿਣ ਵਾਸਤੇ ਆਉਂਦੀ ਇਸ ਆਬਾਦੀ ਦੀ ਲੋੜ ਨੂੰ ਪੂਰਾ ਕਰਨ ਲਈ ਸ਼ਹਿਰਾਂ ਦੇ ਆਸ ਪਾਸ ਦੇ ਖੇਤਰ ਵੀ ਹੌਲੀ ਹੌਲੀ ਸ਼ਹਿਰਾਂ ਵਿੱਚ ਹੀ ਤਬਦੀਲ ਹੋ ਗਏ ਹਨ|
ਇਸ ਤਰੀਕੇ ਨਾਲ ਬਦਲੇ ਆਬਾਦੀ ਦੇ ਇਸ ਅਨੁਪਾਤ ਨੇ ਸਾਡੇ ਵਾਤਾਵਰਣ ਨੂੰ ਵੱਡਾ ਖੋਰਾ ਲਾਇਆ ਹੈ| ਚਾਹੀਦਾ ਤਾਂ ਇਹ ਸੀ ਕਿ ਸਰਕਾਰਾਂ ਵਲੋਂ ਪਿੰਡਾਂ ਵਿੱਚ ਬਿਹਤਰ ਬੁਨਿਆਦੀ ਸਹੂਲਤਾਂ ਮੁਹਈਆ ਕਰਵਾ ਕੇ ਪਿੰਡਾਂ ਦੇ ਵਸਨੀਕਾਂ ਵਾਸਤੇ ਉੱਥੇ ਹੀ ਰੁਜਗਾਰ ਦੇ ਸਾਧਨ ਉਪਲਬਧ ਕਰਵਾਏ ਜਾਂਦੇ ਤਾਂ ਜੋ ਪਿੰਡਾਂ ਤੋਂ ਸ਼ਹਿਰਾਂ ਵੱਲ ਹੁੰਦੇ ਪਲਾਇਨ ਤੇ ਰੋਕ ਲੱਗਦੀ| ਅਜਿਹਾ ਹੋਣ ਨਾਲ ਪਿੰਡਾਂ ਅਤੇ ਸ਼ਹਿਰਾਂ ਵਿੱਚ ਆਬਾਦੀ ਦੇ ਸੰਤੁਲਨ ਦੇ ਅਨੁਪਾਤ ਵਿੱਚ ਵੱਧਦੇ ਪਾੜੇ ਕਾਰਨ ਵਾਤਾਵਰਣ ਨੂੰ ਹੋਣ ਵਾਲਾ ਨੁਕਸਾਨ ਵੀ ਕਾਬੂ ਹੇਠ ਆਉਂਦਾ ਪਰੰਤੂ ਸਰਕਾਰਾਂ ਵਲੋਂ ਇਸ ਪਾਸੇ ਲੋੜੀਂਦਾ ਧਿਆਨ ਨਾ ਦਿੱਤੇ ਜਾਣ ਕਾਰਨ ਸਥਿਤੀ ਲਗਾਤਾਰ ਬਦ ਤੋਂ ਬਦਤਰ ਹੀ ਹੁੰਦੀ ਰਹੀ ਹੈ|
ਅਜੋਕੇ ਦੌਰ ਵਿੱਚ ਇਸ ਗੱਲ ਵੱਲ ਧਿਆਨ ਦਿੱਤਾ ਜਾਣਾ ਬਹੁਤ ਜਰੂਰੀ ਹੈ ਕਿ ਜੇਕਰ ਵਾਤਾਵਰਣ ਦੀ ਸਾਂਭ ਸੰਭਾਲ ਕਰਕੇ ਇਸਨੂੰ ਸੁਰਖਿਅਤ ਕਰਨਾ ਹੈ ਤਾਂ ਇਸ ਵਾਸਤੇ ਬੇਤਰਤੀਬ ਢੰਗ ਨਾਲ ਹੁੰਦੇ ਸ਼ਹਿਰੀਕਰਨ ਅਤੇ ਪਿੰਡਾ ਤੋਂ ਹੋਣ ਵਾਲੇ ਪਲਾਇਨ ਤੇ ਰੋਕ ਲਗਾਈ ਜਾਣੀ ਬਹੁਤ ਜਰੂਰੀ ਹੈ| ਇਸ ਸੰਬੰਧੀ ਜੇਕਰ ਸਰਕਾਰਾਂ ਵਲੋਂ ਕੁੱਝ ਉਪਰਾਲੇ ਆਰੰਭੇ ਵੀ ਗਏ ਤਾਂ ਵੀ ਇਹਨਾਂ ਨੂੰ ਠੀਕ ਢੰਗ ਨਾਲ ਲਾਗੂ ਨਾ ਕੀਤੇ ਜਾਣ ਕਾਰਨ ਇਹ ਸਮੱਸਿਆ ਲਗਾਤਾਰ ਵੱਧਦੀ ਹੀ ਰਹੀ ਹੈ| ਅਸਲੀਅਤ ਇਹ ਹੈ ਕਿ ਸਰਕਾਰਾਂ ਪਿੰਡਾਂ ਦੇ ਵਸਨੀਕਾਂ ਨੂੰ ਜਿਆਦਾਤਰ ਬੁਨਿਆਦੀ ਸੁਵਿਧਾਵਾਂ ਕਾਗਜਾਂ ਵਿੱਚ ਹੀ ਮੁਹਈਆ ਕਰਵਾਉੱਦੀਆਂ ਹਨ| ਨਾ ਤਾਂ ਪਿੰਡਾਂ ਦੀਆਂ ਡਿਸਪੈਂਸਰੀਆਂ ਵਿੱਚ ਡਾਕਟਰ ਮਿਲਦਾ ਹੈ ਅਤੇ ਨਾ ਹੀ ਸਕੂਲ ਵਿੱਚ ਅਧਿਆਪਕ| ਨਾ ਪਿੰਡਾਂ ਵਿੱਚ  ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਹੁੰਦੀ ਹੈ ਅਤੇ ਨਾ ਹੀ ਉੱਥੇ ਲੋੜੀਂਦੀ ਸਾਫ ਸਫਾਈ ਆਦਿ ਦੀ ਸਹੂਲੀਅਤ ਹੈ|
ਇਸਦੇ ਮੁਕਾਬਲੇ ਸ਼ਹਿਰਾਂ ਵਿੱਚ ਸਿਹਤ, ਸਿਖਿਆ, ਬਿਜਲੀ, ਪਾਣੀ, ਸਾਫ ਸਫਾਈ ਅਤੇ ਰੁਜਗਾਰ ਦੀਆਂ ਬਿਹਤਰ ਸੁਵਿਧਾਵਾਂ ਮਿਲਣ ਕਾਰਨ ਪਿੰਡਾਂ ਦੇ ਲੋਕ ਵੀ ਸ਼ਹਿਰਾਂ ਵਿੱਚ ਜਾ ਕੇ ਰਹਿਣ ਨੂੰ ਹੀ ਤਰਜੀਹ ਦਿੰਦੇ ਹਨ| ਇਸ ਸਮੱਸਿਆ ਦੇ ਹਲ ਲਈ ਜਰੂਰੀ ਹੈ ਕਿ ਸਰਕਾਰ ਵਲੋਂ ਪਿੰਡਾਂ ਵਿੱਚ ਵੀ ਚੰਗੀਆਂ ਸਹੂਲਤਾਂ ਮੁਹਈਆ ਕਰਵਾਏ ਜਾਣ ਅਤੇ ਉੱਥੇ ਰੁਜਗਾਰ ਦੇ ਸਾਧਨ ਪੈਦਾ ਕਰਕੇ ਪਿੰਡਾ ਤੋਂ ਸ਼ਹਿਰਾਂ ਵੱਲ ਹੁੰਦੇ ਪਲਾਇਨ ਨੂੰ ਰੋਕਿਆ ਜਾਵੇ| ਵੈਸੇ ਵੀ ਪਿੰਡਾਂ ਵਰਗਾ ਚੰਗਾ ਖਾਣ ਪੀਣ,  ਸਾਫ ਸੁਥਰਾ ਮਾਹੌਲ, ਪ੍ਰਦੂਸ਼ਣ ਮੁਕਤ ਹਵਾ ਅਤੇ ਪਾਣੀ ਸ਼ਹਿਰਾਂ ਵਿੱਚ ਨਸੀਬ ਨਹੀਂ ਹੋ ਸਕਦਾ| ਜੇਕਰ ਸਰਕਾਰਾਂ ਆਪਣਾ ਪੇਂਡੂ ਸਭਿਆਚਾਰ ਬਚਾਉਣ ਵੱਲ ਧਿਆਨ ਦੇਣ ਅਤੇ ਪਿੰਡਾਂ ਵਿੱਚ ਬੁਨਿਆਦੀ ਸੁਵਿਧਾਵਾਂ ਮੁਹਈਆ ਕਰਵਾਉਣ ਤਾਂ ਇਸ ਨਾਲ ਸ਼ਹਿਰਾਂ ਵੱਲ ਹੁੰਦੇ ਪਲਾਇਨ ਤੇ ਕਾਬੂ ਕਰਕੇ ਚੌਗਿਰਦੇ ਨੂੰ ਹੋਣ ਵਾਲੇ ਵੱਡੇ ਨੁਕਸਾਨ ਤੋਂ ਵੀ ਬਚਿਆ ਜਾ ਸਕਦਾ ਹੈ|

 

Leave a Reply

Your email address will not be published. Required fields are marked *