ਵਾਰਡਬੰਦੀ : ਕੰਮ ਮੁਕੰਮਲ ਹੋਣ ਵਿੱਚ ਲੱਗ ਸਕਦਾ ਹੈ ਦੋ ਤੋਂ ਤਿੰਨ ਹਫਤੇ ਦਾ ਸਮਾਂ

ਵਾਰਡਬੰਦੀ : ਕੰਮ ਮੁਕੰਮਲ ਹੋਣ ਵਿੱਚ ਲੱਗ ਸਕਦਾ ਹੈ ਦੋ ਤੋਂ ਤਿੰਨ ਹਫਤੇ ਦਾ ਸਮਾਂ
ਕੰਮ ਮੁਕੰਮਲ ਹੋਣ ਤੇ ਮੁੱਖ ਦਫਤਰ ਨੂੰ ਭੇਜੀ ਜਾਵੇਗੀ ਵਾਰਡਬੰਦੀ ਸਕੀਮ : ਕਮਿਸ਼ਨਰ
ਐਸ ਏ ਐਸ ਨਗਰ, 30 ਜੁਲਾਈ (ਭੁਪਿੰਦਰ ਸਿੰਘ) ਨਗਰ ਨਿਗਮ ਐਸ ਏ ਐਸ ਨਗਰ ਦੀ ਹੋਣ ਵਾਲੀ ਚੋਣ ਲਈ ਕੀਤੀ ਜਾਣ ਵਾਲੀ ਵਾਰਡਬੰਦੀ ਦਾ ਕੰਮ ਹਾਲੇ ਵਿਚਾਲੇ ਹੀ ਹੈ ਅਤੇ ਇਸਦੇ ਮੁਕੰਮਲ ਹੋਣ ਵਿਚ ਥੋੜ੍ਹਾ ਸਮਾਂ ਹੋਰ ਲੱਗਣਾ ਹੈ ਜਿਸਤੋਂ ਬਾਅਦ ਹੀ ਇਸਨੂੰ ਸਥਾਨਕ ਸਰਕਾਰ ਵਿਭਾਗ ਦੇ ਡਾਇਰੈਕਟਰ ਨੂੰ ਭੇਜਿਆ ਜਾਵੇਗਾ| ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਕਮਲ ਕੁਮਾਰ ਗਰਗ ਨੇ ਇਸ ਸੰਬੰਧੀ ਸੰਪਰਕ ਕਰਨ ਤੇ ਕਿਹਾ ਕਿ ਵਾਰਡਬੰਦੀ ਸਕੀਮ ਦਾ ਕੰਮ ਹੁਣੇ ਮੁਕੰਮਲ ਨਹੀਂ ਹੋਇਆ ਹੈ ਅਤੇ ਇਸ ਵਿੱਚ ਹੋਰ ਸਮਾਂ ਲੱਗਣਾ ਹੈ| ਹਾਲਾਕਿ ਉਹਨਾਂ ਕਿਹਾ ਕਿ ਵਾਰਡਬੰਦੀ ਸਕੀਮ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਇਸਨੂੰ ਛੇਤੀ ਹੀ ਮੁਕੰਮਲ ਕਰਕੇ ਡਾਇਰੈਕਟਰ ਦਫਤਰ ਭਿਜਵਾ ਦਿੱਤਾ ਜਾਵੇਗਾ ਪਰੰਤੂ ਸੂਤਰ ਦੱਸਦੇ ਹਨ ਕਿ ਇਸ ਕੰਮ ਨੂੰ ਮੁਕੰਮਲ ਹੋਣ ਵਿੱਚ ਘੱਟੋ ਘੱਟ ਦੋ ਹਫਤਿਆਂ ਦਾ ਸਮਾਂ ਜਰੂਰ ਲੱਗਣਾ ਹੈ| 
ਇੱਥੇ ਜਿਕਰਯੋਗ ਹੈ ਕਿ ਬੀਤੀ 24 ਜੁਲਾਈ ਨੂੰ ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਦੇ ਡਾਇਰੈਕਟਰ ਵਲੋਂ ਨਗਰ ਨਿਗਮ ਐਸ ਏ ਐਸ ਨਗਰ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਨਗਰ ਨਿਗਮ ਦੀ ਵਾਰਡਬੰਦੀ ਸਕੀਮ 30 ਜੁਲਾਈ ਤੱਕ ਮੁਕੰਮਲ ਕਰਕੇ ਉਹਨਾਂ ਦੇ ਦਫਤਰ ਵਿੱਚ ਪੇਸ਼ ਕਰਨ ਲਈ ਕਿਹਾ ਗਿਆ ਸੀ| ਸਥਾਨਕ ਸਰਕਾਰ ਵਿਭਾਗ ਦੇ ਡਾਇਰੈਕਟਰ ਵਲੋਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਸੀ ਕਿ ਨਗਰ ਨਿਗਮ ਦੀ ਵਾਰਡਬੰਦੀ ਸਕੀਮ ਨੂੰ ਆਬਾਦੀ ਦੇ ਅੰਕੜੇ ਵਿੱਚ ਬਲਾਕ ਵਾਈਸ ਦਰਸਾਉਂਦੇ ਹੋਏ ਸੰਬੰਧਤ ਕਾਨੂੰਨਾਂ ਅਨੁਸਾਰ ਰਾਖਵਾਂਕਰਨ ਅਤੇ ਨੰਬਰਿੰਗ ਫਾਈਨਲ ਕਰਕੇ ਹਰ ਹਾਲਤ ਵਿੱਚ ਮਿਤੀ 30 ਜੁਲਾਈ ਤਕ ਉਹਨਾਂ ਦੇ ਦਫਤਰ ਵਿੱਚ ਪੇਸ਼ ਕੀਤੀ ਜਾਵੇ| ਇਸ ਪੱਤਰ ਨੂੰ ਮਿਤੀਬੱਧ ਅਤੇ ਅਤਿ ਜਰੂਰੀ ਦੱਸਦਿਆਂ ਇਸਨੂੰ ਪਰਮ ਅਗੇਤ ਦੇਣ ਲਈ ਵੀ ਕਿਹਾ ਗਿਆ ਸੀ| 
ਪ੍ਰਾਪਤ ਜਾਣਕਾਰੀ ਅਨੁਸਾਰ ਡਾਇਰੈਕਟਰ ਸਥਾਨਕ ਸਰਕਾਰ ਵਿਭਾਗ ਵਲੋਂ 24 ਜੁਲਾਈ ਨੂੰ ਜਾਰੀ ਕੀਤਾ ਗਿਆ ਇਹ ਪੱਤਰ 27 ਜੁਲਾਈ ਨੂੰ ਨਗਰ ਨਿਗਮ ਵਿੱਚ ਪਹੁੰਚਿਆ ਸੀ ਜਿਸਤੋਂ ਬਾਅਦ ਨਗਰ ਨਿਗਮ ਵਲੋਂ ਡਾਇਰੈਕਟਰ ਦਫਤਰ ਨੂੰ ਪੱਤਰ ਲਿਖ ਕੇ ਇਸ ਸੰਬੰਧੀ ਨਿਯਮਾਂ ਦੀ ਜਾਣਕਾਰੀ ਮੰਗੀ ਗਈ ਸੀ ਅਤੇ ਨਾਲ ਹੀ ਅੰਕੜਾ ਅਧਿਕਾਰੀ ਨੂੰ ਪੱਤਰ ਲਿਖ ਕੇ ਆਬਾਦੀ ਦੇ ਵੇਰਵਿਆਂ ਦੀ ਮੰਗ ਕੀਤੀ ਗਈ ਸੀ| ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸੰਬੰਧੀ ਡਾਇਰੈਕਟਰ ਦਫਤਰ ਵਲੋਂ ਨਗਰ ਨਿਗਮ ਨੂੰ ਕੋਈ ਲਿਖਤੀ ਜਵਾਬ ਨਹੀਂ ਦਿੱਤਾ ਗਿਆ ਹੈ ਜਦੋਂਕਿ ਅੰਕੜਾ ਦਫਤਰ ਵਲੋਂ ਇਹ ਲਿਖ ਕੇ ਦਿੱਤਾ ਗਿਆ ਹੈ ਕਿ ਉਹਨਾਂ ਕੋਲ 2011 ਦੀ ਜਨਗਣਨਾ ਅਨੁਸਾਰ ਹੀ ਆਬਾਦੀ ਦੇ ਅੰਕੜੇ ਹਨ ਅਤੇ ਉਸਤੋਂ ਬਾਅਦ ਦਾ ਕੋਈ ਅੰਕੜਾ ਮੌਜੂਦ ਨਹੀਂ ਹੈ| 
ਇਸ ਸੰਬੰਧੀ ਨਗਰ ਨਿਗਮ ਦੇ ਸੂਤਰ ਦੱਸਦੇ ਹਨ ਕਿ ਨਗਰ ਨਿਗਮ ਦੀ ਵਾਰਡਬੰਦੀ ਸਕੀਮ ਤਿਆਰ ਕਰਨ ਵਿੱਚ ਘੱਟੋ ਘੱਟ ਦੋ ਤੋਂ ਤਿੰਨ ਹਫਤਿਆਂ ਦਾ ਸਮਾਂ ਲੱਗਣਾ ਤੈਅ ਹੈ ਅਤੇ ਇਸ ਸੰਬੰਧੀ ਨਗਰ ਨਿਗਮ ਵਲੋਂ   ਡਾਇਰੈਕਟਰ ਦਫਤਰ ਨੂੰ ਪੱਤਰ ਲਿਖ ਕੇ ਵਾਰਡਬੰਦੀ ਸਕੀਮ ਤਿਆਰ ਕਰਨ ਲਈ ਹੋਰ ਸਮਾਂ ਦੇਣ ਦੀ ਮੰਗ ਕੀਤੀ ਜਾਵੇਗੀ| 
ਇਸ ਸੰਬੰਧੀ ਪਹਿਲਾਂ ਹੀ ਇਹ ਚਰਚਾ ਚਲ ਰਹੀ ਸੀ ਕਿ ਵਾਰਡਬੰਦੀ ਦਾ ਕੰਮ ਮੁਕੰਮਲ ਹੋਣ ਵਿੱਚ ਘੱਟੋ ਘੱਟ ਇੱਕ ਮਹੀਨੇ ਦਾ ਸਮਾਂ ਜਰੂਰ ਲੱਗਣਾ ਹੈ ਜਿਸ ਕਾਰਨ ਨਗਰ ਨਿਗਮ ਦੀ ਚੋਣ ਅਕਤੂਬਰ ਦੀ ਥਾਂ ਅੱਗੇ ਲਮਕ ਸਕਦੀ ਹੈ ਅਤੇ ਹੁਣ ਵਾਰਡਬੰਦੀ ਸਕੀਮ ਤਿਆਰ ਨਾ ਹੋਣ ਕਾਰਨ ਇਹ ਚਰਚਾ ਹੋਰ ਵੀ ਮਜਬੂਤ ਹੋ ਗਈ ਹੈ|  ਵੇਖਣਾ ਇਹ ਹੈ ਕਿ ਨਗਰ ਨਿਗਮ ਵਲੋਂ ਵਾਰਡਬੰਦੀ ਦੀ ਨਵੀਂ ਸਕੀਮ ਤਿਆਰ ਕਰਨ ਵਿੱਚ ਕਿੱਨਾ ਸਮਾਂ ਲੱਗਦਾ ਹੈ ਕਿਉਂਕਿ ਉਸ ਤੋਂ ਬਾਅਦ ਹੀ ਨਿਗਮ ਚੋਣਾਂ ਦੀ ਰੂਪਰੇਖਾ ਤਿਆਰ ਹੋ ਪਾਏਗੀ|

Leave a Reply

Your email address will not be published. Required fields are marked *