ਵਾਰਡਬੰਦੀ ਦਾ ਨੋਟਿਫਿਕੇਸ਼ਨ ਜਾਰੀ ਹੋਣ ਉਪਰੰਤ ਅਗਲੇ ਹਫਤੇ ਹੋ ਸਕਦਾ ਹੈ ਨਿਗਮ ਚੋਣਾਂ ਦਾ ਐਲਾਨ ਨਵੀਂ ਵਾਰਡਬੰਦੀ ਅਨੁਸਾਰ ਵੋਟਰ ਸੂਚੀਆਂ ਬਣਾਉਣ ਦਾ ਕੰਮ ਸ਼ੁਰੂ


ਭੁਪਿੰਦਰ ਸਿੰਘ
ਐਸ ਏ ਐਸ ਨਗਰ, 9 ਨਵੰਬਰ

ਨਗਰ ਨਿਗਮ ਦੀ ਚੋਣ ਲਈ ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵਲੋਂ ਨਿਗਮ ਦੀ ਵਾਰਡਬੰਦੀ ਦਾ ਨੋਟਿਸ ਜਾਰੀ ਕੀਤੇ ਜਾਣ ਤੋਂ ਬਾਅਦ ਹੁਣ ਸਰਕਾਰ ਵਲੋਂ ਅਗਲੇ ਦਿਨਾਂ ਵਿੱਚ ਨਿਗਮ ਚੋਣਾਂ ਦਾ ਰਸਮੀ ਐਲਾਨ ਕਰਨ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਸੂਤਰਾਂ ਦੀ ਮੰਨੀਏ ਤਾਂ ਦਿਵਾਲੀ ਤੋਂ ਬਾਅਦ ਕਦੇ ਵੀ ਨਿਗਮ ਚੋਣਾ ਦਾ ਐਲਾਨ ਕੀਤਾ ਜਾ ਸਕਦਾ ਹੈ| 
ਨਗਰ ਨਿਗਮ ਦੀ ਵਾਰਡਬੰਦੀ ਦਾ ਅਮਲ ਮੁਕੰਮਲ ਹੋਣ ਤੋਂ ਬਾਅਦ ਇਹਨਾਂ ਵਾਰਡਾਂ ਦੇ ਅਨੁਸਾਰ ਵੋਟਰ ਸੂਚੀਆਂ ਬਣਾਊਣ ਦਾ ਕੰਮ ਵੀ ਆਰੰਭ ਕਰ ਦਿੱਤਾ ਗਿਆ ਹੈ ਅਤੇ ਅਗਲੇ ਹਫਤੇ ਤਕ ਇਹਨਾਂ ਵਾਰਡਾਂ ਦੀਆਂ ਡ੍ਰਾਫਟ ਵੋਟਰ ਸੂਚੀਆਂ ਤਿਆਰ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜਿਸਤੋਂ ਬਾਅਦ ਸਰਕਾਰ ਵਲੋਂ ਨਗਰ ਨਿਗਮ ਦੀ ਚੋਣ ਦਾ ਰਸਮੀ ਐਲਾਨ ਕੀਤਾ ਜਾ ਸਕਦਾ ਹੈ| 
ਇੱਥੇ ਜਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵਲੋਂ ਬੀਤੀ 5 ਨਵੰਬਰ ਨੂੰ ਨਗਰ ਨਿਗਮ  ਐਸ ਏ ਐਸ ਨਗਰ ਦੀ ਵਾਰਡਬੰਦੀ ਦਾ ਅਮਲ ਮੁਕੰਮਲ ਕਰਦਿਆਂ  ਇਸ ਸੰਬੰਧੀ ਨੋਟਿਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਸੀ ਜਿਸਦੇ ਨਾਲ ਬੀਤੀ 23 ਅਕਤੂਬਰ ਨੂੰ ਜਾਰੀ ਕੀਤੀ ਗਈ ਪ੍ਰਸਤਾਵਿਤ ਵਾਰਡਬੰਦੀ ਦਾ ਅਮਲ ਹੁਣ ਮੁਕੰਮਲ ਹੋ ਗਿਆ ਹੈ| 
ਜਿਕਰਯੋਗ ਹੈ ਕਿ  23 ਅਕਤੂਬਰ ਤੋਂ 30 ਅਕਤੂਬਰ ਤਕ ਨਗਰ ਨਿਗਮ ਦੇ ਦਫਤਰ ਵਿੱਚ ਲੋਕਾਂ ਦੇ ਵੇਖਣ ਵਾਸਤੇ ਰੱਖੇ ਗਏ ਵਾਰਡਬੰਦੀ ਦੇ ਨਕਸ਼ੇ ਬਾਰੇ ਸ਼ਹਿਰ ਦੇ ਵੱਖ ਵੱਖ ਸਾਬਕਾ ਕੌਂਸਲਰਾਂ ਅਤੇ ਹੋਰਨਾਂ ਵਸਨੀਕਾਂ ਵਲੋਂ ਜਿਹੜੇ ਇਤਰਾਜ ਦਾਖਿਲ ਕੀਤੇ ਗਏ ਸਨ ਅਤੇ ਸਥਹਾਨਕ ਸਰਕਾਰ ਵਿਭਾਗ ਦੇ ਸਕੱਤਰ ਵਲੋਂ ਇਹਨਾਂ ਤਮਾਮ ਇਤਰਾਜਾਂ ਨੂੰ ਖਾਰਿਜ ਕਰਦਿਆਂ ਵਾਰਡਬੰਦੀ ਬੋਰਡ ਵਲੋਂ ਤਿਆਰ ਕੀਤੇ ਗਏ ਵਾਰਡਬੰਦੀ ਦੇ ਪ੍ਰਸਤਾਵਿਤ ਨਕਸ਼ੇ ਨੂੰ ਹੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਵਿਭਾਗ ਵਲੋਂ ਬੀਤੀ 5 ਨਵੰਬਰ ਨੂੰ ਉਸਦੀ ਬਾਕਾਇਦਾ ਨੋਟਿਫਿਕੇਸ਼ਨ ਵੀ ਜਾਰੀ ਕਰ ਦਿੱਤੀ ਗਈ ਸੀ| 
ਇੱਥੇ ਇਹ ਵੀ ਜਿਕਰਯੋਗ ਹੈ ਕਿ ਸਕਾਈ ਹਾਕ ਟਾਈਮਜ਼ ਵਲੋਂ ਪਹਿਲਾਂ ਹੀ ਇਹ ਗੱਲ ਪ੍ਰਕਾਸ਼ਿਤ ਕੀਤੀ ਜਾ ਚੁੱਕੀ ਹੈ ਕਿ ਨਗਰ ਨਿਗਮ ਦੀ ਪ੍ਰਸਤਾਵਿਤ ਵਾਰਡਬੰਦੀ ਬਾਰੇ ਵੱਖ ਵੱਖ ਵਿਅਕਤੀਆਂ ਵਲੋਂ ਕੁਲ 41 ਇਤਰਾਜ ਦਾਖਿਲ ਕੀਤੇ ਗਏ ਸਨ ਅਤੇ ਬਾਅਦ ਵਿੱਚ ਨਗਰ ਨਿਗਮ ਦੀ ਜਾਇੰਟ ਕਮਿਸ਼ਨਰ ਵਲੋਂ ਵਾਰਡਬੰਦੀ ਬਾਰੇ ਆਏ ਇਤਰਾਜ ਅਤੇ ਉਹਨਾਂ ਸੰਬੰਧੀ ਟਿੱਪਣੀਆਂ ਕਰਕੇ ਸਥਾਨਕ ਸਰਕਾਰ ਵਿਭਗ ਦੇ ਡਾਇਰੈਕਟਰ ਨੂੰ ਭੇਜ ਦਿੱਤੀਆਂ ਗਈਆਂ ਸਨ ਅਤੇ ਇਹਨਾਂ ਟਿੱਪਣੀਆਂ ਤੇ ਕਾਰਵਾਈ ਕਰਦਿਆਂ ਸਥਾਨਕ ਸਰਕਾਰ ਵਿਭਾਗ ਦੇ ਸਕੱਤਰ ਵਲੋਂ ਇਹ ਇਤਰਾਜ ਖਾਰਿਜ ਕਰ ਦਿੱਤੇ ਗਏ ਸਨ ਅਤੇ ਵਾਰਡਬੰਦੀ ਦਾ ਫਾਈਨਲ                ਨੋਟਿਫਿਕੇਸ਼ਨ ਜਾਰੀ ਕਰ ਦਿੱਤਾ ਸੀ| 

ਨਿਗਮ ਚੋਣ ਵੱਡੇ ਬਹੁਮਤ ਨਾਲ ਜਿੱਤਾਂਗੇ : ਬੇਦੀ
ਨਗਰ ਨਿਗਮ ਦੇ ਸਾਬਕਾ ਕੌਂਸਲਰ ਅਤੇ ਵਾਰਡਬੰਦੀ ਬੋਰਡ ਦੇ ਮੈਂਬਰ ਸ੍ਰ. ਕੁਲਜੀਤ ਸਿੰਘ ਬੇਦੀ ਨੇ ਕਿਹਾ ਹੈ ਕਿ ਵਾਰਡਬੰਦੀ ਦਾ ਕੰਮ ਮੁਕੰਮਲ ਹੋਣ ਤੋਂ  ਬਾਅਦ ਹੁਣ ਸਰਕਾਰ ਵਲੋਂ ਚੋਣਾਂ ਦਾ ਐਲਾਨ ਹੋਣਾ ਹੀ ਰਹਿ ਗਿਆ ਹੈ ਜਿਸਤੋਂ ਬਾਅਦ ਚੋਣ ਅਮਲ ਦੀ ਰਸਮੀ ਸ਼ੁਰੂਆਤ ਹੋ ਜਾਣੀ ਹੈ| ਉਹਨਾਂ ਕਿਹਾ ਕਿ ਵਾਰਡਬੰਦੀ ਦੌਰਾਨ ਦਾਖਿਲ ਕੀਤੇ ਗਏ ਇਤਰਾਜਾਂ ਦੇ ਖਾਰਿਜ ਹੋਣ ਨਾਲ ਇਹ ਗੱਲ ਜਾਹਿਰ ਹੋ ਗਈ ਹੈ ਕਿ ਵਿਰੋਧੀ ਧਿਰ ਵਲੋਂ ਦਾਖਿਲ ਕੀਤੇ ਗਏ ਸਾਰੇ ਇਤਰਾਜ ਬੋਗਸ ਸਨ ਅਤੇ ਉਹਨਾਂ ਨੂੰ ਖਾਰਿਜ ਕਰ ਦਿੱਤਾ ਗਿਆ ਹੈ| 
ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨਿਗਮ ਚੋਣਾ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਸਾਰੇ ਵਾਰਡਾਂ ਵਿੱਚ ਹੂੰਝਾਫੇਰੂ ਜਿੱਤ ਹਾਸੋਲ ਕਰੇਗੀ| ਉਹਨਾਂ  ਕਿਹਾ ਕਿ ਵਿਰੋਧੀ ਸ਼ਹਿਰ ਵਾਸੀਆਂ ਨੂੰ ਗੁੰਮਰਾਹ ਕਰਨ ਲਈ             ਬੇਬੁਨਿਆਦ ਇਲਜਾਮ ਲਗਾਉਂਦੇ ਹਨ ਪਰੰਤੂ ਸ਼ਹਿਰ ਦੇ ਵਸਨੀਕ ਸਭ ਸਮਝਦੇ ਹਨ ਅਤੇ ਲੋਕ ਸ਼ਹਿਰ ਦੇ ਵਿਕਾਸ ਨੂੰ ਮੁੱਖ ਰੱਖ ਵੋਟਾਂ ਪਾਉਣਗੇ| 

Leave a Reply

Your email address will not be published. Required fields are marked *