ਵਾਰਡਬੰਦੀ ਦੀ ਫਾਈਨਲ ਨੋਟਿਫਿਕੇਸ਼ਨ ਹੋਣ ਤੋਂ ਬਾਅਦ ਨਗਰ ਨਿਗਮ ਚੋਣਾਂ ਸਬੰਧੀ ਸਰਗਰਮੀਆਂ ਸ਼ੁਰੂ ਚੋਣ ਲੜਣ ਦੇ ਚਾਹਵਾਨ ਉਮੀਦਵਾਰਾਂ ਵਲੋਂ ਵੋਟਰਾਂ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ


ਭੁਪਿੰਦਰ ਸਿੰਘ
ਐਸ ਏ ਐਸ ਨਗਰ, 18 ਨਵੰਬਰ 

ਨਗਰ ਨਿਗਮ ਮੁਹਾਲੀ ਦੀ ਵਾਰਡਬੰਦੀ ਦੀ ਫਾਈਨਲ ਨੋਟਿਫਿਕੇਸ਼ਨ ਹੋਣ ਉਪਰੰਤ ਚੋਣ ਲੜਣ ਦੇ ਚਾਹਵਾਨਾਂ ਦੀਆਂ ਚੋਣ ਸਰਗਰਮੀਆਂ ਵੀ ਆਰੰਭ ਹੋ ਗਈਆਂ ਹਨ ਅਤੇ ਨਿਗਮ ਚੋਣਾਂ  ਲੜਨ ਦੇ ਚਾਹਵਾਨ ਉਮੀਦਵਾਰਾਂ ਵਲੋਂ ਘਰੋ ਘਰੀ ਜਾ ਕੇ ਚੋਣ ਪ੍ਰਚਾਰ ਵੀ ਆਰੰਭ ਦਿੱਤਾ ਗਿਆ ਹੈ| ਇਸ ਦੌਰਾਨ ਕੁੱਝ ਉਮੀਦਵਾਰਾਂ ਵਲੋਂ ਦਿਵਾਲੀ ਦੇ ਤਿਉਹਾਰ ਮੌਕੇ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਵੋਟਰਾਂ ਦੇ ਘਰੋ ਘਰੀ ਜਾ ਕੇ ਤੋਹਫੇ ਵੰਡੇ ਜਾਣ ਦੀ ਕਾਰਵੀ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਵਲੋਂ ਵੋਟਰਾਂ ਨਾਲ ਮੇਲ ਜੋਲ ਵਧਾ ਦਿੱਤਾ ਗਿਆ ਹੈ| 
ਪੰਜਾਬ ਸਰਕਾਰ ਵਲੋਂ ਬੀਤੀ 5 ਨਵੰਬਰ ਨੂੰ ਵਾਰਡਬੰਦੀ ਦੀ ਫਾਈਨਲ ਨੋਟਿਫਿਕੇਸ਼ਨ ਹੋਣ ਤੋਂ ਬਾਅਦ ਅਕਾਲੀ ਦਲ ਦੇ ਸਾਬਕਾ ਕੌਂਸਲਰਾਂ ਵਲੋਂ ਵਾਰਡਬੰਦੀ ਨੂੰ ਰੱਦ ਕਰਕੇ ਨਵੇਂ ਸਿਰੇ ਤੋਂ ਵਾਰਡਬੰਦੀ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਨਵੇਂ ਸਿਰੇ ਤੋਂ ਪਟੀਸ਼ਨ ਪਾਏ ਜਾਣ ਨਾਲ ਇੱਕ ਵਾਰ ਤਾਂ ਇਹ ਮਹਿਸੂਸ ਹੋ ਰਿਹਾ ਸੀ ਕਿ ਨਗਰ ਨਿਗਮ ਚੋਣਾਂ ਲਮਕ ਸਕਦੀਆਂ ਹਨ ਪਰੰਤੂ ਮਾਣਯੋਗ ਅਦਾਲਤ ਵਲੋਂ ਬੀਤੇ ਕੱਲ ਇਸ ਮਾਮਲੇ ਦੀ ਸੁਣਵਾਈ ਦੌਰਾਨ ਸਟੇਅ ਦੇਣ ਤੋਂ ਇਨਕਾਰ ਕਰਦਿਆਂ ਮਾਮਲੇ ਦੀ ਸੁਣਵਾਈ 6 ਜਨਵਰੀ ਤਕ ਮੁਲਤਵੀ ਕੀਤੇ ਜਾਣ ਨਾਲ ਉਮੀਦਵਾਰਾਂ ਨੂੰ ਲੱਗਦਾ ਹੈ ਕਿ ਹੁਣ ਸਰਕਾਰ ਵਲੋਂ ਕਦੇ ਵੀ ਇਹਨਾਂ ਚੋਣਾ ਦਾ ਰਸਮੀ ਐਲਾਨ ਕੀਤਾ ਜਾ ਸਕਦਾ ਹੈ ਅਤੇ ਇਹੀ ਕਾਰਨ ਹੈ ਕਿ ਚੋਣ ਲੜਣ ਦੇ ਚਾਹਵਾਨ ਉਮੀਦਵਾਰਾਂ ਵਲੋਂ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਗਈਆਂ ਹਨ| 
ਨਗਰ ਨਿਗਮ ਦੀਆਂ ਚੋਣਾ ਸੰਬੰਧੀ ਭਾਵੇਂ ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਆਪਣੇ ਉਮੀਦਵਾਰਾਂ ਦਾ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ ਪਰੰਤੂ ਇਸਦੇ ਬਾਵਜੂਦ ਵੱਖ ਵੱਖ ਸਿਆਸੀ ਪਾਰਟੀਆਂ ਦੇ ਸੰਭਾਵੀ ਉਮੀਦਵਾਰਾਂ ਵਲੋਂ ਆਪੋ ਆਪਣੇ ਵਾਰਡਾਂ ਵਿੱਚ ਵੋਟਰਾਂ ਨਾਲ ਤਾਲਮੇਲ ਵਧਾ ਦਿੱਤਾ ਗਿਆ ਹੈ ਅਤੇ ਉਹ ਵੋਟਰਾਂ ਦੇ ਹਰ ਦੁੱਖ ਸੁੱਖ ਵਿੱਚ ਸ਼ਾਮਲ ਹੋ ਰਹੇ ਹਨ|
ਚੋਣ ਲੜਣ ਦੇ ਚਾਹਵਾਨਾਂ ਦੀਆਂ ਸਰਗਰਮੀਆਂ ਵਿੱਚ ਵਾਧੇ ਦੇ ਨਾਲ ਇਹਨਾਂ ਸੰਭਾਵੀ ਉਮੀਦਵਾਰਾਂ ਦੇ ਘਰਾਂ ਵਿੱਚ ਉਹਨਾਂ ਸਮਰਥਕਾਂ ਦੀਆਂ ਡਾਰਾਂ ਵੀ ਇਕੱਤਰ ਹੋਣ ਲੱਗ ਗਈਆਂ ਹਨ ਜਿਹੜੇ ਸਾਰਾ ਦਿਨ ਇਹਨਾਂ ਉਮੀਦਵਾਰਾਂ ਦਾ ਪ੍ਰਚਾਰ ਕਰਦੇ ਹਨ ਅਤੇ ਸ਼ਾਮ ਨੂੰ ਉਮੀਦਵਾਰਾਂ ਦੇ ਖਰਚੇ ਤੇ ਸ਼ਰਾਬ ਅਤੇ ਕਬਾਬ ਦਾ ਆਨੰਦ ਮਾਣਦੇ ਹਨ| 
ਇਸ ਦੌਰਾਨ ਉਮੀਦਵਾਰਾਂ ਵਲੋਂ ਭਾਵੇਂ ਹੁਣੇ ਵੱਡੀਆਂ ਮੀਟਿੰਗਾਂ ਤੋਂ ਗੁਰੇਜ ਕੀਤਾ ਜਾ ਰਿਹਾ ਹੈ ਪਰ ਫਿਰ ਵੀ ਚੋਣ ਸਰਗਰਮੀਆਂ ਲਗਾਤਰ ਜੋਰ ਫੜ ਰਹੀਆਂ ਹਨ ਜਿਹਨਾਂ ਦੇ ਆਉਣ ਵਾਲਡੇ ਦਿਨਾਂ ਦੌਰਾਨ ਹੋਰ ਤੇਜੀ ਫੜਣ ਦੇ ਆਸਾਰ ਹਨ| 

Leave a Reply

Your email address will not be published. Required fields are marked *