ਵਾਰਡਬੰਦੀ ਵਿੱਚ ਛੇੜਛਾੜ ਸੰਬੰਧੀ ਪਟੀਸ਼ਨਾਂ ਤੇ ਹਾਈਕੋਰਟ ਵਲੋਂ ਸਟੇਅ ਖਤਮ ਕਰਨ ਨਾਲ ਨਵੇਂ ਸਿਰੇ ਤੋਂ ਵਾਰਡਬੰਦੀ ਕਰਨ ਦਾ ਰਾਹ ਪੱਧਰਾ

ਵਾਰਡਬੰਦੀ ਵਿੱਚ ਛੇੜਛਾੜ ਸੰਬੰਧੀ ਪਟੀਸ਼ਨਾਂ ਤੇ ਹਾਈਕੋਰਟ ਵਲੋਂ ਸਟੇਅ ਖਤਮ ਕਰਨ ਨਾਲ ਨਵੇਂ ਸਿਰੇ ਤੋਂ ਵਾਰਡਬੰਦੀ ਕਰਨ ਦਾ ਰਾਹ ਪੱਧਰਾ
ਭੁਪਿੰਦਰ ਸਿੰਘ
ਐਸ.ਏ.ਐਸ.ਨਗਰ, 23 ਸਤੰਬਰ 
ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਜੀਰਕਪੁਰ ਸਮੇਤ ਪੰਜਾਬ ਦੀਆਂ ਛੇ ਨਗਰ ਕੌਂਸਲਾਂ ਅਤੇ ਨਗਰ ਨਿਗਮਾਂ ਦੀ ਨਵੇਂ ਸਿਰੇ ਤੋਂ ਕੀਤੀ ਜਾਣ ਵਾਲੀ ਵਾਰਡਬੰਦੀ ਨੂੰ ਚੁਣੌਤੀ ਦੇਣ ਅਤੇ ਇਸ ਤੇ ਰੋਕ ਲਗਾਉਣ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਤੇ ਮਾਣਯੋਗ ਅਦਾਲਤ ਵਲੋਂ ਪਹਿਲਾਂ ਦਿੱਤੀ ਗਈ ਸਟੇਅ ਖਤਮ ਕਰਕੇ ਇਹਨਾਂ ਮਾਮਲਿਆਂ ਦੀ ਸੁਣਵਾਈ 15 ਦਸੰਬਰ ਤੇ ਪਾਏ ਜਾਣ ਨਾਲ ਜਿੱਥੇ ਸਰਕਾਰ ਨੂੰ ਵੱਡੀ ਰਾਹਤ ਮਿਲ ਗਈ ਹੈ ਉੱਥੇ ਪੰਜਾਬ ਦੇ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਸੰਬੰਧੀ ਨਵੇਂ ਸਿਰੇ ਤੋਂ ਵਾਰਡਬੰਦੀ ਕਰਵਾਉਣ ਦਾ ਰਾਹ ਵੀ ਪੱਧਰਾ ਹੋ ਗਿਆ ਹੈ| 
ਇਸ ਸੰਬੰਧੀ ਜੀਰਕੁਪਰ, ਨਵਾਂ ਸ਼ਹਿਰ, ਫਤਹਿਗੜ੍ਹ ਸਾਹਿਬ ਦੀਆਂ ਨਗਰ ਕੌਂਸਲਾਂ ਅਤੇ ਹੋਸ਼ਿਆਰਪੁਰ, ਮੋਗਾ ਅਤੇ ਬਠਿੰਡਾ ਦੇ ਨਗਰ ਨਿਗਮਾਂ ਦੀ ਚੋਣ ਸੰਬੰਧੀ ਕੀਤੀ ਜਾ ਰਹੀ ਵਾਰਡਬੰਦੀ ਕਾਰਵਾਈ ਨੂੰ ਚੁਣੌਤੀ           ਦੇਣ ਅਤੇ ਵਾਰਡਬੰਦੀ ਤੇ ਰੋਕ ਲਗਾਉਣ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਦੀ ਸੁਣਵਾਈ ਕਰਦਿਆਂ ਮਾਣਯੋਗ ਅਦਾਲਤ ਵਲੋਂ ਪਹਿਲਾਂ ਜਾਰੀ ਕੀਤੇ ਗਏ ਸਟੇਅ ਦੇ ਹੁਕਮ ਵਾਪਸ ਲਏ ਜਾਣ ਸੱਤਾਧਾਰੀਆਂ ਦਾ ਹੌਂਸਲਾ ਵੀ ਬੁਲੰਦ ਹੋ ਗਿਆ ਹੈ ਅਤੇ ਉਹ ਮਨਮਰਜੀ ਦੀ ਵਾਰਡਬੰਦੀ ਤਿਆਰ ਕਰਨ ਲਈ  ਕਾਹਲੇ ਦਿਖ ਰਹੇ ਹਨ| 
ਇੱਥੇ ਜਿਕਰਯੋਗ ਹੈ ਕਿ ਨਗਰ ਨਿਗਮ ਐਸ ਏ ਐਸ ਨਗਰ ਦੀ ਵਾਰਡਬੰਦੀ ਦਾ ਕੰਮ ਵੀ ਵਿਚਾਲੇ ਹੀ ਲਮਕ ਰਿਹਾ ਹੈ ਅਤੇ ਇਸ ਵਾਸਤੇ ਨਗਰ ਨਿਗਮ ਵਲੋਂ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਆਬਾਦੀ ਦਾ ਸਰਵੇ ਕਰਵਾਇਆ ਜਾ ਰਿਹਾ ਹੈ ਤਾਂ ਜੋ ਮੌਜੂਦਾ ਆਬਾਦੀ ਦੇ ਅਨੁਸਾਰ ਨਵੇਂ ਸਿਰੇ ਤੋਂ ਵਾਰਡਾਂ ਦੇ ਰਾਖਵੇਕਰਨ ਦਾ ਕੰਮ ਮੁਕੰਮਲ ਕੀਤਾ ਜਾ ਸਕੇ| ਇਹ ਸੰਬੰਧੀ ਸ਼ਹਿਰ ਵਿੱਚ ਇਹ ਚਰਚਾ ਆਮ ਹੈ ਕਿ ਨਗਰ ਨਿਗਮ ਦੀ ਵਾਰਡਬੰਦੀ ਦਾ ਪੂਰਾ ਕੰਮ ਅੰਦਰਖਾਤੇ ਮੁਕੰਮਲ ਕੀਤਾ ਜਾ ਚੁੱਕਿਆ ਹੈ ਅਤੇ ਹਲਕਾ ਵਿਧਾਇਕ ਅਤੇ ਪੰਜਾਬ ਦੇ ਕੈਬਿਨਟ ਮੰਤਰੀ ਸ੍ਰ੍ਰ. ਬਲਬੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਤਿਆਰ ਕੀਤੀ ਗਈ ਨਵੀਂ ਵਾਰਡਬੰਦੀ ਦੌਰਾਨ ਅਕਾਲੀ ਭਾਜਪਾ ਗਠਜੋੜ ਦੇ ਜਿਆਦਾਤਰ ਸਾਬਕਾ ਕੌਂਸਲਰਾਂ ਦੇ ਵਾਰਡਾਂ ਦੀ ਬੁਰੀ ਤਰ੍ਹਾਂ ਕੱਟ ਵੱਢ ਕੀਤੀ ਗਈ ਹੈ| ਇਹ ਵੀ ਚਰਚਾ ਹੈ ਕਿ ਇਸ ਦੌਰਾਨ ਜਿੱਥੇ ਕਈ ਵਾਰਡਾਂ ਨੂੰ ਰਾਖਵਾਂ ਕਰ ਦਿੱਤਾ ਗਿਆ ਹੈ ਉੱਥੇ ਕੁੱਝ ਵਾਰਡਾਂ ਦੀ ਬਣਤਰ ਅਜਿਹੀ ਬਣਾ ਦਿੱਤੀ ਗਈ ਹੈ ਕਿ ਅਕਾਲੀ ਭਾਜਪਾ ਗਠਜੋੜ ਦੇ ਦੋ ਕੌਂਸਲਰ ਇੱਕ ਦੂਜੇ ਦੇ ਆਹਮੋ ਸਾਮ੍ਹਣੇ ਚੋਣ ਲੜਣ ਦੀ ਹਾਲਤ ਵਿੱਚ ਆ ਗਏ ਹਨ| 
ਇੱਥੇ ਇਹ ਜਿਕਰਯੋਗ ਹੈ ਕਿ ਸ਼ਹਿਰ ਵਿੱਚ ਇਹ ਚਰਚਾ ਚਲਦੀ ਆ ਰਹੀ ਹੈ ਕਿ ਸ਼ਹਿਰ ਦੀ ਵਾਰਡਬੰਦੀ ਦੀ ਕਾਰਵਾਈ, ਜੀਰਕਪੁਰ ਨਗਰ ਕੌਂਸਲ ਦੀ ਵਾਰਡਬੰਦੀ ਬਾਰੇ ਮਾਣਯੋਗ ਹਾਈਕੋਰਟ ਵਿੱਚ ਚਲ ਰਹੇ ਕੇਸ ਦੇ ਫੈਸਲੇ ਤੋਂ ਬਾਅਦ ਹੀ ਮੁਕੰਮਲ ਕੀਤੀ ਜਾਵੇਗੀ ਅਤੇ ਹੁਣ ਜਦੋਂ ਜੀਰਕਪੁਰ ਨਗਰ ਕੌਂਸਲ ਦੀ ਵਾਰਡਬੰਦੀ ਸੰਬੰਧੀ ਸਟੇਅ ਖਤਮ ਹੋ ਗਈ ਹੈ ਮੁਹਾਲੀ ਨਗਰ ਨਿਗਮ ਦੀ ਵਾਰਡਬੰਦੀ ਲਈ ਵੀ ਰਾਹ ਖੁੱਲ ਗਿਆ ਹੈ ਅਤੇ ਆਸ ਲਗਾਈ ਜਾ ਰਹੀ ਹੈ ਇਸਦਾ ਕੰਮ ਵੀ ਹੁਣ ਛੇਤੀ ਹੀ ਮੁਕੰਮਲ ਕਰ ਲਿਆ ਜਾਵੇਗਾ| 
ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਨਿਗਮ ਮੁਹਾਲੀ ਦੀ ਵਾਰਡਬੰਦੀ ਲਈ ਕੀਤੇ ਜਾ ਰਹੇ ਸ਼ਹਿਰ ਦੀ ਆਬਾਦੀ ਦੇ ਸਰਵੇ ਦਾ ਕੰਮ ਵੀ ਅਗਲੇ ਕੁੱਝ ਦਿਨਾਂ ਵਿੱਚ ਪੂਰਾ ਹੋ ਜਾਣਾ ਹੈ| ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਕਮਲ ਕੁਮਾਰ ਗਰਗ ਅਨੁਸਾਰ ਸਰਵੇ ਦਾ ਕੰਮ ਕਾਫੀ ਹੱਦ ਤੱਕ ਮੁਕੰਮਲ ਹੋ ਚੁੱਕਿਆ ਹੈ ਅਤੇ ਰਹਿੰਦਾ ਕੰਮ ਅਗਲੋ ਦੋ ਤਿੰਨ ਦਿਨਾਂ ਵਿੱਚ ਮੁਕੰਮਲ ਹੋ ਜਾਵੇਗਾ ਜਿਸਤੋਂ ਬਾਅਦ ਅਕੰੜਿਆਂ ਅਨੁਸਾਰ ਵਾਰਡਬੰਦੀ ਦਾ ਖਰੜਾ ਤਿਆਰ ਕਰਕੇ ਵਾਰਡਬੰਦੀ ਬੋਰਡ ਦੀ ਮੀਟਿੰਗ ਵਿੱਚ ਪੇਸ਼ ਕਰ ਦਿੱਤਾ ਜਾਵੇਗਾ|

Leave a Reply

Your email address will not be published. Required fields are marked *