ਵਾਰਡ ਨੰਬਰ 22 ਤੋਂ ਅਜ਼ਾਦ ਉਮੀਦਵਾਰ ਗੁਰਬੀਰ ਸਿੰਘ ਅਕਾਲੀ ਉਮੀਦਵਾਰ ਗੋਲਡੀ ਦੇ ਹੱਕ ਵਿੱਚ ਬੈਠਿਆ
ਐਸ ਏ ਐਸ ਨਗਰ, 5 ਫਰਵਰੀ (ਸ.ਬ.) ਨਗਰ ਨਿਗਮ ਚੋਣਾਂ ਨੂੰ ਲੈ ਕੇ ਸਥਿਤੀ ਲਗਾਤਾਰ ਬਦਲ ਰਹੀ ਹੈ ਅਤੇ ਨਾਮਜਦਗੀ ਪੱਤਰ ਭਰਨ ਵਾਲੇ ਉਮੀਦਵਾਰਾਂ ਵਲੋਂ ਹੋਰਨਾਂ ਉਮੀਦਵਾਰਾਂ ਦੇ ਹੱਕ ਵਿੱਚ ਬੈਠਣ ਦਾ ਸਿਲਸਿਲਾ ਵੀ ਆਰੰਭ ਹੋ ਗਿਆ ਹੈ। ਇਸ ਦੌਰਾਨ ਵਾਰਡ ਨੰਬਰ 22 ਤੋਂ ਆਜ਼ਾਦ ਉਮੀਦਵਾਰ ਗੁਰਵੀਰ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਬਜੀਤ ਸਿੰਘ ਗੋਲਡੀ ਦੇ ਹੱਕ ਵਿੱਚ ਬੈਠਣ ਦਾ ਐਲਾਨ ਕਰ ਦਿੱਤਾ ਗਿਆ ਹੈ।
ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਪਾਰਟੀ ਦੇ ਜ਼ਿਲ੍ਹਾ ਸਹਾਇਕ ਅਬਜ਼ਰਵਰ ਚਰਨਜੀਤ ਸਿੰਘ ਬਰਾੜ ਨੇ ਦਾਅਵਾ ਕੀਤਾ ਕਿ ਗੁਰਵੀਰ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਬਜੀਤ ਗੋਲਡੀ ਦੇ ਹੱਕ ਵਿੱਚ ਬੈਠਣ ਦਾ ਐਲਾਨ ਕਰਨ ਤੋਂ ਬਾਅਦ ਵਾਰਡ ਨੰਬਰ 22 ਤੋਂ ਗੋਲਡੀ ਦੀ ਜਿੱਤ ਯਕੀਨੀ ਹੋ ਗਈ ਹੈ। ਉਹਨਾਂ ਕਿਹਾ ਕਿ ਮੁਹਾਲੀ ਦੇ ਲੋਕ ਕਾਂਗਰਸ ਸਰਕਾਰ ਦੀਆਂ ਜ਼ਿਆਦਤੀਆਂ ਅਤੇ ਆਜ਼ਾਦ ਧੜੇ ਵਲੋਂ ਸਰਕਾਰ ਦਾ ਸਾਥ ਦੇਣ ਦੀਆਂ ਸਾਜ਼ਿਸ਼ਾਂ ਤੋਂ ਤੰਗ ਆ ਚੁੱਕੇ ਹਨ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਹੋਰ ਤੇਜ਼ ਕੀਤਾ ਜਾਵੇਗਾ।