ਵਾਰ ਵਾਰ ਪਿੱਛੇ ਕਿਉਂ ਪੈ ਜਾਂਦੀ ਹੈ ਟ੍ਰੈਫਿਕ ਲਾਈਟਾਂ ਤੇ ਸੀ ਸੀ ਟੀ ਵੀ ਕੈਮਰੇ ਲਗਾਉਣ ਦੀ ਕਾਰਵਾਈ

ਪਿਛਲੇ ਛੇ ਸੱਤ ਸਾਲਾਂ ਤੋਂ ਪੁਲੀਸ ਫੋਰਸ ਵਲੋਂ ਸਾਡੇ ਸ਼ਹਿਰ ਦੀਆਂ ਟ੍ਰੈਫਿਕ ਲਾਈਟਾਂ ਅਤੇ ਹੋਰਨਾਂ ਮਹੱਤਵਪੂਰਨਟ ਥਾਵਾਂ ਤੇ ਸੀ ਸੀ ਟੀ ਵੀ ਕੈਮਰੇ ਲਗਵਾਉਣ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਇਸ ਸੰਬੰਧੀ ਦੋ ਕੁ ਸਾਲ ਪਹਿਲਾਂ ਜਿਲ੍ਹੇ ਦੇ ਐਸ ਐਸ ਪੀ ਵਲੋਂ ਸ਼ਹਿਰ ਦੇ ਵੱਖ ਵੱਖ ਟ੍ਰੈਫਿਕ ਲਾਈਟ ਪਾਇੰਟਾਂ ਤੇ ਸੀ ਸੀ ਟੀ ਵੀ ਕੈਮਰੇ ਲਗਾਉਣ ਸੰਬੰਧੀ ਨਵੇਂ ਸਿਰੇ ਤੋਂ ਤਿਆਰ ਕਰਕੇ ਭੇਜੀ ਗਈ ਤਜਵੀਜ ਵੀ ਲਮਕ ਬਸਤੇ ਵਿੱਚ ਪਈ ਹੋਈ ਹੈ| ਗਮਾਡਾ (ਜਿਸ ਉੱਪਰ ਸ਼ਹਿਰ ਵਾਸੀਆਂ ਨੂੰ ਲੋੜੀਂਦੀਆਂ ਬੁਨਿਆਦੀ ਸੁਵਿਧਾਵਾਂ ਮੁਹਈਆ ਕਰਵਾਉਣ ਦੀ ਜਿੰਮੇਵਾਰੀ ਹੈ) ਵਲੋਂ ਉਸ ਵੇਲੇ ਇਸ ਤਜਵੀਜ ਨੂੰਮੰਜੂਰੀ ਦਿੰਦਿਆਂ ਕਿਹਾ ਗਿਆ ਸੀ ਇਸ ਸੰਬੰਧੀ ਛੇਤੀ ਹੀ ਟੈਂਡਰ ਆਦਿ ਜਾਰੀ ਕਰਕੇ ਇਹਨਾਂ ਟ੍ਰੈਫਿਕ ਲਾਈਟਾਂ ਤੇ ਸੀ ਸੀ ਟੀ ਵੀ ਕੈਮਰੇ ਲਗਵਾ ਦਿੱਤੇ ਜਾਣਗੇ, ਪਰੰਤੂ ਇਸ ਸੰਬੰਧੀ ਹੁਣ ਤਕ ਕੰਮ ਵਿਚਾਲੇ ਹੀ ਹੈ|
ਇਸ ਪ੍ਰੋਜੈਕਟ ਦੇ ਤਹਿਤ ਸ਼ਹਿਰ ਦੀਆਂ 26 ਟ੍ਰੈਫਿਕ ਲਾਈਟਾਂ ਤੇ ਕੁਲ 104 ਸੀ ਸੀ ਟੀ ਵੀ ਕੈਮਰੇ ਲਗਾਏ ਜਾਣੇ ਹਨ| ਇਸ ਸੰਬੰਧੀ ਪੁਲੀਸ ਵਿਭਾਗ ਵਲੋਂ ਹਿੱਕ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਜਾਣਾ ਹੈ ਜਿੱਥੇ ਇਹਨਾਂ ਤਮਾਮ ਸੀ ਸੀ ਟੀ ਵੀ ਕੈਮਰਿਆਂ ਵਲੋਂ ਵਿਖਾਏ ਜਾਣ ਵਾਲੇ ਦ੍ਰਿਸ਼ਾਂ ਤੇ ਨਿਗਰਾਨੀ ਰੱਖਣ ਅਤੇ ਇਹਨਾਂ ਸੀ ਸੀ ਟੀ ਵੀ ਕੈਮਰਿਆਂ ਦੀ ਰਿਕਾਰਡਿੰਗ ਸੰਭਾਲੇ ਜਾਣ ਦਾ ਪ੍ਰਬੰਧ ਕੀਤਾ ਜਾਣਾ ਹੈ| ਪਰੰਤੂ ਪਿਛਲੇ ਦੋ ਸਾਲਾਂ ਦੌਰਾਨ ਨਾ ਤਾਂ ਸ਼ਹਿਰ ਦੀਆਂ ਵੱਖ ਵੱਖ ਟ੍ਰੈਫਿਕ ਲਾਈਟਾਂ ਤੇ ਕੈਮਰੇ ਲਗਾਊਣ ਦੀ ਇਹ ਕਾਰਵਾਈ ਆਰੰਭ ਹੋਈ ਹੈ ਅਤੇ ਨਾ ਹੀ ਇਸ ਸੰਬੰਧੀ ਗਮਾਡਾ ਵਲੋਂ ਜਨਤਕ ਤੌਰ ਤੇ ਸ਼ਹਿਰ ਵਾਸੀਆਂ ਨੂੰ ਕੋਈ ਜਾਣਕਾਰੀ ਮੁਹਈਆ ਕਰਵਾਈ ਗਈ ਹੈ ਕਿ ਇਹ ਕੈਮਰੇ ਲਗਾਉਣ ਦਾ ਕੰਮ ਕਦੋਂ ਤਕ ਮੁਕੰਮਲ ਹੋਵੇਗਾ|
ਅਜਿਹਾ ਹੋਣ ਕਾਰਨ ਇੱਕ ਵਾਰ ਫਿਰ ਇਹ ਲਗਣ ਲੱਗ ਪਿਆ ਹੈ ਕਿ ੇ ਗਮਾਡਾ ਵਲੋਂ ਪਹਿਲਾਂ ਵਾਂਗ ਇਸ ਵਾਰ ਵੀ ਸ਼ਹਿਰ ਦੀਆਂ ਟ੍ਰੈਫਿਕ ਲਾਈਟਾਂ ਅਤੇ ਹੋਰਨਾਂ ਮਹੱਤਵਪੂਰਨ ਥਾਵਾਂ ਤੇ ਸੀ ਸੀ ਟੀ ਵੀ ਕੈਮਰੇ ਲਗਾਊਣ ਦਾ ਇਹ ਕੰਮ ਲਮਕ ਬਸਤੇ ਵਿੱਚ ਪਾ ਦਿੱਤਾ ਗਿਆ ਹੈ| ਸ਼ਹਿਰ ਵਿੱਚ ਮਹੱਤਵਪੂਰਨ ਥਾਵਾਂ ਤੇ ਸੀ ਸੀ ਟੀ ਵੀ ਕੈਮਰੇ ਲਗਾਉਣ ਦੀ ਇਹ ਤਜਵੀਜ 6 ਸਾਲ ਪਹਿਲਾਂ ਉਸ               ਸਮੇਂ ਦੇ ਐਸ ਐਸ ਪੀ ਸ੍ਰ. ਗੁਰਪ੍ਰੀਤ ਸਿੰਘ ਭੁੱਲਰ ਵਲੋਂ ਤਿਆਰ ਕੀਤੀ ਗਈ ਸੀ ਜਿਹਨਾ ਵਲੋਂ ਸ਼ਹਿਰ ਦੀ ਸੁਰਖਿਆ ਵਿਵਸਥਾ ਵਿੱਚ ਲੋੜੀਂਦਾ ਸੁਧਾਰ ਕਰਨ ਲਈ ਉਸ ਵੇਲੇ ਦੇ ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ੍ਰੀ ਐਨ ਕੇ ਸ਼ਰਮਾ ਨੂੰ ਸ਼ਹਿਰ ਦੀਆਂ ਪ੍ਰਮੁਖ ਥਾਵਾਂ ਤੇ ਸੀ ਸੀ ਟੀ ਵੀ ਕੈਮਰੇ ਲਗਾਉਣ ਸੰਬੰਧੀ ਤਜਵੀਜ ਦਿੱਤੀ ਗਈ ਸੀ ਅਤੇ ਯੋਜਨਾ ਕਮੇਟੀ ਦੇ ਚੇਅਰਮੈਨ ਵਲੋਂ ਇਹ ਤਜਵੀਜ ਗਮਾਡਾ ਨੂੰ ਭੇਜੀ ਗਈ ਸੀ|  ਗਮਾਡਾ ਵਲੋਂ ਇਸ ਤਜਵੀਜ ਤਹਿਤ ਸ਼ਹਿਰ ਦੀਆਂ ਮਹੱਤਵਪੂਰਨ ਥਾਵਾਂ (ਅਤੇ ਟ੍ਰੈਫਿਕ ਲਾਈਟਾਂ) ਤੇ ਸੀ ਸੀ ਟੀ ਵੀ ਕੈਮਰੇ ਲਗਾਉਣ ਸੰਬੰਧੀ ਸਹਿਮਤੀ ਵੀ ਦੇ ਦਿੱਤੀ ਗਈ ਸੀ ਪਰੰਤੂ ਕੁੱਝ ਸਮਾਂ ਬਾਅਦ ਜਿਲ੍ਹਾ ਪੁਲੀਸ ਦੇ ਐਸ ਐਸ ਪੀ ਦੀ ਬਦਲੀ ਹੋ ਗਈ ਸੀ ਅਤੇ ਇਹ ਕਾਰਵਾਈ ਗਮਾਡਾ ਦੀਆਂ ਫਾਈਲਾਂ ਵਿੱਚ ਹੀ ਗੁਆਚ ਕੇ ਰਹਿ ਗਈ ਸੀ|
ਤਿੰਨ ਸਾਲ ਪਹਿਲਾਂ ਪੰਜਾਬ ਸਰਕਾਰ ਵਲੋਂ ਸ੍ਰ. ਗੁਰਪ੍ਰੀਤ ਸਿੰਘ ਭੁੱਲਰ ਨੂੰ ਦੁਬਾਰਾ ਜਿਲ੍ਹੇ ਦਾ ਐਸ ਐਸ ਪੀ ਨਿਯੁਕਤ ਕੀਤੇ ਜਾਣ ਤੋਂ ਬਾਅਦ ਉਹਨਾਂ ਵਲੋਂ ਇੱਕ ਵਾਰ ਫਿਰ ਨਵੇਂ ਸਿਰੇ ਤੋਂ ਇਹ ਤਜਵੀਜ ਤਿਆਰ ਕਰਕੇ ਗਮਾਡਾ ਨੂੰ ਭੇਜੀ ਗਈ ਸੀ ਜਿਸ ਤੇ ਕਾਰਵਾਈ ਕਰਦਿਆਂ ਗਮਾਡਾ ਵਲੋਂ  ਸ਼ਹਿਰ ਦੇ ਵੱਖ ਵੱਖ ਟ੍ਰੈਫਿਕ ਲਾਈਟ ਪਾਇੰਟਾ ਤੇ ਸੀ ਸੀ ਟੀ ਵੀ ਕੈਮਰੇ ਲਗਾਏ ਜਾਣ ਸੰਬੰਧੀ ਪ੍ਰੋਜੈਕਟ ਨੂੰ ਮੰਜੂਰ ਤਾਂ ਕਰ ਲਿਆ ਪਰੰਤੂ ਇਸ ਪ੍ਰੋਜੈਕਟ ਤੇ ਹੁਣ ਤਕ ਕੋਈ ਕਾਰਵਾਈ ਨਹੀਂ ਹੋਈ ਹੈ ਅਤੇ ਇਸ ਦੌਰਾਨ ਜਿਲ੍ਹੇ ਦੇ ਐਸ ਐਸ ਪੀ ਇੱਕ ਵਾਰ ਫੇਰ ਬਦਲੀ ਜਰੂਰ ਹੋ ਗਈ ਹੈ|
ਸ਼ਹਿਰ ਵਿੱਚ ਟ੍ਰੈਫਿਕ ਲਾਈਟਾਂ ਤੇ ਸੀ ਸੀ ਟੀ ਵੀ ਕੈਮਰੇ ਲਗਾਉਣ ਨਾਲ ਜਿੱਥੇ ਸ਼ਹਿਰ ਵਿੱਚ ਵੱਡੀ ਪੱਧਰ ਤੇ ਹੋਣ ਵਾਲੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਕਾਰਵਾਈ ਤੇ ਲਗਾਮ ਕਸੀ ਜਾ ਸਕਦੀ ਹੈ ਉੱਥੇ ਇਸ ਵਿਵਸਥਾ ਦੇ ਲਾਗੂ ਹੋਣ ਨਾਲ ਸ਼ਹਿਰ ਵਿੱਚ ਵਾਪਰਦੇ ਅਪਰਾਧਾਂ ਦੀ ਦਰ ਉੱਪਰ ਵੀ ਕਾਬੂ ਹੋਣਾ ਤੈਅ ਹੈ ਕਿਉਂਕਿ ਕਿਸੇ ਵੀ ਵਾਰਦਾਤ ਵਿੱਚ ਸ਼ਾਮਿਲ ਵਿਅਕਤੀਆਂ ਬਾਰੇ ਪੁਖਤਾ ਜਾਣਕਾਰੀ ਹਾਸਿਲ ਹੋਣ ਦੀ ਸੰਭਾਵਨਾ ਕਾਫੀ ਵੱਧ ਜਾਏਗੀ| ਇਸ ਸੰਬੰਧੀ ਗਮਾਡਾ ਵਲੋਂ ਸ਼ਹਿਰ ਦੀਆਂ ਟ੍ਰੈਫਿਕ ਲਾਈਟਾਂ ਦੇ ਨਾਲ ਨਾਲ ਸ਼ਹਿਰ ਵਿੱਚਲੀਆਂ ਹੋਰਨਾਂ ਜਨਤਕ ਥਾਵਾਂ (ਜਿਵੇਂ ਵੱਖ ਵੱਖ ਮਾਰਕੀਟਾਂ ਦੀਆਂ ਪਾਰਕਿੰਗਾਂ, ਵੱਡੇ ਪਾਰਕਾਂ ਅਤੇ ਸ਼ਹਿਰ ਵਿੱਚ ਦਾਖਿਲ ਹੋਣ ਵਾਲੇ ਮੁੱਖ ਐਂਟਰੀ ਪਾਇੰਟਾਂ) ਤੇ ਵੀ ਅਜਿਹੇ  ਸੀ ਸੀ ਟੀ ਵੀ ਕੈਮਰੇ ਲਗਾਏ ਜਾਣੇ ਚਾਹੀਦੇ ਹਨ ਅਤੇ ਇਸ ਸੰਬੰਧੀ ਲੋੜੀਂਦੀ ਕਾਰਵਾਈ ਤੁਰੰਤ ਮੁਕੰਮਲ ਕੀਤੀ ਜਾਣੀ ਚਾਹੀਦੀ  ਹੈ ਤਾਂ ਜੋ ਸ਼ਹਿਰ ਦੀ ਕਾਨੂੰਨ ਵਿਵਸਥਾ ਦੀ ਹਾਲਤ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ|

Leave a Reply

Your email address will not be published. Required fields are marked *