ਵਾਲਮੀਕਿ ਸਮਾਜ ਵੱਲੋਂ ਹਾਥਰਸ ਦੇ ਦੋਸ਼ੀਆਂ ਨੂੰ ਤੁਰੰਤ ਫਾਂਸੀ ਦੇਣ ਦੀ ਮੰਗ

ਵਾਲਮੀਕਿ ਸਮਾਜ ਵੱਲੋਂ ਹਾਥਰਸ ਦੇ ਦੋਸ਼ੀਆਂ ਨੂੰ ਤੁਰੰਤ ਫਾਂਸੀ ਦੇਣ ਦੀ ਮੰਗ
5 ਅਕਤੂਬਰ ਨੂੰ ਸਫਾਈ ਦਾ ਕੰਮ ਬੰਦ ਕਰਕੇ ਰੈਲੀ ਕਰਨ ਦੀ ਚਿਤਾਵਨੀ
ਐਸ.ਏ.ਐਸ.ਨਗਰ, 1 ਅਕਤੂਬਰ (ਸ.ਬ.) ਪੰਜਾਬ ਸਫਾਈ ਮਜ਼ਦੂਰ            ਫੈਡਰੇਸ਼ਨ, ਸਫਾਈ ਮਜ਼ਦੂਰ ਯੂਨੀਅਨ ਨਗਰ ਨਿਗਮ ਮੁਹਾਲੀ ਅਤੇ ਡੋਰ ਟੂ ਡੋਰ ਗਾਰਬੇਜ ਕੁਲੈਕਟਰ ਕਮੇਟੀ ਜਿਲ੍ਹਾ ਮੁਹਾਲੀ ਦੀ ਸਾਂਝੀ ਮੀਟਿੰਗ ਮਿਉਂਸਪਲ ਭਵਨ ਸੈਕਟਰ 68 ਮੁਹਾਲੀ ਵਿਖੇ ਫੈਡਰੇਸ਼ਨ ਦੇ ਸੂਬਾ ਮੀਤ ਪ੍ਰਧਾਨ ਮੋਹਣ ਸਿੰਘ ਦੀ ਅਗਵਾਈ ਹੇਠ ਹੋਈ| ਜਿਸ ਵਿੱਚ ਕੇਂਦਰ ਦੀ ਮੋਦੀ ਅਤੇ ਯੋਗੀ ਸਰਕਾਰਾਂ ਦੇ ਰਾਜ ਵਿੱਚ ਦਲਿਤਾਂ ਨਾਲ ਹੋ ਰਹੇ ਅੱਤਿਆਚਾਰਾਂ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ|
ਇਸ ਮੌਕੇ ਬੀਤੇ ਦਿਨੀਂ ਯੂ.ਪੀ. ਦੇ  ਹਾਥਰਸ ਵਿੱਚ ਵਾਪਰੀ ਹੈਵਾਨਿਅਤ ਦੀ ਘਟਨਾ ਦਾ ਜਿਕਰ ਕਰਦਿਆਂ  ਆਗੂਆਂ ਨੇ ਦੱਸਿਆ ਕਿ ਵਾਲਮੀਕਿ ਸਮਾਜ ਦੀ ਬੇਟੀ ਨਾਲ ਚਾਰ ਵਹਿਸ਼ੀ ਦਰਿੰਦਿਆਂ ਵਲੋਂ ਗੈਂਗਰੇਪ ਕਰਨ ਉਪਰੰਤ ਉਸ ਦੀ ਰੀੜ ਦੀ ਹੱਡੀ ਤੋੜਨ ਦੇ ਨਾਲ ਹੀ ਉਸਦੀ ਜੁਬਾਨ ਵੀ ਕੱਟ ਦਿੱਤੀ ਗਈ| ਉਹਨਾਂ ਕਿਹਾ ਕਿ ਹੱਦ ਤਾਂ ਉਦੋਂ ਹੋ ਗਈ ਜਦੋਂ ਯੋਗੀ ਸਰਕਾਰ ਦੇ ਪੁਲੀਸ ਪ੍ਰਸ਼ਾਸਨ ਵੱਲੋਂ ਪੀੜਿਤ ਲੜਕੀ ਦੀ ਮੌਤ ਤੋਂ ਬਾਅਦ ਉਸਦਾ ਦਾ ਦਾਹ ਸੰਸਕਾਰ ਹਿੰਦੂ ਰਿਵਾਜਾਂ ਦੇ ਉਲਟ ਅੱਧੀ ਰਾਤ ਦੇ  ਹਨੇਰੇ ਵਿੱਚ ਕਰ ਦਿੱਤਾ ਗਿਆ ਜੋ ਕਿ ਬਹੁਤ ਹੀ ਨਿੰਦਣ ਯੋਗ ਹੈ ਅਤੇ ਵਾਲਮੀਕਿ ਸਮਾਜ ਨਾਲ ਬਹੁਤ ਵੱਡਾ ਧੱਕਾ ਹੈ| 
ਇਸ ਮੌਕੇ ਆਗੂਆਂ ਨੇ ਜੋਰਦਾਰ ਮੰਗ ਕੀਤੀ ਕਿ ਹਾਥਰਸ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਅਤੇ ਨਾਲ ਰਲੇ ਹੋਏ ਪੁਲੀਸ ਅਫਸਰਾਂ ਵਿਰੁੱਧ ਸਖਤ ਕਾਰਵਾਈ ਕਰਦਿਆਂ ਨੌਕਰੀ ਤੋਂ ਤੁਰੰਤ ਬਰਖਾਸਤ ਕੀਤਾ ਜਾਵੇ| ਉਹਨਾਂ ਕਿਹਾ ਕਿ ਜੇਕਰ ਅਜਿਹਾ  ਨਹੀਂ ਹੋਇਆ ਤਾਂ ਪੂਰੇ ਦੇਸ਼ ਸਮੇਤ ਮੁਹਾਲੀ ਸ਼ਹਿਰ ਦੇ ਵਾਲਮੀਕਿ ਸਮਾਜ ਅਤੇ ਸਮੂਹ ਸਫਾਈ ਕਰਮਚਾਰੀ ਸਫਾਈ ਦਾ ਕੰਮ ਬੰਦ ਕਰਕੇ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਗੇ|
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਆਉਣ ਵਾਲੀ 15 ਅਕਤੂਬਰ ਨੂੰ ਪੀੜਿਤਾ ਦੀ ਹਮਾਇਤ ਵਿੱਚ ਉਸਦੇ ਦੋਸ਼ੀਆਂ ਲਈ ਫਾਂਸੀ ਦੀ ਮੰਗ ਕਰਦਿਆਂ ਜ਼ੋਰਦਾਰ ਰੈਲੀ ਕੀਤੀ            ਜਾਵੇਗੀ|
ਇਸ ਮੌਕੇ ਸੱਜਨ ਸਿੰਘ, ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਪਵਨ ਗੋਡਯਾਲ, ਡੋਰ ਟੂ ਡੋਰ  ਗਾਰਬੇਜ ਕੁਲੈਕਟਰ ਕਮੇਟੀ ਦੇ ਪ੍ਰਧਾਨ ਰਾਜਨ ਚਵਰੀਆ, ਸਫਾਈ ਮਜ਼ਦੂਰ ਯੂਨੀਅਨ ਨਗਰ ਨਿਗਮ ਮੁਹਾਲੀ ਦੇ ਪ੍ਰਧਾਨ ਸ਼ੋਭਾ ਰਾਮ, ਚੇਅਰਮੈਨ ਗੁਰਪ੍ਰੀਤ ਸਿੰਘ ਰਾਜਾ, ਅਨਿਲ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਆਗੂ ਸ਼ਾਮਿਲ ਸਨ|

Leave a Reply

Your email address will not be published. Required fields are marked *