ਵਾਲਮੀਕੀ ਜੈਅੰਤੀ ਮੌਕੇ ਮੁੱਖ ਮੰਤਰੀ ਨੇ ਕੀਤੀ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਦੀ ਰਸਮੀ ਸ਼ੁਰੂਆਤ


ਚੰਡੀਗੜ੍ਹ, 31 ਅਕਤੂਬਰ (ਸ.ਬ.) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਡਾ. ਬੀ.ਆਰ. ਅੰਬੇਦਕਰ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ (ਜਿਸ ਦਾ ਐਲਾਨ ਹਾਲ ਹੀ ਵਿੱਚ ਕੀਤਾ ਗਿਆ ਸੀ) ਦੀ ਰਸਮੀ ਸ਼ੁਰੂਆਤ ਕੀਤੀ| ਉਨ੍ਹਾਂ ਇਸ ਮੌਕੇ ਭਗਵਾਨ ਵਾਲਮੀਕੀ ਤੀਰਥ ਸਥਲ (ਰਾਮ ਤੀਰਥ), ਅੰਮ੍ਰਿਤਸਰ ਵਿਖੇ ਮਹਾਂਰਿਸ਼ੀ ਵਾਲਮੀਕੀ ਜੈਅੰਤੀ ਦੇ ਸ਼ੁਭ ਮੌਕੇ 50 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਵਰਚੁਅਲ ਢੰਗ ਨਾਲ ਨੀਂਹ ਪੱਥਰ ਵੀ ਰੱਖਿਆ| ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੇ ਤਹਿਤ ਮਹਾਨ ਸ਼ਖ਼ਸੀਅਤ ਦੀ ਯਾਦ ਵਿਚ ਸਾਲਾਨਾ ਛੁੱਟੀ ਦਾ ਐਲਾਨ ਕਰਦਿਆਂ ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਹਰ ਵਰ੍ਹੇ ਭਗਵਾਨ ਵਾਲਮੀਕਿ ਜੈਅੰਤੀ ਮੌਕੇ ਸੈਮੀਨਾਰ ਵੀ ਕਰਵਾਇਆ           ਜਾਵੇਗਾ| 
ਮੁੱਖ ਮੰਤਰੀ ਨੇ  ਦੱਸਿਆ ਕਿ ਇਹ ਸੂਬਾਈ ਸਕਾਲਰਸ਼ਿਪ ਸਕੀਮ ਇਹ ਯਕੀਨੀ ਬਣਾਏਗੀ ਕਿ ਗਰੀਬ ਵਰਗ ਦੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਵਿਦਿਆਰਥੀ ਮੁਫ਼ਤ ਸਿੱਖਿਆ ਹਾਸਲ ਕਰ ਸਕਣ ਜਿਸ ਤੋਂ ਕੇ ਭਾਰਤ ਸਰਕਾਰ ਨੇ ਸੂਬੇ ਨੂੰ 800 ਕਰੋੜ ਰੁਪਏ ਦੀ               ਕੇਂਦਰੀ ਮਦਦ ਬੇਇਨਸਾਫੀ ਭਰੇ ਢੰਗ ਨਾਲ ਬੰਦ ਕਰਕੇ ਉਨ੍ਹਾਂ ਨੂੰ ਮਹਿਰੂਮ ਕਰ ਦਿੱਤਾ ਸੀ| ਉਨ੍ਹਾਂ  ਕਿਹਾ ਕਿ ਡਾ. ਬੀ.ਆਰ. ਅੰਬੇਦਕਰ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਕੇਂਦਰ ਸਰਕਾਰ ਵੱਲੋਂ ਬਿਨਾਂ ਕਿਸੇ ਵਿੱਤੀ ਮਦਦ ਦੇ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਸ ਤਹਿਤ ਐਸ.ਸੀ. ਵਿਦਿਆਰਥੀਆਂ ਨੂੰ ਫੀਸ ਵਿੱਚ 100 ਫੀਸਦੀ ਛੋਟ ਮਿਲੇਗੀ ਜਿਸ ਨਾਲ ਉਨ੍ਹਾਂ ਨੂੰ 550 ਕਰੋੜ ਰੁਪਏ ਦੀ ਬਚਤ ਹੋਵੇਗੀ| ਇਹ ਸਕੀਮ ਗਰੀਬ ਵਰਗ ਦੇ ਅਨੁਸੂਚਿਤ ਜਾਤੀ ਨਾਲ ਸਬੰਧਿਤ 3 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਹਰ ਵਰ੍ਹੇ ਲਾਭ ਦੇਵੇਗੀ, ਇਸ ਵਿੱਚ ਵਿਦਿਆਰਥੀਆਂ ਦੁਆਰਾ ਸਰਕਾਰੀ/ਨਿੱਜੀ ਸਿੱਖਿਆ ਸੰਸਥਾਵਾਂ ਨੂੰ ਕੋਈ ਅਦਾਇਗੀ ਨਹੀਂ ਕੀਤੀ ਜਾਵੇਗੀ| ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਸੰਸਥਾਵਾਂ ਵੱਲੋਂ ਇਸ ਸਕੀਮ ਤਹਿਤ ਸੂਬਾ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਿੱਧੀ ਸਬਸਿਡੀ ਕਾਰਨ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ ਅਤੇ ਵਿਦਿਆਰਥੀਆਂ ਨੂੰ ਕਿਤਾਬਾਂ ਅਤੇ ਵਰਦੀਆਂ ਖਰੀਦਣ ਲਈ ਮਹੀਨਾਵਾਰ ਭੱਤਾ ਵੀ ਮਿਲੇਗਾ|
ਮੁੱਖ ਮੰਤਰੀ ਨੇ ਰਾਮ ਤੀਰਥ ਵਿਖੇ ਇੱਕ ਨਵੀਂ ਆਈ. ਟੀ. ਆਈ. ਦਾ ਵਰਚੁਅਲ ਉਦਘਾਟਨ ਵੀ ਕੀਤਾ ਅਤੇ ਇਸ ਦੇ ਨਾਲ ਹੀ ਮੁਕਾਬਲੇਬਾਜ਼ੀ ਵਾਲੇ ਇਮਤਿਹਾਨਾਂ ਦੀ ਸੁਚੱਜੀ ਤਿਆਰੀ ਸਬੰਧੀ ਦਲਿਤ ਵਿਦਿਆਰਥੀਆਂ ਨੂੰ ਮਦਦ ਕਰਨ ਲਈ ਇੱਕ ਹੁਨਰ ਵਿਕਾਸ ਕੇਂਦਰ ਦੀ ਸਥਾਪਨਾ ਨੂੰ ਹਰੀ ਝੰਡੀ ਵੀ ਦਿੱਤੀ| ਭਗਵਾਨ ਵਾਲਮੀਕਿ ਤੀਰਥ ਸਥਲ ਦੇ ਪ੍ਰਾਜੈਕਟਾਂ ਦੇ ਵੇਰਵੇ ਦਿੰਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਵਿੱਚ ਮਹਾਂਰਿਸ਼ੀ ਵਾਲਮੀਕਿ ਸਬੰਧੀ ਇਕ ਪੈਨੋਰਾਮਾ (25-30 ਕਰੋੜ ਰੁਪਏ), ਬਾਹਰੀ ਕੰਧ ਉੱਤੇ ਲਾਈਟਾਂ ਲਾਉਣਾ (10.9 ਕਰੋੜ ਰੁਪਏ), ਸਰੋਵਰ ਲਈ ਫਿਲਟਰੇਸ਼ਨ ਪਲਾਂਟ (4.75 ਕਰੋੜ ਰੁਪਏ), ਸਰਾਏ ਲਈ ਫਰਨੀਚਰ (2 ਕਰੋੜ ਰੁਪਏ) ਅਤੇ ਇੱਕ ਪਰਕਰਮਾ ਦੀ ਉਸਾਰੀ (1.3 ਕਰੋੜ ਰੁਪਏ) ਸ਼ਾਮਲ ਹੋਣਗੇ| 
ਆਈ.ਟੀ.ਆਈ. ਦੇ ਰਾਮ ਤੀਰਥ ਵਿਖੇ ਆਰਜੀ ਕੈਂਪਸ ਦਾ ਵਰਚੁਅਲ ਉਦਘਾਟਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਸ ਸੰਸਥਾਨ ਨਾਲ ਨੌਜਵਾਨ ਵਰਗ ਲਈ ਵਧੇਰੇ ਨੌਕਰੀਆਂ ਪੈਦਾ ਹੋਣਗੀਆਂ| ਉਨ੍ਹਾਂ  ਕਿਹਾ ਕਿ ਇਸ ਸੰਸਥਾਨ ਵਿੱਚ ਹੁਣ ਤੱਕ 90 ਸਿੱਖਿਆਰਥੀ ਦਾਖਲਾ ਲੈ ਚੁੱਕੇ ਹਨ ਅਤੇ ਜਦੋਂ ਅਗਲੇ ਵਰ੍ਹੇ ਤੱਕ ਇਸ ਇਮਾਰਤ ਦਾ 1.82 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਅਤੇ 3.5 ਕਰੋੜ ਰੁਪਏ ਦੀ ਲਾਗਤ ਨਾਲ ਮਸ਼ੀਨਰੀ ਦੀ ਖਰੀਦ ਹੋਵੇਗੀ ਤਾਂ ਵਿਦਿਆਰਥੀਆਂ ਦੀ ਗਿਣਤੀ ਵਧ ਕੇ 240 ਹੋ ਜਾਵੇਗੀ| ਕੋਰਸਾਂ ਦੀ ਗਿਣਤੀ ਵੀ ਮੌਜੂਦਾ ਸਮੇਂ ਦੇ 4 ਤੋਂ ਵਧ ਕੇ 9 ਹੋ ਜਾਵੇਗੀ| 
ਇਸ ਮੌਕੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਸ ਸੰਸਥਾ ਨੂੰ ਅਤਿਆਧੁਨਿਕ ਸੁਵਿਧਾਵਾਂ ਨਾਲ ਵਿਕਸਿਤ ਕੀਤਾ ਜਾਵੇਗਾ| ਇਸ ਤੋਂ ਪਹਿਲਾਂ ਵਿਧਾਇਕ ਅਤੇ ਭੰਡਾਰਨ ਨਿਗਮ ਦੇ ਚੇਅਰਮੈਨ ਰਾਜ ਕੁਮਾਰ           ਵੇਰਕਾ ਨੇ ਪੋਸਟ ਮੈਟਰਿਕ ਐਸ.ਸੀ. ਸਕਾਲਰਸ਼ਿਪ ਬੰਦ ਕਰਨ ਲਈ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ | ਇਸ ਮੌਕੇ ਉਨ੍ਹਾਂ ਨੇ ਵਾਲਮੀਕਿ ਸਮਾਜ ਉੱਤੇ ਅਧਾਰਤ ਇੱਕ ਲਘੂ ਫ਼ਿਲਮ ਵੀ ਪੇਸ਼ ਕੀਤੀ|

Leave a Reply

Your email address will not be published. Required fields are marked *