ਵਿਆਹ ਵਿੱਚ ਵਾਜੇ ਵਜਾਉਣ ਜਾ ਰਹੇ ਬੈਂਡ ਵਾਲਿਆਂ ਦੀ ਕਾਰ ਹਾਦਸਾਗ੍ਰਸਤ, 2 ਦੀ ਮੌਤ, 5 ਗੰਭੀਰ ਜ਼ਖਮੀ
ਮਾਛੀਵਾੜਾ ਸਾਹਿਬ, 30 ਨਵੰਬਰ (ਸ.ਬ.) ਵਿਆਹ ਵਾਲੇ ਘਰਾਂ ਵਿੱਚ ਖੁਸ਼ੀ ਦੇ ਵਾਜੇ ਵਜਾਉਣ ਜਾ ਰਹੇ ਬੈਂਡ ਵਾਲਿਆਂ ਦੇ ਘਰਾਂ ਵਿੱਚ ਅੱਜ ਸਵੇਰੇ ਸੱਥਰ ਵਿਛ ਗਏ, ਜਦੋਂ ਉਨ੍ਹਾਂ ਦੀ ਕਾਰ ਚੜਦੀ ਸਵੇਰ ਪਈ ਸੰਘਣੀ ਧੁੰਦ ਕਾਰਣ ਹਾਦਸੇ ਦਾ ਸ਼ਿਕਾਰ ਹੋ ਗਈ| ਕਾਰ ਸੜਕ ਹਾਦਸੇ ਵਿੱਚ 2 ਵਿਅਕਤੀ ਜਸਵੀਰ ਸਿੰਘ ਤੇ ਜਗਪ੍ਰੀਤ ਸਿੰਘ ਗੱਬਰ (ਦੋਵੇਂ ਵਾਸੀ ਰਾੜਾ ਸਾਹਿਬ) ਦੀ ਮੌਤ ਹੋ ਗਈ, ਜਦਕਿ 5 ਹੋਰ ਦਵਿੰਦਰ ਸਿੰਘ, ਰਾਣਾ (ਦੋਵੇਂ ਵਾਸੀ ਰਾੜਾ ਸਾਹਿਬ), ਮੱਖਣ ਸਿੰਘ ਤੇ ਪਵਿੱਤਰ ਸਿੰਘ (ਦੋਵੇਂ ਵਾਸੀ ਦਬੁਰਜੀ) ਅਤੇ ਤਰਸੇਮ ਸਿੰਘ ਵਾਸੀ ਲਾਂਪਰਾ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ|
ਪ੍ਰਾਪਤ ਜਾਣਕਾਰੀ ਅਨੁਸਾਰ ਰਾੜਾ ਸਾਹਿਬ ਦੀਪ ਪਾਈਪ ਬੈਂਡ ਦੇ ਇਹ 7 ਮੈਂਬਰ ਇਨੋਵਾ ਕਾਰ ਵਿੱਚ ਸਵਾਰ ਹੋ ਕੇ ਰੋਪੜ ਵਿਖੇ ਇੱਕ ਵਿਆਹ ਵਾਲੇ ਘਰ ਵਿੱਚ ਖੁਸ਼ੀ ਦੇ ਵਾਜੇ ਵਜਾਉਣ ਜਾ ਰਹੇ ਸਨ ਕਿ ਸਰਹਿੰਦ ਨਹਿਰ ਕਿਨਾਰੇ ਪਿੰਡ ਜਲਾਹ ਮਾਜਰਾ ਨੇੜ੍ਹੇ ਇਨ੍ਹਾਂ ਦੀ ਕਾਰ ਟਿੱਪਰ ਨਾਲ ਜਾ ਟਕਰਾਈ| ਸੰਘਣੀ ਧੁੰਦ ਕਾਰਣ ਵਾਪਰਿਆ ਹਾਦਸਾ ਇੰਨਾ ਭਿਆਨਕ ਸੀ ਕਿ ਜਖ਼ਮੀਆਂ ਨੂੰ ਪੁਲੀਸ ਅਤੇ ਰਾਹਗੀਰਾਂ ਵਲੋਂ ਬੜੀ ਮੁਸ਼ੱਕਤ ਨਾਲ ਇਨੋਵਾ ਕਾਰ ਵਿੱਚੋਂ ਕੱਢ ਕੇ ਮੁੱਢਲੇ ਇਲਾਜ ਲਈ ਸਿਵਲ ਹਸਪਤਾਲ ਸਮਰਾਲਾ ਵਿਖੇ ਪਹੁੰਚਾਇਆ ਗਿਆ|
ਹਾਦਸੇ ਤੋਂ ਬਾਅਦ ਸਮਰਾਲਾ ਸਿਵਲ ਹਸਪਤਾਲ ਦੇ ਡਾਕਟਰਾਂ ਵਲੋਂ ਜਸਪ੍ਰੀਤ ਸਿੰਘ ਤੇ ਜਗਪ੍ਰੀਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ, ਜਦਕਿ 5 ਜਖ਼ਮੀ ਵਿਅਕਤੀਆਂ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਵੱਖ-ਵੱਖ ਹਸਪਤਾਲਾਂ ਵਿੱਚ ਰੈਫ਼ਰ ਕਰ ਦਿੱਤਾ ਗਿਆ| ਇਸ ਬੈਂਡ ਟੀਮ ਦੇ ਪਰਿਵਾਰਕ ਮੈਂਬਰਾਂ ਨੂੰ ਜਦੋਂ ਸੂਚਨਾ ਮਿਲੀ ਤਾਂ ਉਹ ਵੀ ਹਸਪਤਾਲ ਪਹੁੰਚ ਗਏ| ਹਾਦਸੇ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਮਾਛੀਵਾੜਾ ਪੁਲੀਸ ਵਲੋਂ ਇਸ ਸਬੰਧੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ|