ਵਿਕਾਸ ਕਾਰਜਾਂ ਦੇ ਮੁੱਦੇ ਤੇ ਭਖੀ ਸਿਆਸਤ ਕੈਬਿਨਟ ਮੰਤਰੀ ਸਿੱਧੂ ਅਤੇ ਸਾਬਕਾ ਅਕਾਲੀ ਕੌਂਸਲਰਾਂ ਨੇ ਵੱਖ ਵੱਖ ਥਾਵਾਂ ਤੇ ਕੀਤਾ ਵਿਕਾਸ ਕਾਰਜਾਂ ਦਾ ਉਦਘਾਟਨ


ਭੁਪਿੰਦਰ ਸਿੰਘ
ਐਸ ਏ ਐਸ ਨਗਰ, 2 ਜਨਵਰੀ

ਨਗਰ ਨਿਗਮ ਵਲੋਂ ਸਥਾਨਕ ਫੇਜ਼-4 ਵਿੱਚ ਕਰਵਾਏ ਜਾਣ ਵਾਲੇ ਲਗਭਗ 65 ਲੱਖ ਰੁਪਏ ਦੇ ਵਿਕਾਸ ਕਾਰਜਾਂ ਤੇ ਅੱਜ ਰਾਜਨੀਤੀ ਭਾਰੂ ਹੋ ਗਈ ਅਤੇ ਇਸ ਦੌਰਾਨ ਜਿੱਥੇ ਕੈਬਿਨਟ ਮੰਤਰੀ ਸ੍ਰ ਬਲਬੀਰ ਸਿੰਘ ਸਿੱਧੂ ਵਲੋਂ ਇਹਨਾਂ ਕੰਮਾਂ ਦਾ ਉਦਘਾਟਨ ਕੀਤਾ ਗਿਆ ਉੱਥੇ ਦੂਜੇ ਫੇਜ਼ 4 ਦੇ ਸਾਬਕਾ ਅਕਾਲੀ ਕੌਂਸਲਰਾਂ ਸ੍ਰ ਗੁਰਮੁਖ ਸਿੰਘ ਸੋਹਲ ਅਤੇ ਬੀਬੀ ਕੁਲਦੀਪ ਕੌਰ ਕੰਗ ਵਲੋਂ ਆਪਣੇ ਪੱਧਰ ਤੇ ਇਹ ਕਹਿੰਦਿਆਂ ਇਹਨਾਂ ਕੰਮਾਂ ਦਾ ਉਦਘਾਟਨ ਕਰ ਦਿੱਤਾ ਗਿਆ ਕਿ ਇਹ ਕੰਮ ਉਹਨਾਂ ਦੇ ਕਾਰਜਕਾਲ ਦੌਰਾਨ ਹੀ ਪਾਸ ਕਰ ਦਿੱਤੇ ਗਏ ਸਨ ਅਤੇ ਇਹਨਾਂ ਦੇ ਟੈਂਡਰ ਹੋਣ ਉਪਰੰਤ ਠੇਕੇਦਾਰ ਨੂੰ ਵਰਕ ਆਰਡਰ ਵੀ ਜਾਰੀ ਕਰ ਦਿੱਤਾ ਗਿਆ ਸੀ ਪਰੰਤੂ ਸਰਕਾਰ ਵਲੋਂ ਜਾਣ ਬੁੱਝ ਕੇ ਇਹ ਕੰਮ ਰੁਕਵਾ ਕੇ ਰੱਖਿਆ ਗਿਆ ਸੀ ਅਤੇ ਹੁਣ ਉਸੇ ਠੇਕੇਦਾਰ ਨੇ ਇਹ ਕੰਮ ਆਰੰਭ ਕੀਤਾ ਹੈ।
ਸ੍ਰ ਬਲਬੀਰ ਸਿੰਘ ਸਿੱਧੂ ਵਲੋਂ ਅੱਜ ਪੂਰੇ ਲਾਵ ਲਸ਼ਕਰ ਦੇ ਨਾਲ ਫੇਜ਼ 5, ਫੇਜ਼ 4 ਅਤੇ ਫੇਜ਼ 3 ਏ ਵਿੱਚ ਕਰਵਾਏ ਜਾਣ ਵਾਲੇ ਲਗਭਗ ਡੇਢ ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਦੌਰਾਨ ਉਹਨਾਂ ਵਲੋਂ ਫੇਜ਼ 4 ਵਿੱਚ ਐਚ ਐਮ ਕਵਾਟਰਾਂ ਦੇ ਸਾਮ੍ਹਣੇ ਅਤੇ ਬੋਗਨ ਵਿਲਾ ਪਾਰਕ ਵਿੱਚ ਵਿਕਾਸ ਕਾਰਜਾਂ ਦੀ ਟੱਕ ਲਗਾ ਕੇ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸ੍ਰ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁਹਾਲੀ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਅਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹਲ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਜਿਸਦੇ ਤਹਿਤ ਅੱਜ ਫੇਜ਼ 4 ਵਿੱਚ 65 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਜਾਣ ਵਾਲੇ ਕੰਮ ਆਰੰਭ ਕੀਤੇ ਗਏ ਹਨ। ਇਸ ਮੌਕੇ ਵਾਰਡ ਨੰਬਰ 5 (ਫੇਜ਼ 4) ਦੀ ਕਾਂਗਰਸੀ ਉਮੀਦਵਾਰ ਰੁਪਿੰਦਰ ਕੌਰ ਰੀਨਾ, ਕਰਨ ਜੌਹਰ, ਡਾ ਗੁਰਦੀਪ ਸਿੰਘ ਅਤੇ ਫੇਜ਼ 4 ਦੇ ਵਸਨੀਕ ਹਾਜਿਰ ਸਨ।
ਇਸ ਦੌਰਾਨ ਫੇਜ਼ 4 ਵਿੱਚ ਸਾਬਕਾ ਕੌਂਸਲਰਾਂ ਗੁਰਮੁਖ ਸਿੰਘ ਸੋਹਲ ਅਤੇ ਕੁਲਦੀਪ ਕੌਰ ਕੰਮ ਵਲੋਂ ਫੇਜ਼ 2 ਅਤੇ ਚਾਰ ਨੂੰ ਵੰਡਦੀ ਸੜਕ ਤੇ ਟੱਕ ਲਗਾ ਕੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਇਹ ਕੰਮ ਸਾਬਕਾ ਮੇਅਰ ਸ੍ਰ ਕੁਲਵੰਤ ਸਿੰਘ ਅਗਵਾਈ ਵਿੱਚ ਨਿਗਮ ਦੇ ਹਾਉਸ ਵਲੋਂ ਪਾਸ ਕਰਵਾਏ ਗਏ ਸਨ ਅਤੇ ਇਹਨਾਂ ਦੇ ਵਰਕ ਆਰਡਰ ਵੀ ਜਾਰੀ ਹੋ ਗਏ ਸਨ। ਉਹਨਾਂ ਕਿਹਾ ਕਿ ਦੇਰ ਨਾਲ ਹੀ ਸਹੀ ਹੁਣ ਨਿਗਮ ਵਲੋਂ ਇਹ ਕੰਮ ਆਰੰਭ ਕਰਵਾ ਦਿੱਤੇ ਗਏ ਹਨ ਅਤੇ ਇਹਨਾਂ ਦੇ ਮੁਕੰਮਲ ਹੋਣ ਨਾਲ ਵਸਨੀਕਾਂ ਨੂੰ ਕਾਫੀ ਸਹੂਲੀਅਤ ਮਿਲੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਿੰਦਰ ਸਿੰਘ ਬੰਟੀ, ਜਤਿੰਦਰ ਸਿੰਘ, ਇੰਦਰਜੀਤ ਸਿੰਘ, ਦਿਨੇਸ਼ ਕੁਮਾਰੀ, ਤਰਵਿੰਦਰ ਕੌਰ, ਜਸਪ੍ਰੀਤ ਕੌਰ, ਹਰਮਨ ਸਿੰਘ, ਦਰਸ਼ਨ ਸਿੰਘ ਸਾਹੀ, ਸੁਸ਼ੀਲਾ ਅਰੋੜਾ ਵੀ ਹਾਜਿਰ ਸਨ।

Leave a Reply

Your email address will not be published. Required fields are marked *