ਵਿਗਿਆਨ ਮੰਚ ਵੱਲੋਂ ਅੰਧਵਿਸ਼ਵਾਸਾਂ ਵਿਰੁੱਧ ਕਰਵਾਏ ਪੇਂਟਿੰਗ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡੇ


ਐਸ ਏ ਐਸ ਨਗਰ, 10 ਅਕਤੂਬਰ (ਸ.ਬ.) ਤਰਕਸ਼ੀਲ ਸੁਸਾਇਟੀ ਪੰਜਾਬ ਦੀ ਮੁਹਾਲੀ ਇਕਾਈ ਵੱਲੋਂ ਬਣਾਏ ਗਏ ਵਿਗਿਆਨ ਮੰਚ ਵੱਲੋਂ ਜਿਲਾ ਪੱਧਰੀ ਪੇਂਟਿੰਗ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ| ਇਸ ਮੌਕੇ ਆਗੂਆਂ ਨੇ ਵਿਦਿਆਰਥੀਆਂ ਦੀ ਅੰਧਵਿਸ਼ਵਾਸਾਂ ਨੂੰ ਤਰਕਾਂ ਨਾਲ ਰੱਦ ਕਰਨ ਅਤੇ ਸੋਚਣ ਢੰਗ ਵਿਗਿਆਨਿਕ ਬਣਾਉਣ ਲਈ ਅਪੀਲ ਕੀਤੀ|  
ਤਰਕਸ਼ੀਲ ਆਗੂ ਜਰਨੈਲ ਕ੍ਰਾਂਤੀ, ਲੈਕਚਰਾਰ ਸੁਰਜੀਤ ਸਿੰਘ ਅਤੇ ਜਸਵੰਤ ਮੁਹਾਲੀ ਨੇ ਦੱਸਿਆ ਕਿ ਵਿਗਿਆਨ ਮੰਚ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਆਨ ਲਾਈਨ ਪੇਂਟਿੰਗ ਮੁਕਾਬਲੇ ਕਰਵਾਏ ਗਏ ਸਨ, ਜਿਸ ਦਾ ਵਿਸ਼ਾ ਸਮਾਜ ਵਿੱਚ ਪਾਏ ਜਾਂਦੇ ਅੰਧਵਿਸ਼ਵਾਸ਼ਾਂ ਵਿਰੁੱਧ ਜਾਗਰੂਕ ਕਰਨਾ ਸੀ| ਉਹਨਾਂ ਦੱਸਿਆ ਕਿ ਇਹ ਮੁਕਾਬਲੇ ਸਿਰਫ ਮੁਹਾਲੀ ਜਿਲੇ ਦੇ ਸਕੂਲਾਂ ਵਾਸਤੇ ਹੀ ਸਨ| ਮੁਕਾਬਲੇ ਵਿੱਚ ਜਿਲਾ ਮੁਹਾਲੀ ਦੇ ਵੱਖ ਵੱਖ ਸਕੂਲਾਂ ਦੇ 88 ਵਿਦਿਆਰਥੀਆਂ ਨੇ ਹਿੱਸਾ ਲਿਆ| 
ਉਹਨਾ ਦੱਸਿਆ ਕਿ ਪਹਿਲੀ ਤੋਂ ਅੱਠਵੀਂ ਤੱਕ ਦੇ ਵਰਗ ਵਿੱਚ ਸਰਕਾਰੀ ਹਾਈ ਸਕੂਲ ਗਾਜੀਪੁਰ ਦੇ ਵਿਦਿਆਰਥੀ ਸ਼ੁਭਨੀਤ ਸਿੰਘ ਨੇ ਪਹਿਲੀ, ਇੰਟਰਨੈਸ਼ਨਲ ਪਬਲਿਕ ਸਕੂਲ ਕੁਰਾਲੀ ਦੀ ਵਿਦਿਆਰਥਣ ਹਰਸਿਮਰਤ ਕੌਰ ਨੇ ਦੂਜੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਪੁਰਾ ਦੀ ਵਿਦਿਆਰਥਣ ਨਵਨਿੰਦਰ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ| ਇਸੇ ਤਰ੍ਹਾਂ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਰਗ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਦੀ ਵਿਦਿਆਰਥਣ ਅਦਿਤੀ ਬਾਂਸਲ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਪੁਰਾ ਦੀ ਵਿਦਿਆਰਥਣ ਨਰਿੰਦਰ ਕੌਰ ਨੇ ਦੂਜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੂਟਾ ਸਿੰਘ ਵਾਲਾ ਦੇ ਵਿਦਿਆਰਥਣ ਨਵਗੀਤ ਸੋਢੀ ਅਤੇ ਸਰਕਾਰੀ ਹਾਈ ਸਕੂਲ ਛੱਤ ਦੀ ਵਿਦਿਆਰਥਣ ਨਿਕਿਤਾ ਨੇ ਸਾਂਝੇ ਰੂਪ ਵਿੱਚ ਤੀਜਾ ਸਥਾਨ ਹਾਸਿਲ ਕੀਤਾ| ਇਸ ਮੌਕੇ ਵਿਦਿਆਰਥੀਆਂ ਦੇ ਮਾਪੇ, ਅਧਿਆਪਕਾਂ ਤੋਂ ਇਲਾਵਾ ਗੋਰਾ ਹੁਸ਼ਿਆਰਪੁਰੀ, ਜਸਵਿੰਦਰ ਸਿੰਘ, ਇਕਬਾਲ ਸਿੰਘ, ਗੁਰਤੇਜ ਸਿੰਘ            ਸ਼ਮਸ਼ੇਰ ਸਿੰਘ ਆਦਿ ਹਾਜਿਰ ਸਨ|

Leave a Reply

Your email address will not be published. Required fields are marked *