ਵਿਗਿਆਨ ਰਾਹੀਂ ਕਿਸਾਨਾਂ ਦੀ ਮਦਦ ਕਰਨ ਦੀ ਲੋੜ : ਮੋਦੀ

ਵਿਗਿਆਨ ਰਾਹੀਂ ਕਿਸਾਨਾਂ ਦੀ ਮਦਦ ਕਰਨ ਦੀ ਲੋੜ : ਮੋਦੀ
ਪ੍ਰਧਾਨ ਮੰਤਰੀ ਵਲੋਂ ਇੰਡੀਅਨ ਸਾਇੰਸ ਕਾਂਗਰਸ-2019 ਦਾ ਉਦਘਾਟਨ
ਜਲੰਧਰ, 3 ਜਨਵਰੀ (ਸ.ਬ.) ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਐਲ. ਪੀ. ਯੂ. ਕੈਂਪਸ ਵਿੱਚ 5 ਦਿਨਾ ਵਿਸ਼ਾਲ ਇੰਡੀਅਨ ਸਾਇੰਸ ਕਾਂਗਰਸ-2019 ਦਾ ਉਦਘਾਟਨ ਕੀਤਾ ਗਿਆ| ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ| ਨਵੇਂ ਇੰਡੀਆ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਅਜੇ ਕਾਫੀ ਕੁਝ ਕਰਨ ਦੀ ਲੋੜ ਹੈ| ਅੱਜ ਦੇ ਯੁੱਗ ਦੀ ਮੰਗ ਹੈ ਕਿ ਵਿਗਿਆਨਕ ਤਕਨੀਕਾਂ ਦੀ ਮਦਦ ਨਾਲ ਕਿਸਾਨਾਂ ਦੀ ਮਦਦ ਕੀਤੀ ਜਾਵੇ| ਉਨ੍ਹਾਂ ਕਿਹਾ ਕਿ ਵਿਗਿਆਨ ਦੀ ਬਦੌਲਤ ਕਿਸਾਨਾਂ ਦੀ ਮਦਦ ਕਰਨੀ ਹੋਵੇਗੀ| ਉਨ੍ਹਾਂ ਕਿਹਾ ਕਿ ਭਾਰਤ ਆਪਣੇ ਭਵਿੱਖ ਨੂੰ ਸੁਰੱਖਿਅਤ ਕਰ ਰਿਹਾ ਹੈ| ਵਿਗਿਆਨ ਵਿੱਚ ਹਰ ਸਮੱਸਿਆ ਦਾ ਹੱਲ ਹੈ ਅਤੇ ਸਾਨੂੰ ਸਮੇਂ ਦੇ ਅਨੁਕੁਲ ਸਮੱਸਿਆਵਾਂ ਦੇ ਹੱਲ ਕੱਢਣੇ ਹੋਣਗੇ|
ਉਹਨਾਂ ਕਿਹਾ ਕਿ ਕਈ ਦਹਾਕੇ ਪਹਿਲਾਂ ਲਾਲ ਬਹਾਦਰ ਸ਼ਾਸਤਰੀ ਨੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ ਸੀ ਅਤੇ ਅਟਲ ਬਿਹਾਰੀ ਵਾਜਪਾਈ ਜੀ ਨੇ ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ ਦਾ ਨਾਅਰਾ ਦਿੱਤਾ ਸੀ| ਉਨ੍ਹਾਂ ਨੇ ਕਿਹਾ ਕਿ ਸਾਡਾ ਮਕਸਦ ਅਟਲ ਇਨੋਵੇਸ਼ਨ ਮਿਸ਼ਨ ਨੂੰ ਅੱਗੇ ਵਧਾਉਣਾ ਹੈ| ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ, ਜੈ ਅਨੁਸੰਧਾਨ ਦਾ ਨਾਅਰਾ ਦਿੱਤਾ| ਉਨ੍ਹਾਂ ਕਿਹਾ ਕਿ ਤਕਨੀਕ ਨੂੰ ਆਮ ਲੋਕਾਂ ਨਾਲ ਜੋੜਨ ਦੀ ਲੋੜ ਹੈ| ਜਿਕਰਯੋਗ ਹੈ ਕਿ ਇਸ ਸਮਾਗਮ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਪਹੁੰਚਣ ਦਾ ਸਮਾਂ 11.30 ਵਜੇ ਦਾ ਸੀ ਜਦਕਿ ਉਹ ਡੇਢ ਘੰਟਾ ਦੇਰੀ ਨਾਲ ਇਥੇ ਪਹੁੰਚੇ| ਏਅਰਪੋਰਟ ਪਹੁੰਚਣ ਤੇ ਮੋਦੀ ਦਾ ਸਵਾਗਤ ਪੰਜਾਬ ਦੇ ਗਵਰਨਰ ਵੀ. ਪੀ. ਸਿੰਘ ਬਦਨੌਰ ਵੱਲੋਂ ਕੀਤਾ ਗਿਆ| ਇਸ ਮੌਕੇ ਵਿਜੇ ਸਾਂਪਲਾ ਅਤੇ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਵੀ ਮੌਜੂਦ ਸਨ|

Leave a Reply

Your email address will not be published. Required fields are marked *