ਵਿਜੀਲੈਂਸ ਵੱਲੋਂ ਫੜੇ ਮੁਬਾਰਕਪੁਰ ਦੇ ਚੌਂਕੀ ਇੰਚਾਰਜ ਦਾ ਇੱਕ ਦਿਨ ਦਾ ਪੁਲੀਸ ਰਿਮਾਂਡ, ਪਿੰਡ ਦੀ ਸਾਬਕਾ ਪੰਚ ਨੂੰ ਜੇਲ੍ਹ ਭੇਜਿਆ

ਐਸ ਏ ਐਸ ਨਗਰ, 5 ਅਕਤੂਬਰ (ਸ.ਬ.) ਵਿਜੀਲੈਂਸ ਵਿਭਾਗ ਵੱਲੋਂ ਬੀਤੀ ਸ਼ਾਮ ਕਾਬੂ ਕੀਤੇ ਗਏ ਮੁਬਾਰਕਪੁਰ ਚੌਂਕੀ ਦੇ ਇੰਚਾਰਜ ਏ ਐਸ ਆਈ ਸਾਹਿਬ ਸਿੰਘ ਅਤੇ ਪਿੰਡ ਦੀ ਸਾਬਕਾ ਪੰਚ ਸਰੋਜ ਰਾਣੀ ਨੂੰ ਅੱਜ ਇੱਥੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਇਹਨਾਂ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਗਈ| ਮਾਮਲੇ ਦੀ ਸੁਣਵਾਈ ਉਪਰੰਤ ਅਦਾਲਤ ਵੱਲੋਂ ਏ ਐਸ ਆਈ ਸਾਹਿਬ ਸਿੰਘ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ਅਤੇ ਸਾਬਕਾ ਪੰਚ ਸਰੋਜ ਰਾਣੀ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਤੇ ਭੇਜਣ ਦੇ ਹੁਕਮ ਜਾਰੀ ਕੀਤੇ ਹਨ|
ਜਿਕਰਯੋਗ ਹੈ ਕਿ ਬੀਤੀ ਸ਼ਾਮ ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਲਾਲ ਸਿੰਘ ਦੀ ਅਗਵਾਈ ਵਿੱਚ ਵਿਜੀਲੈਂਸ ਦੀ ਟੀਮ ਜਿਸ ਵਿੱਚ ਇੰਸਪੈਕਟਰ ਮਦਨ ਲਾਲ, ਇੰਸਪੈਕਟਰ ਸਤਵੰਤ ਸਿੰਘ, ਏ ਐਸ ਆਈ ਕਸ਼ਮੀਰ ਸਿੰਘ, ਏ ਐਸ ਆਈ ਗੁਰਮੀਤ ਸਿੰਘ, ਮੁੱਖ ਸਿਪਾਹੀ ਹਰਪ੍ਰੀਤ ਸਿੰਘ ਅਤੇ ਲੇਡੀ ਸਿਪਾਹੀ ਗਗਨਦੀਪ ਕੌਰ ਵੱਲੋਂ ਸਰੋਜ ਰਾਣੀ ਨੂੰ ਇਸ ਮਾਮਲੇ ਦੇ ਸ਼ਿਕਾਇਤ ਕਰਤਾ ਸਤਪਾਲ ਸਿੰਘ ਕੋਲੋਂ 10 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ| ਰਿਸ਼ਵਤ ਦੀ ਇਹ ਰਕਮ ਬਾਰਕਪੁਰ ਚੌਂਕੀ ਦੇ ਇੰਚਾਰਜ ਸਾਹਿਬ ਸਿੰਘ ਨੂੰ ਪਹੁੰਚਾਈ ਜਾਣੀ ਸੀ ਜੋ ਸ਼ਿਕਾਇਤ ਕਰਤਾ ਤੋਂ 10 ਹਜਾਰ ਰੁਪਏ ਦੀ ਰਿਸ਼ਵਤ ਪਹਿਲਾਂ ਹੀ ਵਸੂਲ ਚੁੱਕਿਆ ਸੀ|
ਵਿਜੀਲੈਂਸ ਵਿਭਾਗ ਦੇ ਐਸ ਪੀ ਸ੍ਰ. ਪਰਮਜੀਤ ਸਿੰਘ ਨੇ ਅੱਜ ਇੱਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਮੁਬਾਰਕ ਪੁਰ ਚੌਂਕੀ ਦੇ ਇੰਚਾਰਜ ਸਾਹਿਬ ਸਿੰਘ ਨੇ ਅੰਬਾਲਾ ਜਿਲ੍ਹੇ ਦੇ ਇੱਕ ਵਸਨੀਕ ਸਤਪਾਲ ਸਿੰਘ ਨੂੰ ਬੀਤੀ 25 ਸਤੰਬਰ ਨੂੰ ਇੱਕ ਲੜਕੀ ਨਾਲ ਘੁੰਮਦੇ ਨੂੰ ਕਾਬੂ ਕੀਤਾ ਸੀ ਅਤੇ ਬਾਅਦ ਵਿਚ ਉਸਨੂੰ ਨਾਜਾਇਜ ਹਿਰਾਸਤ ਵਿਚ ਰੱਖਿਆ ਸੀ| ਇਸ ਮਾਮਲੇ ਵਿਚ ਪਿੰਡ ਦੀ ਸਾਬਕਾ ਪੰਚ ਸਰੋਜ ਰਾਣੀ ਨੇ ਵਿੱਚ ਵਿਚੋਲਗੀ ਕਰਦਿਆਂ 20 ਹਜਾਰ ਵਿਚ ਸੌਦਾ ਕਰਵਾਇਆ ਸੀ| ਜਿਸ ਵਿੱਚ ਸਤਪਾਲ ਸਿੰਘ ਨੇ 10 ਹਜਾਰ ਰੁਪਏ ਏ ਐਸ ਆਈ ਨੂੰ ਦੇ ਦਿੱਤੇ ਸੀ ਅਤੇ ਸ਼ਿਕਾਇਤ ਕਰਤਾ ਨੂੰ ਬਾਕੀ ਦੇ 10 ਹਜਾਰ  ਰੁਪਏ ਸਰੋਜ ਰਾਣੀ ਨੂੰ ਦੇਣ ਲਈ ਕਿਹਾ ਸੀ ਅਤੇ ਸਤਪਾਲ ਸਿੰਘ ਵੱਲੋਂ ਇਹ ਮਾਮਲਾ ਵਿਜੀਲੈਂਸ ਦੀ ਜਾਣਕਾਰੀ ਵਿਚ ਲਿਆਉਣ ਉਪਰੰਤ ਵਿਜੀਲੈਂਸ ਦੀ ਟੀਮ ਵੱਲੋਂ ਛਾਪੇਮਾਰੀ ਕਰਕੇ ਸਰੋਜ ਰਾਣੀ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਸੀ|

Leave a Reply

Your email address will not be published. Required fields are marked *