ਵਿਜੈ ਮਾਲਿਆ ਦਾ ਆਰਥਿਕ ਅਪਰਾਧੀ ਘੋਸ਼ਿਤ ਹੋਣਾ ਬਾਕੀਆਂ ਲਈ ਚਿਤਾਵਨੀ

ਵਿਜੇ ਮਾਲਿਆ ਦਾ ਭਗੌੜਾ ਆਰਥਿਕ ਅਪਰਾਧੀ ਘੋਸ਼ਿਤ ਹੋਣਾ ਉਨ੍ਹਾਂ ਸਾਰੇ ਡਿਫਾਲਟਰਾਂ ਲਈ ਚਿਤਾਵਨੀ ਹੈ, ਜੋ ਭਾਰਤੀ ਬੈਂਕਾਂ ਨੂੰ ਚੂਨਾ ਲਗਾਉਣ ਦੀ ਮਾਨਸਿਕਤਾ ਨਾਲ ਕਰਜ ਲੈ ਕੇ ਵਿਦੇਸ਼ ਭੱਜਣ ਦੀ ਯੋਜਨਾ ਬਣਾਉਂਦੇ ਹਨ| ਚਾਹੇ ਨੀਰਵ ਮੋਦੀ ਹੋਵੇ, ਜਾਂ ਮੇਹੁਲ ਚੋਕਸੀ ਜਾਂ ਹੋਰ ਕੋਈ ਵੀ ਡਿਫਾਲਟਰ, ਹੁਣ ਉਨ੍ਹਾਂ ਸਾਰਿਆਂ ਦਾ ਭਾਰਤੀ ਕਾਨੂੰਨ ਤੋਂ ਬਚਣਾ ਮੁਸ਼ਕਿਲ ਹੈ| ਵਿਜੇ ਮਾਲਿਆ ਨੂੰ ਭਗੌੜਾ ਆਰਥਿਕ ਅਪਰਾਧੀ ਅਧਿਨਿਯਮ-2018 ਦੇ ਤਹਿਤ ਪ੍ਰਿਵੇਂਸ਼ਨ ਮਨੀ ਲਾਂਡਰ ਐਕਟ (ਪੀਐਮਐਲਏ) ਅਦਾਲਤ ਨੇ ਪਰਿਵਰਤਨ ਨਿਦੇਸ਼ਾਲੇ ਦੀ ਪਟੀਸ਼ਨ ਤੇ ਭਗੌੜਾ ਘੋਸ਼ਿਤ ਕੀਤਾ ਹੈ| ਉਹ ਦੇਸ਼ ਦਾ ਪਹਿਲਾ ਕਾਨੂੰਨਨ ਆਰਥਿਕ ਭਗੌੜਾ ਘੋਸ਼ਿਤ ਹੋਇਆ ਹੈ| ਇਸ ਦੇ ਨਾਲ ਸਰਕਾਰ ਨੂੰ ਨੌਂ ਹਜਾਰ ਕਰੋੜ ਦੇ ਬੈਂਕ ਲੋਨ ਘੋਟਾਲੇ ਵਿੱਚ ਫਰਾਰ ਚੱਲ ਰਹੇ ਵਿਜੇ ਮਾਲਿਆ ਦੀ ਜਾਇਦਾਦ ਜਬਤ ਕਰਨ ਦਾ ਵੀ ਅਧਿਕਾਰ ਮਿਲ ਗਿਆ ਹੈ| ਇਸ ਤੋਂ ਪਹਿਲਾਂ ਮਾਲਿਆ ਬੇਸ਼ੱਕ ਖੁਦ ਨੂੰ ਕਰਜ ਚੁਕਾਉਣ ਦੇ ਪ੍ਰਤੀ ਗੰਭੀਰ ਕਹਿੰਦੇ ਹੋਏ ‘ਡਿਫਾਲਟਰਾਂ ਦਾ ਪੋਸਟਰ ਬਵਾਏ ਬਣਾਏ ਜਾਣ ਦਾ ਇਲਜ਼ਾਮ ਸਰਕਾਰ ਉੱਤੇ ਲਗਾਉਂਦਾ ਰਿਹਾ ਹੋਵੇ, ਪਰ ਇੱਕ ਨਹੀਂ, ਕਈ ਸੰਦਰਭ ਹਨ, ਜੋ ਸਾਬਤ ਕਰਦੇ ਹਨ ਕਿ ਉਹ ਇਰਾਦਤਨ ਕਰਜ ਨਾ ਮੋੜਣ ਦੀ ਇੱਛਾ ਕਾਰਨ ਹੀ ਕਾਨੂੰਨ ਤੋਂ ਬਚਣ ਲਈ ਦੇਸ਼ ਛੱਡ ਕੇ ਭੱਜਿਆ ਸੀ| ਵਿਜੇ ਮਾਲਿਆ ਜਿਸ ਸਮੇਂ ਕਿੰਗਫਿਸ਼ਰ ਏਅਰਲਾਇੰਸ ਦੇ ਪ੍ਰਮੁੱਖ ਸਨ, ਉਸ ਸਮੇਂ ਉਹ ਸ਼ਰਾਬ ਨਿਰਮਾਤਾ ਕੰਪਨੀ ਯੂਪੀ ਗਰੁੱਪ ਦੇ ਵੀ ਮੁੱਖੀ ਸਨ, ਕਿੰਗਫਿਸ਼ਰ ਚਲਾਉਣ ਲਈ ਉਨ੍ਹਾਂ ਦੇ ਕੋਲ ਯੂਬੀ ਗਰੁੱਪ ਦਾ ਲੋੜੀਂਦਾ ਬੈਕਅਪ ਸੀ, ਉਹ ਵਿਦੇਸ਼ੀ ਬੈਂਕਾਂ ਤੋਂ ਵੀ ਲੋਨ ਲੈ ਸਕਦਾ ਸੀ, ਪਰ ਉਨ੍ਹਾਂ ਨੇ ਪੂੰਜੀ ਲਈ ਭਾਰਤੀ ਸਰਕਾਰੀ ਬੈਂਕਾਂ ਨੂੰ ਨਿਸ਼ਾਨਾ ਬਣਾਇਆ| ਉਹ ਇਸ ਗੱਲ ਦੇ ਪ੍ਰਤੀ ਆਸਵੰਦ ਸੀ ਕਿ ਨੇਤਾ – ਬੈਂਕ ਅਫਸਰ ਦਾ ਭ੍ਰਿਸ਼ਟ ਗਠਜੋੜ ਅਤੇ ਭਾਰਤੀ ਦਿਵਾਲਿਆ ਕਾਨੂੰਨ ਦਾ ਫਾਇਦਾ ਉਹ ਆਸਾਨੀ ਨਾਲ ਚੁੱਕ ਲਵੇਗਾ ਅਤੇ ਉਹ ਪੀਐਸਯੂ ਬੈਂਕਾਂ ਦਾ ਕਰਜ ਚੁਕਾਉਣ ਤੋਂ ਬਚ ਜਾਵੇਗਾ| ਉਸਦਾ ਇਰਾਦਾ ਜੇਕਰ ਨੇਕ ਸੀ, ਤਾਂ ਅਖੀਰ ਉਸ ਨੇ ਦੇਸ਼ ਕਿਉਂ ਛੱਡਿਆ? ਭਾਰਤ ਵਿੱਚ ਰਹਿ ਕੇ ਹੀ ਕਾਨੂੰਨ ਦਾ ਸਾਮਣਾ ਕਿਉਂ ਨਹੀਂ ਕੀਤਾ? ਉਹ ਇਕੱਲਾ ਨਹੀਂ ਹੈ ਜੋ ਬੈਂਕਾਂ ਦਾ ਕਰਜਦਾਰ ਹੈ, ਉਸ ਵਰਗੇ ਅਣਗਿਣਤ ਉਦਯੋਗਪਤੀ ਸਰਕਾਰੀ ਬੈਂਕਾਂ ਦੇ ਕਰਜਦਾਰ ਹਨ, ਉਹ ਤਾਂ ਦੇਸ਼ ਛੱਡ ਕੇ ਨਹੀਂ ਭੱਜੇ ਹਨ| ਇੰਨਾ ਹੀ ਨਹੀਂ ਮਾਲਿਆ ਨੇ ਕਿੰਗਫਿਸ਼ਰ ਨੂੰ ਡੁੱਬਣ ਕਿਉਂ ਦਿੱਤਾ? ਉਸਦੇ ਕੋਲ ਯੂਬੀ ਗਰੁੱਪ ਦਾ ਸਫਲ ਅਨੁਭਵ ਹੈ| ਕਿੰਗਫਿਸ਼ਰ ਦੇ ਜਹਾਜ ਕਿਉਂ ਇੱਕ – ਇੱਕ ਕਰਕੇ ਵਿਕਦੇ ਚਲੇ ਗਏ? ਅਖੀਰ ਉਸਨੂੰ ਕਿਸ ਨੇ ਵੇਚਿਆ? ਮਾਰਚ 2016 ਵਿੱਚ ਉਹ ਜੇਕਰ ਲੰਦਨ ਇੱਕ ਸੰਮੇਲਨ ਵਿੱਚ ਭਾਗ ਲੈਣ ਜਾ ਰਿਹਾ ਸੀ ਤਾਂ ਸਾਮਾਨ ਨਾਲ ਭਰੇ 300 ਬੈਗ ਦੇ ਨਾਲ ਜੇਨੇਵਾ ਜਾਣ ਦੀ ਕੀ ਜ਼ਰੂਰਤ ਸੀ? ਉਸਨੂੰ ਕੀ ਲੱਗਿਆ ਭਾਰਤੀ ਕਾਨੂੰਨ ਨੂੰ ਉਸਦੇ ਧੋਖੇ ਦਾ ਪਤਾ ਨਹੀਂ ਚੱਲੇਗਾ? ਉਸਦਾ ਇਰਾਦਾ ਠੀਕ ਹੈ ਤਾਂ ਉਹ ਲੰਦਨ ਵਿੱਚ ਕੀ ਕਰ ਰਿਹਾ ਹੈ? ਕਿਉਂ ਭਾਰਤ ਸਰਕਾਰ ਨੂੰ ਉਸਦੀ ਹਵਾਲਗੀ ਲਈ ਬ੍ਰਿਟਿਸ਼ ਸਰਕਾਰ ਦੀ ਮਦਦ ਲੈਣੀ ਪੈ ਰਹੀ ਹੈ? ਹੁਣ ਤਾਂ ਲੰਦਨ ਦੀ ਕੋਰਟ ਨੂੰ ਵੀ ਉਸਦੀ ਅਸਲੀਅਤ ਦਾ ਪਤਾ ਚੱਲ ਚੁੱਕਿਆ ਹੈ, ਇਸ ਲਈ ਹਵਾਲਗੀ ਲਈ ਰਜਾਮੰਦੀ ਦੇ ਚੁੱਕੀ ਹੈ| ਭਾਰਤੀ ਜਾਂਚ ਏਜੰਸੀਆਂ ਦੇ ਮੁਤਾਬਕ, ਇਸ ਵਿੱਚ ਕੋਈ ਦੋਰਾਏ ਨਹੀਂ ਕਿ ਵਿਜੇ ਮਾਲਿਆ ਇਰਾਦਤਨ ਦੇਸ਼ ਤੋਂ ਭੱਜਿਆ ਅਤੇ ਉਸਦੀ ਕਰਜ ਚੁਕਾਉਣ ਦੀ ਇੱਛਾ ਨਹੀਂ ਸੀ| ਮਾਲਿਆ ਵਰਗੇ ਭਗੌੜਿਆਂ ਤੋਂ ਭਾਰਤੀ ਸਰਕਾਰੀ ਬੈਂਕਾਂ ਨੂੰ ਆਪਣਾ ਪਾਈ-ਪਾਈ ਕਰਜ ਵਸੂਲਨਾ ਚਾਹੀਦਾ ਹੈ| ਸੰਸਦ ਵਿੱਚ ਸਰਕਾਰ ਦੀ ਰਿਪੋਰਟ ਦੇ ਮੁਤਾਬਕ ਪੰਜ ਸਾਲ ਵਿੱਚ ਦੇਸ਼ ਤੋਂ ਮਾਲਿਆ ਸਮੇਤ 27 ਆਰਥਿਕ ਡਿਫਾਲਟਰ ਵਿਦੇਸ਼ ਭੱਜੇ ਹਨ| ਇਹਨਾਂ ਸਾਰਿਆਂ ਨੂੰ ਕਾਨੂੰਨ ਦੇ ਸ਼ਿਕੰਜੇ ਵਿੱਚ ਕੱਸਿਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਤੋਂ ਕਰਜ ਵਸੂਲਿਆ ਜਾਣਾ ਚਾਹੀਦਾ ਹੈ| ਇਸ ਦੇ ਨਾਲ ਸਾਨੂੰ ਆਪਣੇ ਬੈਂਕਿੰਗ ਸੈਕਟਰ ਦੀਆਂ ਕਮਜੋਰੀਆਂ ਨੂੰ ਦੂਰ ਕਰਨਾ ਚਾਹੀਦਾ ਹੈ, ਕਾਰਪੋਰੇਟ ਲੋਨ ਵਿੱਚ ਬੈਂਕ ਅਫਸਰ – ਮੰਤਰੀ ਗਠਜੋੜ ਨੂੰ ਤਬਾਹ ਕਰਨਾ ਚਾਹੀਦਾ ਹੈ ਅਤੇ ਕਾਰਪੋਰੇਟ ਲੋਨ ਦੀ ਪ੍ਰਕ੍ਰਿਆ ਨੂੰ ਪਾਰਦਰਸ਼ੀ ਬਣਾਉਣਾ ਚਾਹੀਦਾ ਹੈ, ਤਾਂ ਕਿ ਅੱਗੇ ਕੋਈ ਆਰਥਿਕ ਭਗੌੜਾ ਬਨਣ ਦੀ ਹਿੰਮਤ ਨਾ ਕਰ ਸਕੇ| ਬੈਂਕਾਂ ਨੂੰ ਲੋਨ ਲੈਣ ਵਾਲਿਆਂ ਦੇ ਪਾਸਪੋਰਟ ਦੀ ਸਰਟੀਫਾਇਡ ਕਾਪੀ ਕੋਲ ਰੱਖਣੀ ਚਾਹੀਦੀ ਹੈ| ਕਾਰਪੋਰੇਟ ਨੂੰ ਲੋਨ ਦੇਣ ਦੀ ਗਲਤ ਪ੍ਰਕ੍ਰਿਆ ਦਾ ਹੀ ਨਤੀਜਾ ਹੈ ਕਿ ਅੱਜ ਐਨਪੀਏ 11 ਲੱਖ ਕਰੋੜ ਨੂੰ ਪਾਰ ਕਰ ਗਿਆ ਹੈ| ਐਨਪੀਏ ਘੋਸ਼ਿਤ ਕਰਨ ਦੇ ਨਿਯਮ ਵੀ ਬਦਲੇ ਜਾਣੇ ਚਾਹੀਦੇ ਹਨ|ਕਰਜ ਮੋੜਣ ਦੀ ਸਮਾਂ ਸੀਮਾ 90 ਦਿਨਾਂ ਦੀ ਬਜਾਏ ਇੱਕ ਸਾਲ ਕੀਤੀ ਜਾਣੀ ਚਾਹੀਦੀ ਹੈ|
ਵਿਨੋਦ ਕੌਸ਼ਿਕ

Leave a Reply

Your email address will not be published. Required fields are marked *