ਵਿਦਿਆਰਥੀਆਂ ਦੇ ਮਾਪਿਆਂ ਨੇ ਸੈਂਟ ਜੇਵੀਅਰ ਸਕੂਲ ਸੈਕਟਰ 71 ਦੇ ਬਾਹਰ ਦਿੱਤਾ ਧਰਨਾ

ਵਿਦਿਆਰਥੀਆਂ ਦੇ ਮਾਪਿਆਂ ਨੇ ਸੈਂਟ ਜੇਵੀਅਰ ਸਕੂਲ ਸੈਕਟਰ 71 ਦੇ ਬਾਹਰ ਦਿੱਤਾ ਧਰਨਾ
ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਪ੍ਰਾਈਵੇਟ ਸਕੂਲਾਂ ਖਿਲਾਫ ਕਾਰਵਾਈ ਦੀ ਮੰਗ
ਐਸ.ਏ.ਐਸ.ਨਗਰ, 19 ਅਗਸਤ (ਸ.ਬ.) ਸੈਂਟ ਜੇਵੀਅਰ ਸਕੂਲ ਸੈਕਟਰ 71 ਦੇ ਬਾਹਰ ਮਾਪਿਆਂ ਵੱਲੋਂ         ਪ੍ਰਾਈਵੇਟ ਸਕੂਲਾਂ ਦੇ ਵਿਰੁੱਧ ਰੋਸ ਧਰਨਾ ਲਗਾਇਆ ਗਿਆ| ਇਸ ਮੌਕੇ ਟ੍ਰਾਈਸਿਟੀ ਦੇ ਮਾਪਿਆਂ ਅਤੇ ਸਕੂਲ ਪੇਰੇਂਟਸ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਦਾਊਂ ਦੀ ਅਗਵਾਈ ਵਿੱਚ ਸੈਂਟ ਜੇਵੀਅਰ ਸਕੂਲ ਮੁਹਾਲੀ ਦੇ ਬਾਹਰ ਭਾਰੀ ਰੋਸ ਧਰਨਾ ਦਿੱਤਾ ਅਤੇ ਸਕੂਲ ਪ੍ਰਬੰਧਕਾ ਦੇ ਖਿਲਾਫ ਨਾਹਰੇਬਾਜੀ ਕੀਤੀ| 
ਇਸ ਮੌਕੇ ਸ੍ਰ. ਸਤਨਾਮ ਸਿੰਘ ਦਾਊਂ ਨੇ ਕਿਹਾ ਕਿ ਚੰਡੀਗੜ੍ਹ- ਮੁਹਾਲੀ ਅਤੇ ਪੰਚਕੂਲਾ ਦੇ ਸੈਂਟ ਜੇਵੀਅਰ ਸਕੂਲ ਨੇ ਅੱਜ ਵੀ ਦਰਜਨਾਂ ਬੱਚਿਆਂ ਨੂੰ ਫੀਸ ਮਾਫੀ ਦੀ ਅਰਜੀ ਦੇਣ ਤੋਂ ਬਾਅਦ ਮੁੜ ਪੜ੍ਹਾਉਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਅਦਾਲਤੀ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਜਿਸ ਤੋਂ ਪ੍ਰੇਸ਼ਾਨ ਹੋ ਕੇ ਟ੍ਰਾਈਸਿਟੀ ਦੇ ਮਾਪਿਆਂ ਅਤੇ ਸਕੂਲ ਪੇਰੇਂਟਸ          ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਵਲੋਂ ਇਹ ਧਰਨਾ ਦਿੱਤਾ ਜਾ ਰਿਹਾ ਹੈ|  
ਉਹਨਾਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਮਾਣਯੋਗ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਕੇ ਉਨ੍ਹਾਂ ਬੱਚਿਆਂ ਦੇ ਨਾਮ ਵੀ ਕੱਟੇ ਜਾ ਰਹੇ ਹਨ ਜੋ ਸਕੂਲਾਂ ਦੀਆਂ ਭਾਰੀ ਫੀਸਾਂ      ਦੇਣ ਤੋਂ ਅਸਮਰੱਥ ਹਨ ਅਤੇ ਇਨ੍ਹਾਂ ਮਾਪਿਆਂ ਨੇ ਮਾਣਯੋਗ ਹਾਈਕੋਰਟ ਦੇ ਹੁਕਮਾਂ ਮੁਤਾਬਿਕ ਸਕੂਲਾਂ ਨੂੰ ਫੀਸ ਮਾਫੀ ਦੀਆਂ ਅਰਜੀਆਂ ਦਿੱਤੀਆਂ ਹੋਈਆਂ ਹਨ ਪਰੰਤੂ ਸਰਕਾਰਾਂ ਅਤੇ ਪ੍ਰਾਈਵੇਟ ਸਕੂਲ ਮਾਫੀਏ ਦੀ ਮਿਲੀਭੁਗਤ ਕਾਰਨ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਜਿੰਮੇਵਾਰ ਇਹ ਪ੍ਰਾਈਵੇਟ ਸਕੂਲ ਹਨ|
ਉਹਨਾਂ ਕਿਹਾ ਕਿ ਪਿਛਲੇ ਦਿਨੀਂ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਫੀਸਾਂ ਨਾ ਦੇਣ ਕਾਰਨ ਸਕੂਲਾਂ ਵੱਲੋਂ ਜਲੀਲ ਕਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਅਤੇ ਕਈ ਜਾਗਰੂਕ ਮਾਪਿਆਂ ਵੱਲੋਂ ਇਨ੍ਹਾਂ ਘਟਨਾਵਾਂ ਦੀਆਂ ਸ਼ਿਕਾਇਤਾਂ ਫੀਸ ਰੈਗੂਲੇਟਰੀ ਕਮੇਟੀ ਦੇ ਮੁੱਖੀ (ਜੋ ਕਿ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਵੀ ਹਨ) ਕੋਲ ਭੇਜੀਆਂ ਗਈਆਂ ਹਨ| ਜਿਸਤੋਂ ਬਾਅਦ ਕਈ ਸਕੂਲਾਂ ਨੇ ਮਜਬੂਰਨ ਕਾਨੂੰਨਾਂ ਦੀ ਪਾਲਣਾ ਕਰਦੇ ਹੋਏ ਵਿਦਿਆਰਥੀਆਂ ਦੀ ਪੜ੍ਹਾਈ ਤੇ ਰੋਕ ਹਟਾ ਲਈ ਹੈ| 
ਇਸ ਮੌਕੇ ਫੈਸਲਾ ਕੀਤਾ ਗਿਆ ਕਿ ਅਜਿਹੇ ਧਰਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮਾਣਯੋਗ ਹਾਈਕੋਰਟ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਦੇ ਸਾਹਮਣੇ ਲਗਾਏ ਜਾਣਗੇ ਅਤੇ ਇਨ੍ਹਾਂ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਅਤੇ ਮਾਣਯੋਗ ਅਦਾਲਤ ਨੂੰ ਕੀਤੀ ਜਾਵੇਗੀ ਤਾਂ ਕਿ ਮਾਣਯੋਗ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਵਾਈ ਜਾ ਸਕੇ| 
ਇਸ ਤੋਂ ਇਲਾਵਾ ਇਨ੍ਹਾਂ ਸਕੂਲਾਂ ਖਿਲਾਫ ਮਾਪਿਆਂ ਵੱਲੋਂ ਇੱਕ ਦਸਤਖਤ ਮੁਹਿੰਮ ਪੂਰੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਖੇ ਚਲਾਈ ਜਾ ਰਹੀ ਹੈ ਜਿਸ ਅਧੀਨ ਲੱਖਾਂ ਮਾਪਿਆਂ ਦੇ ਦਸਤਖਤ ਕਰਵਾ ਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਭੇਜੇ ਜਾਣਗੇ ਤਾਂ ਕਿ ਇਨ੍ਹਾਂ ਸਕੂਲਾਂ ਖਿਲਾਫ ਯੋਗ ਕਾਰਵਾਈ ਹੋ ਸਕੇ| 
ਇਸ ਸਬੰਧੀ ਸਤਨਾਮ ਦਾਊਂ ਅਤੇ ਮਾਪਿਆਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਬੰਧ ਵਿੱਚ ਸਰਕਾਰ ਪੂਰਾ ਧਿਆਨ ਦੇ ਕੇ ਮਾਪਿਆਂ ਨੂੰ ਰਾਹਤ ਦਿਵਾਏ|

Leave a Reply

Your email address will not be published. Required fields are marked *