ਵਿਦਿਆਰਥੀਆਂ ਦੇ ਮਾਪਿਆਂ ਵਲੋਂ ਸਕੂਲ ਦੇ ਬਾਹਰ ਧਰਨਾ ਪ੍ਰਦਰਸ਼ਨ

ਐਸ.ਏ.ਐਸ. ਨਗਰ, 24 ਸਤੰਬਰ (ਸ.ਬ.) ਸਥਾਨਕ ਫੇਜ਼ 7 ਦੇ ਸੈਂਟ ਸੋਲਜਰ ਸਕੂਲ ਦੇ ਬਾਹਰ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਫੀਸਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ| ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਦੀਆਂ ਫੀਸਾਂ ਘਟਾਉਣ ਦੇ ਨਾ ਤੇ ਸਕੂਲ ਵਲੋਂ ਸਿਰਫ 200,300 ਅਤੇ 500 ਰੁਪਏ ਤੱਕ ਘਟਾ ਕੇ ਮਾਪਿਆਂ ਨਾਲ ਮਜਾਕ ਕੀਤਾ ਗਿਆ ਹੈ ਅਤੇ ਮਾਂਪਿਆਂ ਨੂੰ ਪੂਰੀ ਫੀਸ ਜਮ੍ਹਾਂ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ| 
ਇਸ ਮੌਕੇ ਪੰਜਾਬ ਅਗੇਂਸਟ ਕੁਰਪਸ਼ਨ ਦੇ ਪ੍ਰਧਾਨ ਸ੍ਰ. ਸਤਨਾਮ ਸਿੰਘ ਦਾਊਂ ਨੇ ਕਿਹਾ ਕਿ ਸਕੂਲਾਂ ਵਲੋਂ ਬੱਚਿਆਂ ਦੇ ਮਾਪਿਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਮਾਪਿਆਂ ਦੀ ਲੁੱਟ ਵੀ ਹੋ ਰਹੀ ਹੈ| ਸ੍ਰ. ਦਾਊਂ ਨੇ ਕਿਹਾ ਕਿ ਸਕੂਲ ਪ੍ਰੰਬਧਕਾਂ ਵਲੋਂ ਬੱਚਿਆਂ ਦੇ ਮਾਪਿਆਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਜੇਕਰ ਉਹ ਸਕੂਲਾਂ ਦੇ ਸਭ ਖਰਚੇ ਦੇਣਗੇ ਤਾਂ ਹੀ ਉਹ ਬੱਚਿਆਂ ਦੀ ਰਜਿਸਟ੍ਰੇਸ਼ਨ ਕਰਵਾਉਣਗੇ| ਉਹਨਾਂ ਕਿਹਾ ਕਿ ਜਿਨ੍ਹਾਂ ਮਾਪਿਆਂ ਨੇ ਫੀਸ ਮੁਆਫੀ ਲਈ ਐਪਲੀਕੇਸ਼ਨਾਂ ਦਿੱਤੀਆਂ ਹਨ, ਸਕੂਲ ਪ੍ਰੰਬਧਕਾਂ ਨੂੰ ਉਨ੍ਹਾਂ ਲਈ ਫੈਸਲਾ ਲੈਣਾ ਪਵੇਗਾ| ਉਹਨਾਂ ਕਿਹਾ ਕਿ ਸਕੂਲ ਪ੍ਰਬੰਧਕ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਮਾਪਿਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ|
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕੋਰੋਨਾ ਕਾਲ ਦੇ ਚਲਦੇ ਉਨ੍ਹਾਂ ਲਈ ਆਪਣੇ ਜਰੂਰੀ ਖਰਚਿਆਂ ਦੀ ਪੂਰਤੀ ਕਰਨੀ ਵੀ ਮੁਸ਼ਕਿਲ ਹੋ ਗਈ ਹੈ| ਉਹਨਾਂ ਕਿਹਾ ਕਿ ਅਦਾਲਤ ਦੇ ਹੁਕਮਾਂ ਅਨੁਸਾਰ ਜੋ ਮਾਪੇ ਫੀਸਾਂ               ਦੇਣ ਤੋਂ ਅਸਮਰਥ ਹਨ, ਉਹ ਸਕੂਲ ਵਿੱਚ ਅਰਜੀ ਦੇ ਸਕਦੇ ਹਨ ਜਿਸ ਆਧਾਰ ਤੇ ਉਨ੍ਹਾਂ ਦੀ ਫੀਸ ਮੁਆਫ ਕੀਤੀ ਜਾ ਸਕੇਗੀ| ਪਰਤੂੰ ਸਕੂਲ ਪ੍ਰੰਬਧਕਾਂ ਵਲੋਂ ਇਸਦੇ ਨਾਲ ਹੋਰ ਦਸਤਾਵੇਜ ਜਿਨ੍ਹਾਂ ਵਿੱਚ ਆਧਾਰ ਕਾਰਡ, ਬੈਂਕ ਸਟੇਟਮੇਂਟ, ਪਾਸਬੁੱਕ ਅਤੇ ਆਈ.ਟੀ.ਆਰ. ਦੀ ਮੰਗ ਕੀਤੀ ਜਾ ਰਹੀ ਹੈ| ਉਹਨਾਂ ਕਿਹਾ ਕਿ ਸਕੂਲ ਪ੍ਰਸ਼ਾਸ਼ਨ ਵਲੋਂ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਵਾਰ-ਵਾਰ ਫੋਨ ਕਰਕੇ ਉਨ੍ਹਾਂ ਤੋਂ ਫੀਸ ਜਮਾਂ ਕਰਵਾਉਣ ਦੀ ਮੰਗ ਕੀਤੀ ਜਾਂਦੀ ਹੈ ਅਤੇ ਨਾਲ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਉਹ ਫੀਸਾਂ ਨਹੀਂ ਦੇਣਗੇ ਤਾਂ ਉਨ੍ਹਾਂ ਦੀ ਸੀ.ਬੀ.ਐਸ.ਈ. ਦੀ ਰਜਿਸਟ੍ਰੇਸ਼ਨ ਨਹੀਂ ਕਰਵਾਈ ਜਾਵੇਗੀ ਅਤੇ ਜੇਕਰ ਰਜਿਸਟਰੇਸ਼ਨ ਨਾ ਹੋਈ ਤਾਂ ਬੱਚਿਆਂ ਦਾ ਪੂਰਾ ਸਾਲ ਹੀ ਖਰਾਬ ਹੋ ਜਾਵੇਗਾ| ਉਹਨਾਂ ਮੰਗ ਕੀਤੀ ਕਿ ਬੱਚਿਆਂ ਦੇ ਭਵਿੱਖ ਨਾਲ ਅਜਿਹਾ ਖਿਲਵਾੜ ਬੰਦ ਕੀਤਾ ਜਾਵੇ|  ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਨਿਯਮਾਂ ਦੀ ਉਲੰਘਣਾ ਕਰਨ ਤੇ ਜਿਵੇਂ ਮੰਡੀ ਗੋਬਿੰਦਗੜ੍ਹ ਦੇ ਸਕੂਲ ਦੀ ਐਨ.ਓ.ਸੀ. ਰੱਦ ਕੀਤੀ ਗਈ,ਉਸੇ ਤਰਜ ਤੇ ਇਸ ਸਕੂਨ ਖਿਲਾਫ ਬਣਦੀ ਕਾਰਵਾਈ ਕਰਕੇ ਇਸਦੀ ਐਨ.ਓ.ਸੀ. ਰੱਦ ਕੀਤੀ             ਜਾਵੇ|

Leave a Reply

Your email address will not be published. Required fields are marked *