ਵਿਦਿਆਰਥੀਆਂ ਨੂੰ ਸਮਾਰਟ ਮੋਬਾਇਲ ਫੋਨ ਸੌਂਪੇ

ਐਸ ਏ ਐਸ ਨਗਰ, 19 ਸਤੰਬਰ  (ਸ.ਬ.) ਪੰਜਾਬ ਸਮਾਰਟ ਕਨੈਕਟ ਯੋਜਨਾ ਤਹਿਤ  ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ  ਸਥਾਨਕ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3ਬੀ1 ਵਿਖੇ ਆਯੋਜਿਤ ਇੱਕ ਸਾਧਾਰਨ ਪ੍ਰੋਗਰਾਮ ਵਿੱਚ ਸਰਕਾਰੀ ਸਕੂਲਾਂ ਦੇ ਬਾਰ੍ਹਵੀਂ ਜਮਾਤ ਦੇ  ਵਿਦਿਆਰਥੀਆਂ ਨੂੰ 2096 ਸਮਾਰਟ ਫੋਨ ਸੌਂਪੇ| ਕੋਵਿਡ ਸਬੰਧੀ ਸੁਰੱਖਿਆ ਪ੍ਰੋਟੋਕੋਲ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਦਿਆਰਥੀਆਂ ਤੱਕ ਫੋਨ ਪਹੁੰਚਾਉਣ ਲਈ ਜਿਲ੍ਹੇ ਦੇ ਵੱਖ ਵੱਖ 9 ਸਕੂਲਾਂ ਦੇ ਪ੍ਰਿੰਸੀਪਲਾਂ ਸਮੇਤ 9 ਵਿਦਿਆਰਥੀਆਂ ਨੂੰ ਸਮਾਗਮ ਵਿੱਚ ਸ਼ਾਮਲ ਕਰਕੇ ਸਮਾਰਟ ਫੌਨ ਸੌਂਪੇ ਗਏ|
ਇਸ ਮੌਕੇ ਸੰਬੋਧਨ ਕਰਦਿਆਂ ਸ. ਸਿੱਧੂ  ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤਾ ਇਕ ਹੋਰ ਵਾਅਦਾ ਪੂਰਾ ਕੀਤਾ ਹੈ| ਉਹਨਾਂ ਕਿਹਾ ਕਿ ਕੋਵਿਡ-19 ਦੇ ਮੁਸ਼ਕਿਲ ਸਮੇਂ ਵਿੱਚ ਇਹ ਫੋਨ ਵਿਦਿਆਰਥੀਆਂ ਨੂੰ ਡਿਜ਼ੀਟਲ ਸਿਖਲਾਈ ਦੀ ਸਹੂਲਤ ਦੇਣਗੇ ਅਤੇ  ਉਨ੍ਹਾਂ ਨੂੰ ਆਪਣੇ ਕੋਰਸ ਨਾਲ ਸਬੰਧਤ ਜਾਣਕਾਰੀ ਪ੍ਰਾਪਤ ਕਰਨ ਦੇ ਯੋਗ ਬਣਾਉਣਗੇ|
ਉਹਨਾਂ ਕਿਹਾ ਕਿ ਇਸਦੇ ਨਾਲ ਹੀ ਨੌਜਵਾਨਾਂ ਕੋਲ ਆਨਲਾਈਨ ਨਾਗਰਿਕ ਸੇਵਾਵਾਂ ਪ੍ਰਾਪਤ ਕਰਨ ਦੇ ਸਾਧਨ ਹੋਣਗੇ ਅਤੇ ਉਹ ਸਰਕਾਰ ਦੀਆਂ ਪ੍ਰਮੁੱਖ ਸਕੀਮਾਂ ਘਰ-ਘਰ ਰੋਜ਼ਗਾਰ ਅਤੇ ਕਰੋਬਾਰ ਅਧੀਨ ਰੁਜ਼ਗਾਰ ਦੇ ਮੌਕੇ, ਰੋਜ਼ਗਾਰ ਮੇਲੇ ਅਤੇ ਭਰਤੀ ਮੁਹਿੰਮਾਂ ਦਾ ਲਾਭ ਲੈਣ ਦੇ ਯੋਗ ਹੋਣਗੇ| ਇਸ ਤੋਂ ਇਲਾਵਾ, ਡਿਜ਼ੀਟਲ ਸਾਖਰਤਾ ਵਿੱਚ ਸੁਧਾਰ ਦੇ ਨਾਲ, ਨੌਜਵਾਨ ਡਿਜ਼ੀਟਲ ਭੁਗਤਾਨ, ਬੀਮਾ, ਆਨਲਾਈਨ ਬੈਂਕਿੰਗ ਆਦਿ ਦਾ ਵੀ ਲਾਭ ਲੈ ਸਕਣਗੇ| ਉਨ੍ਹਾਂ ਦੱਸਿਆ ਕਿ ਸਮਾਰਟ ਫੋਨਾਂ ਵਿਚ ਐਮ ਸੇਵਾ ਅਤੇ ਕੈਪਟਨ ਕਨੈਕਟ ਐਪਸ ਪਹਿਲਾ ਹੀ ਇੰਸਟਾਲ ਹਨ|
ਇਸ ਮੌਕੇ ਸ. ਸਿੱਧੂ ਨੇ ਕਿਹਾ ਕਿ ਪੰਜਾਬ ਸਕਰਾਰ ਵੱਲੋਂ ਸ਼ੁਰੂ ਕੀਤੀ ਗਈ ਸਮਾਰਟ ਸਕੂਲਾਂ ਦੀ ਸਕੀਮ ਬਹੁਤ ਕਾਮਯਾਬ ਰਹੀ ਹੈ| ਇਨ੍ਹਾਂ ਸਕੂਲਾਂ ਰਾਹੀਂ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਤੀਜੇ ਉੱਚ ਦਰਜੇ ਵਿੱਚ ਆ ਰਹੇ ਹਨ ਅਤੇ ਵਿਦਿਆਰਥੀਆਂ ਵੱਲੋਂ ਇਨ੍ਹਾਂ ਸਕੂਲਾਂ ਵਿੱਚ ਦਾਖਲਾ ਲੈਣ ਵਿੱਚ ਰੁਝਾਨ ਵਧਦਾ ਜਾ ਰਿਹਾ ਹੈ| ਉਨ੍ਹਾਂ ਦੱਸਿਆ ਕਿ  ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਅਤੇ ਬੁਨਿਆਦੀ ਢਾਂਚੇ ਤੇ ਕਰੋੜਾਂ ਰੁਪਏ ਖਰਚ ਕਰਕੇ ਇਨ੍ਹਾਂ ਦੀ ਦਿੱਖ ਨਿੱਜੀ ਖੇਤਰ ਦੇ ਸਕੂਲਾਂ ਤੋਂ ਵੀ ਵੱਧ ਉਚ ਦਰਜੇ ਦੀ ਬਣਾਈ ਜਾ ਰਹੀ ਹੈ, ਜਿਥੇ ਆਧੁਨਿਕ ਤਕਨੀਕਾਂ ਦੀ ਪੂਰੀ ਸਹੂਲਤ ਵਿਦਿਆਰਥੀਆਂ ਨੂੰ               ਮਿਲੇਗੀ|  
ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਦੇ ਰਾਜਨੀਤਿਕ ਸਕੱਤਰ ਅਤੇ ਚੇਅਰਮੈਨ ਮਾਰਕੀਟ ਕਮੇਟੀ ਖਰੜ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਸਾਬਕਾ ਕੌਸਲਰ ਕੁਲਜੀਤ ਸਿੰਘ ਬੇਦੀ, ਐਸ. ਡੀ. ਐਮ ਮੁਹਾਲੀ  ਜਗਦੀਪ ਸਹਿਗਲ, ਸਬ ਰਜਿਸਟਰਾਰ ਰਵਿੰਦਰ  ਬਾਂਸਲ, ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਹਿੰਮਤ  ਸਿੰਘ ਹੁੰਦਲ, ਡਿਪਟੀ ਜਿਲ੍ਹਾ ਸਿੱਖਿਆ  ਅਫਸਰ (ਸੈ.ਸਿੱ) ਰਵਿੰਦਰ  ਕੌਰ, ਗੁਰਪ੍ਰੀਤ ਕੌਰ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 3ਬੀ1 ਦੀ ਪ੍ਰਿੰਸੀਪਲ ਸੁਖਵਿੰਦਰ ਕੌਰ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਦੀ ਪ੍ਰਿੰਸੀਪਲ ਚਰਨਜੀਤ ਕੌਰ, ਪ੍ਰਿੰਸੀਪਲ (ਖਰੜ) ਭੁਪਿੰਦਰ ਸਿੰਘ, ਪ੍ਰਿੰਸੀਪਲ (ਸਮਗੌਲੀ)ਅਮਰਬੀਰ ਸਿੰਘ, ਪ੍ਰਿੰਸੀਪਲ (ਲੋਹਗੜ੍ਹ) ਰਾਜਵੰਤ ਸਿੰਘ, ਪ੍ਰਿੰਸੀਪਲ (ਡੇਰਾਬਸੀ) ਅਲਕਾ ਮੌਗ, ਪ੍ਰਿੰਸੀਪਲ (ਬਨੂੰੜ) ਅਮਿਤ ਭਾਰਦਵਾਜ, ਪ੍ਰਿੰਸੀਪਲ (ਫੇਜ਼ 11 ਮੁਹਾਲੀ) ਪਰਮਜੀਤ ਕੌਰ  ਅਤੇ ਮੈਰੀਟੋਰੀਅਸ ਸੀਨੀਅਰ ਸੈਕੰਡਰੀ ਸਕੂਲ ਸੈਕਟਰ 70 ਐਸ.ਏ.ਐਸ ਨਗਰ ਦੀ ਪ੍ਰਿੰਸੀਪਲ ਰਿਤੂ ਸ਼ਰਮਾ, ਪੀ.ਟੀ.ਆਈ ਹਰਬੰਸ ਸਿੰਘ ਅਤੇ ਹੋਰ ਅਧਿਆਪਕ ਤੇ ਬੱਚੇ ਵੀ ਮੌਜੂਦ ਸਨ|

Leave a Reply

Your email address will not be published. Required fields are marked *