ਵਿਦਿਆਰਥੀਆਂ ਵਿੱਚ ਗੱਲਬਾਤ ਦੀ ਕਲਾ ਨੂੰ ਉਤਸ਼ਾਹਿਤ ਕਰਨ ਲਈ ਸਕੂਲ ਨੇ ਮੋਬਾਈਲ ਫੋਨ ਦੀ ਵਰਤੋਂ ਤੇ ਲਾਈ ਪਾਬੰਦੀ

ਨੋਵਾ ਸਕੋਸ਼ੀਆ, 24 ਫਰਵਰੀ (ਸ.ਬ.) ਕੈਨੇਡਾ ਦੇ ਨੋਵਾ ਸਕੋਸ਼ੀਆ ਦੇ ਇਕ ਜੂਨੀਅਰ ਹਾਈ ਸਕੂਲ ਨੇ ਵਿਦਿਆਰਥੀਆਂ ਤੇ ਸਕੂਲ ਦੇ ਸਮੇਂ ਵਿਚ ਫੋਨ ਵਰਤਣ ਤੇ ਇਕ ਹਫਤੇ ਦੀ ਪਾਬੰਦੀ ਲਗਾ ਦਿੱਤੀ ਹੈ ਤਾਂ ਜੋ ਇਹ ਬੱਚੇ ਗੱਲਬਾਤ ਦੀ ਕਲਾ ਬਾਰੇ ਜਾਣ ਸਕਣ| ਇਸ ਸਮਾਜਕ ਪ੍ਰਯੋਗ ਦੇ ਅਧੀਨ ਹੈਰਿੰਗ ਕੋਵ ਜੂਨੀਅਰ ਹਾਈ ਸਕੂਲ ਨੇ ਵਿਦਿਆਰਥੀਆਂ ਨੂੰ ਇਕ ਹਫਤੇ ਲਈ ਆਪਣੇ ਮੋਬਾਈਲ ਘਰ ਰੱਖ ਕੇ ਆਉਣ ਲਈ ਕਿਹਾ ਹੈ| ਇਹ ਵਿਚਾਰ ਸਭ ਤੋਂ ਪਹਿਲਾਂ ਸਕੂਲ ਦੀ ਇਕ ਅਧਿਆਪਿਕਾ ਜੈਮੀ ਲਿਨ ਦੇ ਦਿਮਾਗ ਵਿਚ ਆਇਆ| ਪਹਿਲਾਂ ਉਹ ਆਪਣੀ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਤੇ ਮੋਬਾਈਲ ਵਰਤਣ ਸੰਬੰਧੀ ਪਾਬੰਦੀ ਲਗਾ ਰਹੀ ਸੀ ਪਰ ਹੌਲੀ-ਹੌਲੀ ਇਸ ਵਿਚ ਪੂਰੇ ਸਕੂਲ ਦੇ ਵਿਦਿਆਰਥੀਆਂ ਨੂੰ ਸ਼ਾਮਲ ਕਰ ਲਿਆ ਗਿਆ|
ਅਧਿਆਪਿਕਾ ਲਿਨ ਨੇ ਕਿਹਾ ਕਿ ਇਸ ਪਾਬੰਦੀ ਤੋਂ ਬਾਅਦ ਬੱਚਿਆਂ ਵਿਚ ਮੋਬਾਈਲ ਦੀ ਵਰਤੋਂ ਨੂੰ ਲੈ ਕੇ ਕਾਹਲਾਪਣ ਦਿਖਾਈ ਦੇ ਰਿਹਾ ਹੈ| ਕੁਝ ਵਿਦਿਆਰਥੀਆਂ ਨੇ ਤਾਂ ਇਸ ਪਾਬੰਦੀ ਦਾ ਹਿੱਸਾ ਬਣਨ ਤੋਂ ਇਨਕਾਰ ਤੱਕ ਕਰ ਦਿੱਤਾ ਹੈ| ਸਕੂਲ ਵਿਚ ਤਕਰੀਬਨ 220 ਵਿਦਿਆਰਥੀ ਹਨ, ਜਿਨ੍ਹਾਂ ਵਿੱਚੋਂ ਦਰਜਨਾ ਬੱਚੇ ਪਾਬੰਦੀ ਦੇ ਖਿਲਾਫ ਜਾ ਕੇ ਫੋਨ ਲੈ ਕੇ ਆਏ| ਲਿਨ ਨੇ ਕਿਹਾ ਕਿ ਇਹ ਪਾਬੰਦੀ ਦਾ ਪਹਿਲਾਂ ਦਿਨ ਹੈ ਅਤੇ ਉਸ ਨੂੰ ਉਮੀਦ ਹੈ ਕਿ ਅਗਲੇ ਦਿਨਾਂ ਵਿਚ ਇਸ ਦਾ ਵਧੀਆ ਅਸਰ ਵਿਦਿਆਰਥੀਆਂ ਤੇ ਦੇਖਣ ਨੂੰ ਮਿਲੇਗਾ ਅਤੇ ਉਹ ਮੋਬਾਈਲ ਫੋਨ ਦੀ ਵਰਤੋਂ ਦੀ ਥਾਂ ਤੇ ਆਪਣੇ ਸਾਥੀਆਂ ਨਾਲ ਗੱਲਬਾਤ ਕਰਨ ਨੂੰ ਤਰਜੀਹ ਦੇਣਗੇ| ਲਿਨ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਬੱਚਿਆਂ ਨੂੰ ਹਰ ਸਮੇਂ ਮੋਬਾਈਲ ਫੋਨ ਤੇ ਲੱਗੇ ਰਹਿਣ ਦੀ ਥਾਂ ਤੇ ਹੋਰ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਸਰਬਪੱਖੀ ਵਿਕਾਸ ਹੋ         ਸਕੇ|

Leave a Reply

Your email address will not be published. Required fields are marked *