ਵਿਦਿਆਰਥੀਆਂ ਵੱਲੋਂ ਵੋਟਰ ਜਾਗਰੂਕਤਾ ਰੈਲੀ ਦਾ ਆਯੋਜਨ

ਐਸ.ਏ.ਐਸ. ਨਗਰ, 15 ਮਈ (ਸ.ਬ.) ਪੁਲੀਸ ਪਬਲਿਕ ਸਕੂਲ, ਕਮਾਂਡੋ ਕੰਪਲੈਕਸ ਫੇਜ਼-11 ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਅੱਜ ਵੋਟਰ ਜਾਗਰੂਕਤਾ ਰੈਲੀ ਕਰਵਾਈ, ਜਿਸ ਵਿੱਚ ਸਕੂਲ ਦੇ ਲਗਪਗ 200 ਵਿਦਿਆਰਥੀਆਂ ਨੇ ਹਿੱਸਾ ਲਿਆ| ਇਹ ਰੈਲੀ ਫੇਜ਼-11 ਦੇ ਕਮਾਂਡੋ ਕੰਪਲੈਕਸ ਤੋਂ ਹੁੰਦੀ ਹੋਈ ਨਾਲ ਲੱਗਦੀਆਂ ਕੋਠੀਆਂ, ਫੇਜ਼-11 ਦੀ ਮਾਰਕੀਟ ਅਤੇ ਨੇਬਰਹੁੱਡ ਪਾਰਕ ਤੋਂ ਹੁੰਦੀ ਹੋਈ ਵਾਪਸ ਕਮਾਂਡੋ ਕੰਪਲੈਕਸ ਪਹੁੰਚ ਕੇ ਸਮਾਪਤ ਹੋਈ|
ਰੈਲੀ ਦੌਰਾਨ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਨ੍ਹਾਂ ਥਾਵਾਂ ਤੇ ਮੌਜੂਦ ਲੋਕਾਂ ਨੂੰ ਵੋਟ ਦੀ ਮਹੱਤਤਾ ਦੱਸਦੇ ਹੋਏ 19 ਮਈ ਨੂੰ ਆਪਣੇ ਵੋਟ ਦੇ ਹੱਕ ਦੀ ਸਹੀ ਵਰਤੋਂ ਕਰਨ ਲਈ ਜਾਗਰੂਕ ਕੀਤਾ| ਵਿਦਿਆਰਥੀਆਂ ਨੇ ਲੋਕਾਂ ਨੂੰ ਵੋਟ ਪਾਉਣ ਲਈ ਜਾਗਰੂਕ ਕਰਨ ਵਾਸਤੇ ਆਪਣੇ ਹੱਥਾਂ ਵਿੱਚ ਪੋਸਟਰ, ਬੈਨਰ ਅਤੇ ਝੰਡੀਆਂ ਫੜੀਆਂ ਹੋਈਆਂ ਸਨ| ਆਮ ਲੋਕਾਂ ਨੇ ਇਸ ਵੋਟਰ ਜਾਗਰੂਕਤਾ ਰੈਲੀ ਦੀ ਭਰਪੂਰ ਸ਼ਲਾਘਾ ਕੀਤੀ| ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਨੇ ਗਿੱਧਾ ਵੀ ਪਾਇਆ, ਜਿਸ ਉਨ੍ਹਾਂ ‘ਚੁਣਨੀ ਏ ਸਰਕਾਰ ਵੋਟਾਂ ਪਾਉਣੀਆਂ ਨੇ’ ਅਤੇ ‘ਵੰਡਦੇ ਸ਼ਰਾਬ ਅਤੇ ਨੋਟ ਜੋ ਪੰਜਾਬੀਓ, ਉਨ੍ਹਾਂ ਨੂੰ ਨੀ ਪਾਉਣੀ ਅਸਾਂ ਵੋਟ ਵੇ ਪੰਜਾਬੀਓ’ ਆਦਿ ਬੋਲੀਆਂ ਪਾ ਕੇ ਲੋਕਾਂ ਨੂੰ ਸੋਚ-ਸਮਝ ਕੇ ਵੋਟਾਂ ਪਾਉਣ ਦਾ ਹੋਕਾ ਦਿੱਤਾ| ਸਕੂਲ ਪ੍ਰਿੰਸੀਪਲ ਸ੍ਰੀਮਤੀ ਮਨਵਿੰਦਰ ਬਾਜਵਾ ਨੇ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਾਪਿਆਂ ਅਤੇ ਆਂਢ-ਗੁਆਂਢ ਅਤੇ ਰਿਸ਼ਤੇਦਾਰਾਂ ਨੂੰ 19 ਮਈ ਨੂੰ ਆਪਣੇ ਵੋਟ ਦੀ ਸਹੀ ਵਰਤੋਂ ਕਰਨ ਬਾਰੇ ਜਾਗਰੂਕ ਕਰਨ ਲਈ ਕਿਹਾ|

Leave a Reply

Your email address will not be published. Required fields are marked *