ਵਿਦਿਆ ਨਗਰ ਦੇ ਸਾਹਮਣੇ ਨੈਸ਼ਨਲ ਹਾਈਵੇ ਉੱਪਰ ਉਲਟਿਆ ਟਰੈਕਟਰ

ਪਟਿਆਲਾ, 10 ਫਰਵਰੀ (ਸ.ਬ.) ਬੀਤੀ ਰਾਤ ਪਟਿਆਲਾ ਚੰਡੀਗੜ੍ਹ ਨੈਸ਼ਨਲ ਹਾਈਵੇ ਉੱਪਰ ਪੰਜਾਬੀ ਯੂਨੀਵਰਸਿਟੀ ਦੇ ਨੇੜੇ ਵਿਦਿਆ ਨਗਰ ਦੇ ਮੌੜ ਦੇ ਨਜਦੀਕ ਇਕ ਟਰੈਕਟਰ ਰੇਲਿੰਗ ਨਾਲ ਟਕਰਾ ਕੇ ਉਲਟ ਗਿਆ| ਜਿਸ ਕਾਰਨ ਟ੍ਰੈਕਟਰ ਦਾ ਕਾਫੀ ਨੁਕਸਾਨ ਹੋ ਗਿਆ ਅਤੇ ਸੜਕ ਉੱਪਰ ਟ੍ਰੈਕਟਰ ਵਿੱਚੋਂ ਡੀਜਲ ਨਿਕਲ ਕੇ ਖਿੱਲਰ ਗਿਆ| ਇਸ ਟ੍ਰੈਕਟਰ ਦੇ ਡ੍ਰਾਈਵਰ ਦੇ ਵੀ ਕੁੱਝ ਸੱਟਾਂ ਵਜੀਆਂ|
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਟ੍ਰੈਕਟਰ ਪਟਿਆਲਾ ਸ਼ਹਿਰ ਤੋਂ ਪੰਜਾਬੀ ਯੂਨੀਵਰਸਿਟੀ ਵੱਲ ਬੀਤੀ ਰਾਤ ਜਾ ਰਿਹਾ ਸੀ ਜਦੋਂ ਇਹ ਟ੍ਰੈਕਟਰ ਵਿਦਿਆ ਨਗਰ ਨੇੜੇ ਪਹੁੰਚਿਆ ਤਾਂ ਚਾਲਕ ਦੇ ਕੰਟਰੋਲ ਤੋਂ ਬਾਹਰ ਹੋ ਕੇ ਸੱਜੇ ਪਾਸੇ ਦੀ ਰੇਲਿੰਗ ਨਾਲ ਟਕਰਾ ਕੇ ਉਲਟ ਗਿਆ| ਹੈਰਾਨੀ ਤਾਂ ਇਸ ਗੱਲ ਦੀ ਸੀ ਕਿ ਟ੍ਰੈਕਟਰ ਉਲਟੇ ਪਾਸੇ ਦੀ ਰੇਲਿੰਗ ਨਾਲ ਟਕਰਾ ਕੇ ਉਲਟਿਆ ਹੋਇਆ ਸੀ ਜਿਸ ਤੋਂ ਅੰਦਾਜਾ ਲਗਾਇਆ ਜਾ ਰਿਹਾ ਸੀ ਕਿ ਇਹ ਟ੍ਰੈਕਟਰ ਉਲਟੇ ਪਾਸੇ ਜਾ ਰਿਹਾ ਸੀ| ਜਿਸ ਥਾਂ ਇਹ ਟ੍ਰੈਕਟਰ ਉਲਟਿਆ, ਉਸ ਤੋਂ ਥੋੜੀ ਦੂਰ ਹੀ ਪੰਜਾਬੀ ਯੂਨੀਵਰਸਿਟੀ ਵਾਲਾ ਫਲਾਈ ਓਵਰ ਸ਼ੁਰੂ ਹੋ ਜਾਂਦਾ ਹੈ| ਇਸ ਫਲਾਈਓਵਰ ਕਾਰਨ ਹੀ ਇਸ ਮੁੱਖ ਸੜਕ ਦੇ ਦੋਵੇਂ ਪਾਸੇ ਰੇਲਿੰਗ ਲਗਾਈ ਹੋਈ ਹੈ ਅਤੇ ਮੁੱਖ ਸੜਕ ਦੇ ਦੋਵੇਂ ਪਾਸੇ ਸਲਿਪ ਰੋਡ ਬਣੀਆਂ ਹੋਈਆਂ ਹਨ| ਇਹ ਮੁੱਖ ਸੜਕ ਸਲਿਪ ਰੋਡਾਂ ਤੋਂ 3 ਫੁੱਟ ਉੱਚੀ ਹੈ| ਰੇਲਿੰਗ ਲੱਗਣ ਤੋਂ ਪਹਿਲਾਂ ਵੀ ਇਥੇ ਬਹੁਤ ਹਾਦਸੇ ਵਾਪਰਦੇ ਰਹੇ ਹਨ ਕਿਉਂਕਿ ਮੁੱਖ ਸੜਕ ਸਲਿਪ ਰੋਡ ਤੋਂ ਉਚੀ ਹੈ, ਜੋ ਕਿ ਰਾਤ ਸਮੇਂ ਵਾਹਨ ਚਾਲਕਾਂ ਨੂੰ ਨਜਰ ਨਹੀਂ ਆਉਂਦੀ ਅਤੇ ਵਿਦਿਆ ਨਗਰ ਆਉਣ ਵਾਲੇ ਵਾਹਨ ਮੁੱਖ ਰੋਡ ਤੋਂ ਜਦੋਂ ਸਲਿਪ ਰੋਡ ਉਪਰ ਆਉਂਦੇ ਸਨ ਤਾਂ ਉਹਨਾਂ ਦੇ ਵਾਹਨ ਮੁੱਖ ਸੜਕ ਤੋਂ ਇਕ ਦਮ ਹੀ ਸਿੱੱਧਾ 3 ਫੁੱਟ ਹੇਠਾਂ ਡਿਗਦੇ ਸਨ ਤੇ ਵਾਹਨਾਂ ਦਾ ਅਤੇ ਵਾਹਨਾਂ ਵਿਚ ਬੈਠੇ ਲੋਕਾਂ ਦਾ ਨੁਕਸਾਨ ਹੋ ਜਾਂਦਾ ਸੀ| ਇਸ ਤਰ੍ਹਾਂ ਦੇ ਹਾਦਸੇ ਰੋਕਣ ਲਈ ਹੀ ਮੁੱਖ ਸੜਕ ਦੇ ਦੋਵੇਂ ਪਾਸੇ ਸਮਿੰਟ ਦੀ ਰੇਲਿੰਗ ਬਣਾਈ ਗਈ ਹੈ ਪਰ ਬੀਤੀ ਰਾਤ ਇਹ ਟ੍ਰੈਕਟਰ ਸਮਿੰਟ ਦੀ ਬਣਾਈ ਪੱਕੀ ਰੇਲਿੰਗ ਨੂੰ ਤੋੜ ਕੇ ਹੀ ਉਲਟੇ ਪਾਸੇ ਉਲਟ ਗਿਆ|

Leave a Reply

Your email address will not be published. Required fields are marked *