ਵਿਦੇਸ਼ਾਂ ਦੇ ਸਖਤ ਕਾਨੂੰਨ ਵੀ ਠੱਲ ਨਹੀਂ ਪਾ ਸਕੇ ਪਰਵਾਸ ਨੂੰ

ਐਸ.ਏ.ਐਸ.ਨਗਰ, 25 ਅਪ੍ਰੈਲ (ਜਗਮੋਹਨ ਸਿੰਘ) ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ 7 ਮੁਸਲਿਮ ਦੇਸ਼ਾਂ ਦੇ ਵਸਨੀਕਾਂ ਦੇ ਅਮਰੀਕਾ ਆਉਣ ਉਪਰ ਪਾਬੰਦੀ ਲਗਾਉਣ ਦੇ ਨਾਲ ਹੀ ਅਮਰੀਕਾ ਵਿੱਚ ਜਾ ਰਹੇ ਪਰਵਾਸੀਆਂ ਨੂੰ ਰੋਕਣ ਲਈ ਵੀਜ਼ਾ ਨਿਯਮ ਬਹੁਤ ਸਖਤ ਬਣਾ ਦਿਤੇ ਹਨ, ਜਿਸ ਕਾਰਨ ਅਮਰੀਕਾ ਵਰਗੇ ਮੁਲਕ ਵਿੱਚ ਦੂਜੇ ਦੇਸ਼ਾਂ ਦੇ ਵਸਨੀਕਾਂ ਲਈ ਜਾਣਾ ਬਹੁਤ ਮੁਸ਼ਕਿਲ ਹੋ ਗਿਆ ਹੈ| ਅਮਰੀਕਾ ਦੀ ਦੇਖਾ ਦੇਖੀ ਕੁਝ ਹੋਰ ਮੁਲਕਾਂ ਨੇ ਵੀ ਆਪਣੇ ਵੀਜਾ ਨਿਯਮ ਕਾਫੀ ਸਖਤ ਕਰ ਦਿਤੇ ਹਨ| ਇਸਦੇ ਬਾਵਜੂਦ ਭਾਰਤ ਵਰਗੇ ਮੁਲਕਾਂ ਵਿਚੋਂ ਦੂਜੇ ਦੇਸ਼ਾਂ ਵਿੱਚ ਹੋ ਰਹੇ ਪਰਵਾਸ ਵਿੱਚ ਕੋਈ ਕਮੀ ਨਹੀਂ ਆਈ|
ਇਹ ਜਿਕਰਯੋਗ ਹੈ ਕਿ ਜਾਇਜ ਤਰੀਕੇ ਨਾਲ ਹੋ ਰਹੇ ਪਰਵਾਸ ਦੇ ਨਾਲ ਨਾਲ ਗੈਰ ਕਾਨੂੰਨੀ ਪਰਵਾਸ ਵੀ ਜਾਰੀ ਹੈ ਜੋ ਕਿ ਪੂਰੀ ਦੂਨੀਆਂ ਲਈ ਗੰਭੀਰ ਸਮੱਸਿਆ ਬਣ ਗਿਆ ਹੈ| ਪੰਜਾਬ ਵਿੱਚ ਤਾਂ ਇਹ ਹਾਲ ਹੈ ਕਿ ਹਰ ਪੰਜਾਬੀ ਮੁੰਡਾ ਕੁੜੀ ਕਿਸੇ ਨਾ ਕਿਸੇ ਤਰੀਕੇ ਨਾਲ ਵਿਦੇਸ਼ ਉਡਾਰੀ ਮਾਰਨਾ ਚਾਹੁੰਦੇ ਹਨ| ਮੁਹਾਲੀ, ਚੰਡੀਗੜ੍ਹ ਅਤੇ ਹੋਰ ਸ਼ਹਿਰਾਂ ਵਿੱਚ ਪੜਦੇ ਵੱਡੀ ਗਿਣਤੀ ਮੁੰਡੇ ਕੁੜੀਆਂ ਆਈਲੈਟਸ ਕਰ ਰਹੇ ਹਨ ਅਤੇ ਸਟੱਡੀ ਬੇਸ ਉਪਰ ਵਿਦੇਸ਼ ਜਾ ਰਹੇ ਹਨ| ਜਿਹੜੇ ਵਿਦਿਆਰਥੀ ਅਤੇ ਨੌਜਵਾਨ ਜਾਇਜ ਤਰੀਕੇ ਨਾਲ ਵਿਦੇਸ਼ ਜਾ ਰਹੇ ਹਨ, ਉਹ ਤਾਂ ਉਥੇ ਜਾ ਕੇ ਕਿਸੇ ਕੰਮ ਧੰਦੇ ਲੱਗ ਜਾਂਦੇ ਹਨ ਪਰ ਜਿਹੜੇ ਨੌਜਵਾਨ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਂਦੇ ਹਨ ਜਾਂ ਤਾਂ ਰਾਹ ਵਿੱਚ ਹੀ ਰਹਿ ਜਾਂਦੇ ਹਨ ਜਾਂ ਫਿਰ ਉਹਨਾਂ ਨਾਲ ਮਾਲਵਾ ਕਾਂਡ ਵਰਗੇ ਕਾਂਡ ਵਾਪਰ ਜਾਂਦੇ ਹਨ| ਇਹ ਵੀ ਵੇਖਣ ਵਿੱਚ ਆਇਆ ਹੈ ਕਿ ਕਈ ਨੌਜਵਾਨ ਨਕਲੀ ਵਿਆਹ ਕਰਵਾ ਕੇ ਵਿਦੇਸ਼ ਜਾ ਪਹੁੰਚਦੇ ਹਨ, ਜਿਥੇ ਕਿ ਉਹ ਕੀਤੇ ਸਮਝੌਤੇ ਅਨੁਸਾਰ ਕੁਝ ਸਮਾਂ ਇਕੱਠੇ ਰਹਿ ਕੇ ਫਿਰ ਅੱਲਗ ਹੋ ਜਾਂਦੇ ਹਨ|
ਅਮਰੀਕਾ ਅਤੇ ਹੋਰ ਦੇਸ਼ਾਂ ਨੇ ਭਾਵੇਂ ਵੀਜਾ ਨਿਯਮ ਬਹੁਤ ਸਖਤ ਕਰ ਦਿਤੇ ਹਨ ਪਰ ਫਿਰ ਵੀ ਭਾਰਤ ਅਤੇ ਹੋਰ ਦੇਸ਼ਾਂ ਵਿਚੋਂ ਅਮਰੀਕਾ ਵਰਗੇ ਦੇਸ਼ਾਂ ਲਈ ਪਰਵਾਸ ਬਹੁਤ ਵੱਡੇ ਪੱਧਰ ਉਪਰ ਹੋ ਰਿਹਾ ਹੈ|

Leave a Reply

Your email address will not be published. Required fields are marked *