ਵਿਦੇਸ਼ੀ ਲਾੜਿਆਂ ਵੱਲੋਂ ਧੋਖਾਧੜੀ ਕਰਨ ਦੇ ਮਾਮਲਿਆਂ ਵਿੱਚ ਸਭ ਤੋਂ ਵੱਧ ਪੀੜਿਤ ਹਨ ਪੰਜਾਬੀ ਕੁੜੀਆਂ : ਸਵਾਤੀ ਮਾਲੀਵਾਲ

ਵਿਦੇਸ਼ੀ ਲਾੜਿਆਂ ਵੱਲੋਂ ਧੋਖਾਧੜੀ ਕਰਨ ਦੇ ਮਾਮਲਿਆਂ ਵਿੱਚ ਸਭ ਤੋਂ ਵੱਧ ਪੀੜਿਤ ਹਨ ਪੰਜਾਬੀ ਕੁੜੀਆਂ : ਸਵਾਤੀ ਮਾਲੀਵਾਲ
ਸੂਬੇ ਦੇ ਐਨ ਆਰ ਆਈ ਕਮਿਸ਼ਨ ਅਤੇ ਮਹਿਲਾ ਕਮਿਸ਼ਨ ਨੂੰ ਵੱਧ ਅਧਿਕਾਰ ਅਤੇ ਫੰਡ ਦੇਣ ਦੀ ਵਕਾਲਤ ਕੀਤੀ
ਐਸ ਏ ਐਸ ਨਗਰ, 22 ਜੁਲਾਈ (ਸ.ਬ.) ਵਿਦੇਸ਼ ਵਸਦੇ ਭਾਰਤੀ ਲਾੜਿਆਂ ਵੱਲੋਂ ਭਾਰਤੀ ਕੁੜੀਆਂ ਨਾਲ ਧੋਖੇ ਨਾਲ ਵਿਆਹ ਕਰਵਾਉਣ ਅਤੇ ਬਾਅਦ ਵਿੱਚ ਕੁੜੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਸਭ ਤੋਂ ਵੱਧ ਮਾਮਲੇ ਪੰਜਾਬ ਦੀਆਂ ਕੁੜੀਆਂ ਨਾਲ ਹੀ ਵਾਪਰਦੇ ਹਨ ਅਤੇ ਇਹਨਾਂ ਤੇ ਰੋਕ ਲਗਾਉਣ ਲਈ ਜਿੱਥੇ ਪੰਜਾਬ ਦੇ ਐਨ ਆਰ ਆਈ ਕਮਿਸ਼ਨ ਅਤੇ ਪੰਜਾਬ ਮਹਿਲਾ ਆਯੋਗ ਨੂੰ ਕੁੜੀਆਂ ਨਾਲ ਧੋਖਾ ਕਰਨ ਵਾਲੇ ਅਜਿਹੇ ਵਿਅਕਤੀਆਂ ਦੇ ਖਿਲਾਫ ਕਾਰਵਾਈ ਦਾ ਅਧਿਕਾਰ ਮਿਲਣਾ ਚਾਹੀਦਾ ਹੈ, ਉੱਥੇ ਆਮ ਲੋਕਾਂ ਨੂੰ ਇਸ ਸਾਰੇ  ਕੁੱਝ ਤੋਂ ਬਚਾਉਣ ਲਈ ਵੱਡੀ ਪੱਧਰ ਤੇ ਜਾਗਰੂਕ ਕੀਤਾ ਜਾਣਾ ਜਰੂਰੀ ਹੈ| ਇਹ ਗੱਲ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਸਵਾਤੀ ਮਾਲੀਵਾਲ ਨੇ ਅੱਜ ਇੱਥੇ ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖੀ| ਉਹ ਕੇਂਦਰ ਸਰਕਾਰ ਦੇ  ਵਿਦੇਸ਼ ਵਿਭਾਗ ਵਲੋਂ ਬਣਾਈ ਗਈ ਹਾਈ ਲੈਵਲ ਕਮੇਟੀ ਆਨ ਐਨ ਆਰ ਆਈ ਮੈਰਿਜ ਡਿਸਪਿਊਟ ਦਾ ਮੈਂਬਰ ਨਿਯੁਕਤ ਹੋਣ ਤੋਂ ਬਾਅਦ ਇੱਥੇ ਐਨ ਆਰ ਆਈ ਕਮਿਸ਼ਨ ਪੰਜਾਬ  ਅਤੇ ਪੰਜਾਬ ਮਹਿਲਾ ਕਮਿਸ਼ਨ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ|
ਸ੍ਰੀਮਤੀ ਮਾਲੀਵਾਲ ਨੇ ਕਿਹਾ ਕਿ ਉਹਨਾਂ ਨੂੰ ਇਹ ਵੇਖ ਕੇ ਬਹੁਤ ਹੈਰਾਨੀ ਹੋਈ ਕਿ ਸਰਕਾਰ ਵੱਲੋਂ ਐਨ ਆਰ ਆਈ ਕਮਿਸ਼ਨ ਲਈ ਸਿਰਫ 8 ਲੱਖ ਰੁਪਏ ਅਤੇ ਮਹਿਲਾ ਕਮਿਸ਼ਨ ਲਈ ਸਿਰਫ 20 ਲੱਖ ਰੁਪਏ (ਸਾਲਾਨਾ) ਦਾ ਬਜਟ ਰੱਖਿਆ ਗਿਆ ਹੈ| ਜਿਸ ਨਾਲ ਇਹਨਾਂ ਦੇ ਆਪਣੇ ਜਰੂਰੀ ਖਰਚੇ ਵੀ ਮੁਸ਼ਕਿਲ ਨਾਲ ਪੂਰੇ ਹੁੰਦੇ ਹਨ| ਇਹਨਾਂ ਦੋਵਾਂ ਸੰਸਥਾਵਾਂ ਕੋਲ ਬਹੁਤ ਹੀ ਸੀਮਿਤ ਅਧਿਕਾਰ ਹਨ ਜਿਸ ਕਾਰਨ ਵੀ ਇਹਨਾਂ ਦੀ ਕਾਰਗੁਜਾਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ|
ਉਹਨਾਂ ਕਿਹਾ ਕਿ ਇਹ ਦੋਵੇਂ ਸੰਸਥਾਵਾਂ  ਵਿਦੇਸ਼ੀ ਲਾੜਿਆਂ ਵੱਲੋਂ ਪੰਜਾਬੀ ਕੁੜੀਆਂ ਨਾਲ ਕੀਤੀਆਂ ਜਾਂਦੀਆ ਧੋਖੇਬਾਜੀਆਂ ਅਤੇ ਜਿਆਦਤੀਆਂ ਤੇ ਕਾਬੂ ਕਰਨ ਵਿੱਚ ਬਹੁਤ  ਅਹਿਮ ਰੋਲ ਅਦਾ ਕਰ ਸਕਦੀਆਂ ਹਨ ਬਸ਼ਰਤੇ ਜਿੱਥੇ ਇਹਨਾਂ ਨੂੰ ਵਿਸ਼ੇਸ਼ ਅਧਿਕਾਰ  ਦਿੱਤੇ ਜਾਣ ਅਤੇ ਅਜਿਹੀਆਂ ਧੋਖਾਧੜੀਆਂ ਤੋਂ ਬਚਾਉਣ ਲਈ ਲੋਕਾਂ ਨੂੰ ਵੱਡੇ ਪੱਧਰ ਤੇ ਜਾਗਰੂਕ ਕਰਨ ਲਈ ਇਹਨਾਂ ਕੋਲ ਲੋੜੀਂਦੇ ਫੰਡ ਹੋਣ| ਉਹਨਾਂ ਕਿਹਾ ਕਿ ਦਿੱਲੀ ਮਹਿਲਾ ਕਮਿਸ਼ਨ ਦਾ ਸਾਲਾਨਾ ਬਜਟ 20 ਕਰੋੜ ਰੁਪਏ ਦਾ ਹੈ ਜਦੋਂਕਿ ਪੰਜਾਬ ਵਿੱਚ ਇਹ ਉਸਦਾ ਸਿਰਫ ਇੱਕ ਫੀਸਦੀ ਹੀ ਹੈ|
ਸ੍ਰੀਮਤੀ ਮਾਲੀਵਾਲ ਨੇ ਕਿਹਾ ਕਿ ਐਨ ਆਰ ਆਈ ਲਾੜਿਆਂ ਵੱਲੋਂ ਕੀਤੀਆਂ ਜਾਂਦੀਆਂ ਧੋਖੇਬਾਜੀਆਂ ਕਾਰਨ ਜਿੱਥੇ ਪੰਜਾਬੀ ਕੁੜੀਆਂ ਨੂੰ ਮਾਨਸਿਕ, ਸਮਾਜਿਕ, ਆਰਥਿਕ               ਪ੍ਰੇਸ਼ਾਨੀਆਂ ਸਹਿਣੀਆਂ ਪੈਂਦੀਆਂ ਹਨ ਉੱਥੇ ਇਹਨਾਂ ਕੁੜੀਆਂ ਦੇ ਪਰਿਵਾਰ ਵੀ ਇਹ ਸਾਰਾ ਕੁੱਝ ਬਰਦਾਸ਼ਤ ਕਰਦੇ ਹਨ| ਉਹਨਾਂ ਕਿਹਾ ਕਿ ਇਸ ਸਾਰੇ ਕੁੱਝ ਨੂੰ ਨੇੜਿਉਂ ਸਮਝਣ ਲਈ ਹੀ ਉਹ ਖੁਦ ਪੰਜਾਬ ਦੇ ਦੌਰੇ ਤੇ ਆਏ ਹਨ ਅਤੇ  ਉਹਨਾਂ ਨੇ ਐਨ ਆਰ ਆਈ ਕਮਿਸ਼ਨ ਅਤੇ ਪੰਜਾਬ ਮਹਿਲਾ ਕਮਿਸ਼ਨ ਤੋਂ ਵਿਦੇਸ਼ੀ ਲਾੜਿਆਂ ਦੇ ਪੀੜਤਾਂ ਬਾਰੇ ਵਿਸਤਾਰਿਤ ਜਾਣਕਾਰੀ ਮੰਗੀ ਹੈ ਅਤੇ ਉਹ ਖੁਦ ਇਹਨਾਂ ਪੀੜਤਾਂ ਨਾਲ ਮੁਲਾਕਾਤ ਕਰਕੇ ਇਸ ਸਮੱਸਿਆ ਨੂੰ ਚੰਗੀ ਤਰ੍ਹਾਂ ਸਮਝਣਗੇ ਤਾਂ ਜੋ ਇਸ ਸਬੰਧੀ ਬਣੀ ਹਾਈ ਲੈਵਲ ਕਮੇਟੀ ਨੂੰ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਸਿਫਾਰਸ਼ਾਂ ਦੇ ਸਕਣ|
ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਜੋਂ ਪਿਛਲੇ ਸਾਲ ਦੀ ਕਾਰਜਗੁਜਾਰੀ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਦੱਸਿਆ ਕਿ ਦਿੱਲੀ ਮਹਿਲਾ ਕਮਿਸ਼ਨ ਵੱਲੋਂ ਔਰਤਾਂ ਪ੍ਰਤੀ ਹੁੰਦੇ ਅਪਰਾਧਾਂ ਤੇ ਰੋਕ ਲਗਾਉਣ ਦੀ ਮੁਹਿੰਮ ਤਹਿਤ ਕੀਤੀਆਂ ਗਈਆਂ ਕੋਸ਼ਿਸ਼ਾਂ ਸਦਕਾ ਲੋਕਾਂ ਦਾ ਕਮਿਸ਼ਨ ਤੇ ਭਰੋਸਾ ਕਾਇਮ ਹੋਇਆ ਹੈ ਅਤੇ ਲੋਕ ਆਪਣੀਆਂ ਸ਼ਿਕਾਇਤਾਂ ਲੈ ਕੇ ਕਮਿਸ਼ਨ ਤੱਕ ਪਹੁੰਚ ਕਰ ਰਹੇ ਹਨ| ਉਹਨਾਂ ਦੱਸਿਆ ਕਿ ਪਿਛਲੇ ਸਾਲ ਦੌਰਾਨ ਕਮਿਸ਼ਨ ਵਿੱਚ 12000 ਅਜਿਹੀਆਂ ਸ਼ਿਕਾਇਤਾਂ ਦਰਜ ਹੋਈਆਂ ਹਨ ਅਤੇ ਕਮਿਸ਼ਨ ਦੀ ਹੈਲਪ ਲਾਈਨ ਤੇ ਮਦਦ ਲੈਣ ਲਈ 3 ਲੱਖ 15 ਹਜਾਰ ਲੋਕਾਂ ਵੱਲੋਂ ਫੋਨ ਕੀਤੇ ਗਏ ਹਨ| ਉਹਨਾਂ ਦੱਸਿਆ ਕਿ ਕਮਿਸ਼ਨ ਵੱਲੋਂ ਪਿਛਲੇ ਸਾਲ ਦੌਰਾਨ ਸੈਕਸ ਸੋਸ਼ਣ ਦੇ 5500 ਮਾਮਲਿਆਂ ਵਿੱਚ ਪੀੜਤਾਂ ਨੂੰ ਅਦਾਲਤੀ ਕੇਸਾਂ ਵਿੱਚ ਮਦਦ ਦਿੱਤੀ ਹੈ ਅਤੇ 1869 ਕੌਂਸਲਿੰਗ ਸੈਸ਼ਨ ਚਲਾਏ ਹਨ| ਇਸ ਤੋਂ ਇਲਾਵਾ ਲੋਕਾਂ ਦੀਆਂ ਸ਼ਿਕਾਇਤਾਂ ਲੈਣ ਲਈ 7500 ਵਾਰ ਪੀੜਤਾਂ ਤੱਕ ਸਿੱਧੀ ਪਹੁੰਚ ਕੀਤੀ ਗਈ ਹੈ| ਉਹਨਾਂ ਕਿਹਾ ਕਿ ਉਹ ਕਿਸੇ ਤੇ ਇਲਜਾਮ ਨਹੀਂ ਲਗਾਉਣਾ ਚਾਹੁੰਦੇ ਪਰ ਇਹ ਹਕੀਕਤ ਹੈ ਕਿ ਉਹਨਾਂ ਦੇ ਚਾਰਜ ਲੈਣ ਤੋਂ ਪਹਿਲਾਂ ਦਿੱਲੀ ਮਹਿਲਾ ਕਮਿਸ਼ਨ ਦੀ ਕਾਰਗੁਜਾਰੀ ਬਹੁਤ ਮਾੜੀ ਰਹੀ ਹੈ ਅਤੇ ਅੱਠ ਸਾਲਾਨਾਂ ਦੌਰਾਨ ਸਿਰਫ ਇੱਕ ਸ਼ਿਕਾਇਤ ਤੇ ਕਾਰਵਾਈ ਕੀਤੀ ਗਈ ਹੈ|
ਇਹ ਪੁੱਛਣ ਤੇ ਕਿ ਇੰਨੀ ਵੱਡੀ ਗਿਣਤੀ ਵਿੱਚ ਪੀੜਤਾਂ ਦੇ ਸ਼ਿਕਾਇਤ ਲਈ ਆਉਣ ਤੋਂ ਬਾਅਦ ਵੀ ਮਹਿਲਾਵਾਂ ਦੀ ਹਾਲਤ ਵਿੱਚ ਕੋਈ  ਫਰਕ ਆਇਆ ਹੈ| ਉਹਨਾਂ ਕਿਹਾ ਕਿ ਹਾਲਾਤ ਪਹਿਲਾਂ ਨਾਲੋਂ ਵੀ ਬਦਤਰ ਹੋ ਰਹੇ ਹਨ| ਉਹਨਾਂ ਕਿਹਾ ਕਿ ਜਦੋਂ ਤੱਕ ਮਹਿਲਾਵਾਂ ਵਿਰੁੱਧ ਅਪਰਾਧਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਸਮੇਂ ਤੇ ਬਣਦੀ ਸਜਾ ਨਹੀਂ ਮਿਲੇਗੀ, ਮਹਿਲਵਾਂ ਦੀ ਹਾਲਤ ਵਿੱਚ ਸੁਧਾਰ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ| ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਹਾਲਾਤ ਇਹ ਹਨ ਕਿ ਦਿਲੀ ਪੁਲੀਸ ਵੱਲੋਂ ਸਾਲ 2012 ਤੋਂ 2014 ਤੱਕ ਔਰਤਾਂ ਵਿਰੁੱਧ ਅਪਰਾਧਾਂ ਦੇ 31446 ਮਾਮਲੇ ਦਰਜ ਕੀਤੇ ਗਏ ਸਨ| ਜਿਹਨਾਂ ਵਿੱਚੋਂ ਸਿਰਫ 146 ਦੋਸ਼ੀਆਂ ਨੂੰ ਹੀ ਸਜਾ ਮਿਲੀ ਹੈ ਅਤੇ ਜਦੋਂ ਤੱਕ ਲੋਕਾਂ ਵਿੱਚ ਅਪਰਾਧਾਂ ਤੋਂ ਬਾਅਦ ਸਖਤ ਸਜਾ ਦਾ ਡਰ ਨਹੀਂ ਹੋਵੇਗਾ| ਮਹਿਲਾਵਾਂ ਵਿਰੁੱਧ ਅਪਰਾਧਾਂ ਵਿੱਚ ਕਮੀ ਆਉਣ ਦੀ ਕੋਈ ਸੰਭਾਵਨਾਵਾਂ ਨਹੀਂ ਹੈ|
ਵਿਦੇਸ਼ ਵਧਦੀਆਂ ਐਨ ਆਰ ਆਈ ਕੁੜੀਆਂ ਵੱਲੋਂ ਪੰਜਾਬੀ ਨੌਜਵਾਨਾਂ ਨਾਲ ਕੀਤੇ ਜਾਂਦੇ ਧੋਖੇਬਾਜੀ ਦੇ ਮਾਮਲਿਆਂ ਬਾਰੇ ਉਹਨਾਂ ਕਿਹਾ ਕਿ ਅਜਿਹੇ ਮਾਮਲੇ ਉਹਨਾਂ ਦੀ ਜਾਣਕਾਰੀ ਵਿੱਚ ਆਏ ਹਨ ਜਿਹਨਾਂ ਵਿੱਚ ਕੁੜੀਆਂ ਵੱਲੋਂ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦਿਤਾ ਜਾਂਦਾ ਹੈ ਅਤੇ ਉਹਨਾਂ ਕੁੜੀਆਂ ਨੂੰ ਵਿਦੇਸ਼ੀ ਲਾੜਿਆਂ ਵਾਂਗ ਸਖਤ ਸਜਾ ਮਿਲਣੀ ਚਾਹੀਦੀ ਹੈ|

Leave a Reply

Your email address will not be published. Required fields are marked *