ਵਿਦੇਸ਼ ਭੇਜਣ ਦਾ ਲਾਲਚ ਦੇ ਕੇ ਲੋਕਾਂ ਨੂੰ ਠੱਗਦੇ ਟ੍ਰੈਵਲ ਏਜੰਟਾਂ ਵਿਰੁੱਧ ਸਖਤ ਕਾਰਵਾਈ ਕਰੇ ਪ੍ਰਸ਼ਾਸ਼ਨ

ਸਾਡੇ ਨੌਜਵਾਨਾਂ ਵਿੱਚ ਵਿਦੇਸ਼ ਜਾ ਕੇ ਵਸਣ ਦੀ ਚਾਹਤ ਬਹੁਤ ਪੁਰਾਣੀ ਹੈ ਅਤੇ ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖਣ ਵਾਲੇ ਜਿਆਦਾਤਰ ਨੌਜਵਾਨਾਂ ਦਾ ਇਹੀ ਸੁਫਨਾ ਹੁੰਦਾ ਹੈ ਕਿ ਉਹ ਕਿਸੇ ਤਰ੍ਹਾਂ ਵਿਦੇਸ਼ ਵਿੱਚ ਜਾ ਕੇ ਵਸਣ ਦੇ ਸਮਰਥ ਹੋ ਜਾਣ| ਆਪਣੀ ਇਸ ਚਾਹਤ ਨੂੰ ਪੂਰਾ ਕਰਨ ਲਈ ਜਿੱਥੇ ਉਹ ਹਰ ਜਾਇਜ ਨਾਜਿJਜ ਤਰੀਕਾ ਅਖਤਿਆਰ ਕਰਨ ਲਈ ਤਿਆਰ ਰਹਿੰਦੇ ਹਨ ਉੱਥੇ ਇਸਦੀ ਕੋਈ ਵੀ ਕੀਮਤ ਦੇਣ ਤੋਂ ਪਿੱਛੇ ਨਹੀਂ ਹਟਦੇ ਅਤੇ ਇਹੀ ਕਾਰਨ ਹੈ ਕਿ ਪੂਰੇ ਦੇਸ਼ ਦੇ ਮੁਕਾਬਲੇ ਪੰਜਾਬ ਵਿੱਚ ਟ੍ਰੈਵਲ ਏਜੰਟਾਂ ਦਾ ਧੰਧਾ ਸਭ ਤੋਂ ਵੱਧ ਚਲਦਾ ਹੈ|
ਸੂਬੇ ਦੇ ਹਰੇਕ ਸ਼ਹਿਰ-ਕਸਬੇ ਵਿੱਚ ਅਜਿਹੇ ਟ੍ਰੈਵਲ ਏਜੰਟਾਂ ਦੇ ਦਫਤਰ ਆਮ ਨਜਰ ਆ ਜਾਂਦੇ ਹਨ ਅਤੇ ਸਾਡੇ ਸ਼ਹਿਰ ਵਿੱਚ ਵੀ ਅਜਿਹੀਆਂ ਕਈ ਕੰਪਨੀਆਂ ਵਲੋਂ ਵਿਦੇਸ਼ ਵਿੱਚ ਜਾ ਕੇ ਵਸਣ ਦੇ ਚਾਹਵਾਨ ਲੋਕਾਂ ਨੂੰ ਇਮੀਗ੍ਰੇਸ਼ਨ ਅਤੇ ਵਰਕ ਪਰਮਿਟ ਦਿਵਾਉਣ (ਟ੍ਰੈਵਲ ਏਜੰਟੀ) ਦਾ ਕੰਮ ਕੀਤਾ ਜਾਂਦਾ ਹੈ|  ਸ਼ਹਿਰ ਦੇ ਲਗਭਗ ਸਾਰੇ ਹੀ ਫੇਜ਼ਾਂ ਵਿਚਲੀਆਂ ਮਾਰਕੀਟਾਂ ਵਿੱਚ ਅਜਿਹੀਆਂ ਕੰਪਨੀਆਂ ਦੇ ਦਫਤਰ ਮੌਜੂਦ ਹਨ ਜਿਹਨਾਂ ਵਲੋਂ ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਨੂੰ ਵਿਦੇਸ਼ਾਂ ਵਿੱਚ ਨੌਕਰੀ, ਪੜ੍ਹਾਈ ਲਈ ਦਾਖਲੇ ਜਾਂ ਇਮੀਗ੍ਰੇਸ਼ਨ ਦੀ ਸੁਵਿਧਾ ਮੁਹਈਆ ਕਰਵਾਉਣ ਦੇ ਦਾਅਵੇ ਕੀਤੇ ਜਾਂਦੇ ਹਨ ਅਤੇ ਇਹ ਕੰਪਨੀਆਂ ਪੂਰੇ ਧੜ੍ਹਲੇ ਨਾਲ ਆਪਣਾ ਕੰਮ ਕਰ ਰਹੀਆਂ ਹਨ|
ਅਜਿਹੀ ਕਿਸੇ ਵੀ ਕੰਪਨੀ ਜਾਂ ਵਿਅਕਤੀ ਜਿਸ ਵਲੋਂ ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਨੂੰ ਉੱਥੇ ਭੇਜਣ ਦੀ ਕਾਰਵਾਈ ਨਾਲ ਜੁੜਿਆ ਅਜਿਹਾ ਕੋਈ ਵੀ ਕੰਮ ਕਰਨ ਵਲਿਆਂ (ਜਿਹਨਾਂ ਵਿੱਚ ਟ੍ਰੈਵਲ ਏਜੰਟ, ਇਮੀਗ੍ਰੇਸ਼ਨ ਸਲਾਹਕਾਰ, ਵਿਦੇਸ਼ਾਂ ਵਿੱਚ ਦਾਖਲੇ ਲਈ ਆਈਲੈਟਸ ਦੀ ਕੋਚਿੰਗ ਕਰਵਾਉਣ ਵਾਲੇ ਅਦਾਰੇ ਅਤੇ ਇੱਥੋਂ ਤਕ ਕਿ ਟਿਕਟਿੰਗ ਏਜੰਸੀਆਂ) ਲਈ ਇਹ ਜਰੂਰੀ ਹੈ ਕਿ ਉਹ ਅਜਿਹਾ ਕੋਈ ਵੀ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ ਅਧੀਨ ਆਪਣੀ ਰਜਿਸਟਨ੍ਰੇਸ਼ਨ ਕਰਵਾਉਣ ਅਤੇ ਇਸ ਐਕਟ ਦੀਆਂ ਹੱਦਾਂ ਵਿੱਚ ਰਹਿ ਕੇ ਹੀ ਆਪਣਾ ਕਾਰੋਬਾਰ ਕਰਨ| ਇਸ ਸੰਬੰਧੀ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਨ ਵਾਲੀਆਂ ਅਜਿਹੀਆਂ ਤਮਾਮ ਕੰਪਨੀਆਂ ਵਲੋਂ ਇਸ ਸੰਬੰਧੀ ਬਾਕਾਇਦਾ ਆਪਣੀ ਰਜਿਸਟ੍ਰੇਸ਼ਨ ਵੀ ਕਰਵਾਈ ਜਾਂਦੀ ਹੈ ਪਰੰਤੂ ਇਸਦੇ ਬਾਵਜੂਦ ਅਜਿਹੀਆਂ ਕੰਪਨੀਆਂ ਵਲੋਂ ਆਮ ਲੋਕਾਂ ਨਾਲ ਠੱਗੀ ਮਾਰਨ ਦੇ ਮਾਮਲੇ ਸਾਮ੍ਹਣੇ ਆਉਂਦੇ ਹੀ ਰਹਿੰਦੇ ਹਨ|
ਇਹ ਤਮਾਮ ਕੰਪਨੀਆਂ ਖਬਾਰਾਂ ਵਿੱਚ ਬਾਕਾਇਦਾ ਇਸ਼ਤਿਹਾਰਬਾਜੀ ਕਰਕੇ ਆਮ ਲੋਕਾਂ ਨੂੰ ਵਿਦੇਸ਼ ਵਿੱਚ ਜਾ ਕੇ ਕੰਮ ਕਰਨ ਦੇ ਭਰੋਸੇ ਦਿੰਦੀਆਂ ਹਨ ਅਤੇ ਇਹਨਾਂ ਕੰਪਨੀਆਂ ਦੇ ਦੂਰ ਦੁਰਾਡੇ ਖੇਤਰਾਂ ਵਿੱਚ ਬੈਠੇ ਏਜੰਟ ਲੋਕਾਂ ਨੂੰ ਫੁਸਲਾ ਕੇ ਇਹਨਾਂ ਕੰਪਨੀਆਂ ਤਕ ਪਹੁੰਚਾ ਦਿੰਦੇ ਹਨ| ਆਮ ਲੋਕਾਂ ਨਾਲ ਠੱਗੀ ਦੀ ਇਸ ਕਾਰਵਾਈ ਬਾਰੇ ਪੀੜਿਤਾਂ ਦੀ ਸ਼ਿਕਾਇਤ ਤੇ ਪੁਲੀਸ ਵਲੋਂ ਅਜਿਹੀਆਂ ਕੰਪਨੀਆਂ ਦੇ ਖਿਲਾਫ ਮਾਮਲੇ ਵੀ ਦਰਜ ਕੀਤੇ ਜਾਂਦੇ ਹਨ ਪਰੰਤੂ ਇਸਦੇ ਬਾਵਜੂਦ ਠੱਗੀ ਦੀ ਇਸ ਕਾਰਵਾਈ ਤੇ ਰੋਕ ਲੱਗਦੀ ਨਹੀਂ ਦਿਖ ਰਹੀ ਹੈ| ਹਾਲਾਂਕਿ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਇਹ ਕੰਮ ਕਰਨ ਵਾਲੀਆਂ ਸਾਰੀਆਂ ਹੀ ਕੰਪਨੀਆਂ ਹੀ ਧੋਖੇਬਾਜ ਹਨ ਅਤੇ ਬਾਜਾਰ ਵਿੱਚ ਅਜਿਹੀਆਂ ਕੰਪਨੀਆਂ ਵੀ ਹਨ ਜਿਹੜੀਆਂ ਪੂਰੀ ਤਰ੍ਹਾਂ ਨਿਯਮ ਕਾਇਦੇ ਅਧੀਨ ਕੰਮ ਕਰਦੀਆਂ ਹਨ| ਪਰੰਤੂ ਇਸ ਗੱਲ ਨੂੰ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਕਿ ਅਜਿਹੀਆਂ ਜਿਆਦਾਤਰ ਕੰਪਨੀਆਂ ਅਕਸਰ ਕਿਸੇ ਨਾ ਕਿਸੇ ਵਿਵਾਦ ਵਿੱਚ ਫਸੀਆਂ ਨਜਰ ਆਉਂਦੀਆਂ ਹਨ|
ਪ੍ਰਸ਼ਾਸ਼ਨ ਵਲੋਂ ਇੱਥੇ ਕੰਮ ਕਰਨ ਵਾਲੀਆਂ ਕੰਪਨੀਆਂ ਦੀ ਰਜਿਸਟ੍ਰੇਸ਼ਨ ਦਾ ਕੰਮ ਤਾਂ ਕੀਤਾ ਜਾਂਦਾ ਹੈ ਪਰੰਤੂ ਇਸਦੇ ਨਾਲ ਨਾਲ ਇਹ ਵੀ ਜਰੂਰੀ ਹੈ ਕਿ ਉਹ ਵਲੋਂ ਇਹਨਾਂ ਕੰਪਨੀਆਂ ਦੇ ਕੰਮ ਕਾਜ ਤੇ ਨਿਗਰਾਨੀ ਰੱਖੀ ਜਾਵੇ ਅਤੇ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਇਹਨਾਂ ਕੰਪਨੀਆਂ ਤੋਂ ਉਹਨਾਂ ਦੇ ਕੰਮ ਕਾਜ ਦੀ ਰਿਪੋਰਟ ਹਾਸਿਲ ਕੀਤੀ ਜਾਵੇ| ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਉਹ ਖੁਦ ਇਸ ਪਾਸੇ ਧਿਆਨ ਦੇਣ ਅਤੇ ਸ਼ਹਿਰ ਵਿੱਚ ਕੰਮ ਕਰਦੀਆਂ ਅਜਿਹੀਆਂ ਤਮਾਮ ਕੰਪਨੀਆਂ ਦੇ ਕੰਮ ਕਾਜ ਤੇ ਨਿਗਰਾਨੀ ਦਾ ਤੰਤਰ ਵਿਕਸਿਤ ਕਰਕੇ ਇਹਨਾਂ ਕੰਪਨੀਆਂ ਵਲੋਂ ਇਸ ਤਰੀਕੇ ਨਾਲ ਆਮ ਲੋਕਾਂ ਨਾਲ ਠੱਗੀ ਦੀ ਇਸ ਕਾਰਵਾਈ ਤੇ ਰੋਕ ਲਗਾਉਣ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਉਣ| ਤਾਂ ਜੋ ਆਮ ਲੋਕਾਂ ਨੂੰ ਇਹਨਾਂ ਕੰਪਨੀਆਂ ਦੀ ਲੁੱਟ ਤੋਂ ਬਚਾਇਆ ਜਾ ਸਕੇ|

Leave a Reply

Your email address will not be published. Required fields are marked *