ਵਿਧਾਇਕ ਐਨ ਕੇ ਸ਼ਰਮਾ ਨੇ ਅਕਾਲੀ ਭਾਜਪਾ ਕੌਂਸਲਰਾਂ ਨਾਲ ਐਸ ਐਸ ਪੀ ਨੂੰ ਮੰਗ ਪੱਤਰ ਦਿਤਾ

ਐਸ ਏ ਐਸ ਨਗਰ,14 ਅਪ੍ਰੈਲ (ਸ.ਬ.) ਅੱਜ ਵਿਧਾਇਕ ਐਨ ਕੇ ਸ਼ਰਮਾ ਨੇ ਡੇਰਾਬੱਸੀ,ਲਾਲੜੂ ਅਤੇ ਜੀਰਕਪੁਰ ਦੇ ਅਕਾਲੀ ਭਾਜਪਾ ਮਿਉਂਸਪਲ ਕੌਂਸਲਰਾਂ ਨੂੰ ਨਾਲ ਲੈ ਕੇ ਐਸ ਐਸ ਪੀ  ਕੁਲਦੀਪ ਸਿੰਘ ਚਾਹਲ ਨਾਲ ਮੁਲਾਕਾਤ ਕੀਤੀ ਅਤੇ ਇਕ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਕਾਂਗਰਸ ਵਲੋਂ ਬਦਲੇ ਦੀ ਭਾਵਨਾ ਨਾਲ ਅਕਾਲੀ ਭਾਜਪਾ  ਆਗੂਆਂ ਖਿਲਾਫ ਦਰਜ ਕਰਵਾਏ ਜਾ ਰਹੇ ਪਰਚਿਆਂ ਨੂੰ ਰੋਕਿਆ ਜਾਵੇ|  ਇਸ ਮੌਕੇ ਸ੍ਰੀ ਐਨ ਕੇ ਸ਼ਰਮਾ ਨੇ ਕਿਹਾ ਕਿ   ਡੇਰਾਬਸੀ,ਲਾਲੜੂ ਅਤੇ ਜੀਰਕਪੁਰ ਵਿਚ ਅਕਾਲੀ ਭਾਜਪਾ ਆਗੂਆਂ ਉਪਰ ਨਜਾਇਜ ਪਰਚੇ ਦਾਖਲ ਹੋ ਰਹੇ ਹਨ, ਪੁਲੀਸ ਕਾਂਗਰਸੀ ਆਗੂਆਂ ਦੇ ਦਬਾਓ ਹੇਠ ਕੰਮ ਕਰ ਰਹੀ ਹੈ| ਉਹਨਾਂ ਦੇ ਸਮਰਥਕਾਂ ਉਪਰ ਚੁਣ ਚੁਣ ਕੇ ਮਾਮਲੇ ਦਰਜ ਕੀਤੇ ਜਾ ਰਹੇ ਹਨ|  ਉਹਨਾਂ ਕਿਹਾ ਕਿ ਲਾਲੜੁ ਦੇ ਐਮ ਸੀ  ਪਵਨ ਕੁਮਾਰ ਉਪਰ 107/51ਦਾ ਕੇਸ ਦਰਜ ਕਰ ਦਿੱਤਾ ਗਿਆ ਹੈ| ਇਸੇ ਤਰਾਂ ਹੀ ਦਿਆਲ ਸਿੰਘ ਐਮ ਸੀ ਜੀਰਕਪੁਰ ਉਪਰ ਵੀ ਮਾਮਲਾ ਦਰਜ ਕੀਤਾ ਜਾ ਚੁਕਿਆ ਹੈ| ਉਹਨਾਂ ਕਿਹਾ ਕਿ  ਐਮ ਸੀ ਪਰਮਿੰਦਰ ਨੂੰ ਤਾਂ ਹਰ ਤੀਜੇ ਦਿਨ ਹੀ ਪੁਲੀਸ ਥਾਣੇ ਬੁਲਾ ਲੈਂਦੀ ਹੈ|  ਉਹਨਾਂ ਕਿਹਾ ਕਿ ਇਕ ਉਦਯੋਗਪਤੀ ਦਾ ਇਕ ਫੈਕਟਰੀ ਵਿਚੋਂ ਦੂਜੀ ਫੈਕਟਰੀ ਜਾ ਰਿਹਾ ਟੈਂਕਰ ਪੁਲੀਸ ਨੇ ਕਾਬੂ ਕਰ ਲਿਆ ਅਤੇ ਇਸ ਸਬੰਧੀ ਮਾਮਲਾ ਦਰਜ ਕਰਕੇ ਅਕਾਲੀ ਕੌਂਸਲਰ ਲੱਕੀ ਦਾ ਨਾਮ ਵੀ ਸ਼ਾਮਲ ਕਰ ਲਿਆ ਗਿਆ ਹੈ|
ਉਹਨਾਂ ਕਿਹਾ ਕਿ ਕਾਂਗਰਸ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ|  ਡੇਰਾਬਸੀ ਹਲਕੇ ਤੋਂ ਹਾਰਿਆ ਹੋਇਆ ਕਾਂਗਰਸੀ ਉਮੀਦਵਾਰ  ਨਿੱਜੀ ਕਿੜਾਂ ਕੱਢਣ ਲਈ ਪੁਲੀਸ ਰਾਹੀਂ ਅਕਾਲੀ ਭਾਜਪਾ ਆਗੂਆਂ ਨੂੰ ਪ੍ਰੇਸਾਨ ਕਰ ਰਿਹਾ ਹੈ| ਉਹਨਾਂ ਮੰਗ ਕੀਤੀ ਕਿ ਕਾਂਗਰਸ ਦੀ ਸਹਿ ਉਪਰ ਪੁਲੀਸ ਵਲੋਂ ਅਕਾਲੀ ਭਾਜਪਾ ਆਗੂਆਂ ਨੂੰ ਤੰਗ ਕਰਨਾ ਬੰਦ ਕੀਤਾ ਜਾਵੇ| ਇਸ ਮੌਕੇ ਐਸ ਐਸ ਪੀ ਚਾਹਲ ਨੇ ਉਹਨਾਂ ਨੂੰ ਭਰੋਸਾ ਦਿਤਾ ਕਿ ਪੁਲੀਸ ਕਿਸੇ ਨੂੰ ਵੀ ਨਜਾਇਜ ਤੰਗ ਨਹੀਂ ਕਰੇਗੀ| ਇਸ ਮੌਕੇ ਐਸ ਐਸ ਪੀ ਨੇ ਸਾਰੇ ਮਾਮਲਿਆਂ ਦੀ ਇੰਨਕੁਆਰੀ ਵੀ ਮਾਰਕ ਕਰ ਦਿੱਤੀ|

Leave a Reply

Your email address will not be published. Required fields are marked *