ਵਿਧਾਇਕ ਸਿੱਧੂ ਨੇ ਸੇਵਾ ਸਦਨ ਦਾ ਨੀਂਹ ਪੱਥਰ ਰੱਖਿਆ

ਐਸ ਏ ਐਸ ਨਗਰ, 10 ਅਪ੍ਰੈਲ (ਸ.ਬ.) ਵਰਲਡ ਪੀਸ ਮਿਸ਼ਨ ਟਰੱਸਟ ਦੁਆਰਾ ਅੱਜ ਨਜ਼ਦੀਕੀ ਪਿੰਡ ਜਗਤਪੁਰਾ ਵਿਖੇ ਆਪਣਾ 26ਵਾਂ ਸਥਾਪਨਾ ਦਿਵਸ ਮਨਾਇਆ ਗਿਆ, ਜਿਸ ਦੌਰਾਨ ਹਲਕਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ| ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਦੱਸਿਆ ਕਿ ਸਮਾਗਮ ਦੌਰਾਨ ਵਿਧਾਇਕ ਸ. ਸਿੱਧੂ ਨੇ ਮਿਸ਼ਨ ਦੁਆਰਾ ਗਰੀਬ ਬੱਚਿਆਂ ਲਈ ਸਕੂਲ ਵਜੋਂ ਉਸਾਰੇ ਜਾਣ ਵਾਲੇ ਸੇਵਾ ਸਦਨ ਦਾ ਨੀਂਹ ਪੱਥਰ ਵੀ ਰੱਖਿਆ|
ਮਿਸ਼ਨ ਦੇ ਸੈਕਟਰੀ ਐੱਮ.ਐੱਨ. ਸ਼ੁਕਲਾ ਨੇ ਵਿਧਾਇਕ ਸ. ਸਿੱਧੂ ਨੂੰ ਟਰੱਸਟ ਬਾਰੇ ਜਾਣਕਾਰੀ ਦਿੱਤੀ| ਸਮਾਗਮ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਸ. ਸਿੱਧੂ ਨੇ ਕਿਹਾ ਕਿ ਮਜ਼ਦੂਰਾਂ ਦੇ ਬੱਚਿਆਂ ਨੂੰ ਮੁਫਤ ਸਿੱਖਿਆ ਮੁਹੱਈਆ ਕਰਵਾਉਣ ਬਹੁਤ ਹੀ ਪੁੰਨ ਵਾਲਾ ਕਾਰਜ ਹੈ ਕਿਉਂਕਿ ਸਿੱਖਿਆ ਹਾਸਲ ਕਰਕੇ ਇਹ ਗਰੀਬ ਬੱਚੇ ਆਪਣੇ ਜੀਵਨ ਵਿਚ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਸਕਦੇ ਹਨ| ਉਨ੍ਹਾਂ ਕਿਹਾ ਕਿ ਹੋਰਨਾਂ ਸੰਸਥਾਵਾਂ ਨੂੰ ਵੀ ਵਰਲਡ ਪੀਸ ਮਿਸ਼ਨ ਟਰੱਸਟ ਦੁਆਰਾ ਗਰੀਬ ਬੱਚਿਆਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਤੋਂ ਸੇਧ ਲੈਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ ਨਾ ਰਹਿ ਸਕੇ| ਇਸ ਮੌਕੇ ਟਰੱਸਟ ਦੇ ਫਾਊਂਡਰ ਟਰੱਸਟੀ ਸਵ. ਅਵਤਾਰ ਸਿੰਘ ਦੇ ਸਪੁੱਤਰ ਲੈਫ.ਕਰਨਲ (ਰਿਟਾ.) ਜੀ.ਐਸ ਸੇਠੀ ਨੇ ਟਰੱਸਟ ਨੂੰ ਪੰਜਾਹ ਹਜ਼ਾਰ ਰੁਪਏ ਦੀ ਮਾਲੀ ਮਦਦ ਦਿੱਤੀ ਅਤੇ ਗਰੀਬ ਬੱਚਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਤੋਹਫੇ ਦੇ ਕੇ ਸਨਮਾਨਿਤ ਵੀ ਕੀਤਾ| ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਿੰਗ ਟਰੱਸਟੀ ਲਲਿਤ ਬਹਿਲ, ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਜਨਰਲ ਸਕੱਤਰ ਰਣਜੀਤ ਸਿੰਘ ਗਿੱਲ, ਜਗਜੀਤ ਸਿੰਘ ਧਾਲੀਵਾਲ, ਰਣਜੀਤ ਸਿੰਘ ਰਾਣਾ, ਠੇਕੇਦਾਰ ਨਾਜਰ ਸਿੰਘ, ਬਲਵਿੰਦਰ ਸਿੰਘ ਨੰਬਰਦਾਰ, ਪੰਡਤ ਬਾਲਕਿਸ਼ਨ ਸਾਬਕਾ ਸਰਪੰਚ ਝਿਊਰਹੇੜੀ, ਮਨਜੀਤ ਸਿੰਘ ਸਾਬਕਾ ਸਰਪੰਚ ਤੰਗੋਰੀ, ਗੁਰਧਿਆਨ ਸਿੰਘ ਦੁਰਾਲੀ, ਚੌ. ਹਰੀਪਾਲ ਚੋਲਟਾ ਕਲਾਂ, ਗੁਰਚਰਨ ਸਿੰਘ ਭੰਵਰਾ, ਸੱਤਪਾਲ ਸਿੰਘ ਆਦਿ ਵੀ ਹਾਜ਼ਰ ਸਨ|

Leave a Reply

Your email address will not be published. Required fields are marked *